September 2, 2026

Justice News

ਅਵਾਮ ਦੀ ਆਵਾਜ਼

ਅਸਲ ਮੁੱਦਿਆਂ ‘ਤੇ ਭਾਰੀ ਪਿਆ AI Videos ਦਾ ਮਾਇਆ ਜਾਲ=(ਵਿਰੋਧੀਆਂ ਦਾ ਅਕਸ ਵਿਗਾੜਨ ਲਈ ਏਆਈ ਵੀਡੀਓਜ਼ ਬਣੀਆਂ ਸਿਆਸੀ ਪਾਰਟੀਆਂ ਦਾ ਹਥਿਆਰ)

  ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾ ਹੀ ਵਿਰੋਧੀਆਂ ਨੂੰ ਘੇਰਨ ਲਈ ਤਿੱਖੀ ਸ਼ਬਦਾਵਲੀ ਅਤੇ ਬਿਆਨਬਾਜ਼ੀ ਦਾ ਦੌਰ ਰਿਹਾ ਹੈ। ਪਰ ਅਜੋਕੇ ਡਿਜੀਟਲ ਯੁੱਗ ਵਿੱਚ, ਇਹ ਲੜਾਈ ਹੁਣ ਸਿਰਫ਼ ਸ਼ਬਦਾਂ ਜਾਂ ਰੈਲੀਆਂ ਤੱਕ ਸੀਮਤ ਨਹੀਂ ਰਹੀ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆਮਦ ਨੇ ਸਿਆਸੀ ਪਾਰਟੀਆਂ ਦੇ ਹੱਥ ਇੱਕ ਅਜਿਹਾ ਘਾਤਕ ਹਥਿਆਰ ਦੇ ਦਿੱਤਾ ਹੈ, ਜਿਸ ਦੀ ਵਰਤੋਂ ਹੁਣ ਵਿਰੋਧੀ ਆਗੂਆਂ ਦੇ ਅਕਸ ਨੂੰ ਜਨਤਾ ਦੀਆਂ ਨਜ਼ਰਾਂ ਵਿੱਚ ਵਿਗਾੜਨ ਲਈ ਬੜੀ ਬੇਰਹਿਮੀ ਨਾਲ ਕੀਤੀ ਜਾ ਰਹੀ ਹੈ। ਪੰਜਾਬ ਦਾ ਸਿਆਸੀ ਮੈਦਾਨ ਹੁਣ ਅਸਲ ਮੁੱਦਿਆਂ ਤੋਂ ਹਟ ਕੇ ਏਆਈ ਵੀਡੀਓਜ਼ ਅਤੇ ਡੀਪਫ਼ੇਕ ਦੀ ਇੱਕ ਅਜਿਹੀ ਖੇਡ ਬਣ ਗਿਆ ਹੈ, ਜਿੱਥੇ ਸੱਚਾਈ ਅਤੇ ਕਲਪਨਾ ਵਿਚਕਾਰਲਾ ਫ਼ਰਕ ਮਿਟਦਾ ਜਾ ਰਹੀ ਹੈ।
  ਪੰਜਾਬ ਦੀ ਸਿਆਸਤ ਵਿੱਚ ਏਆਈ ਦੀ ਵਰਤੋਂ ਦਾ ਸਭ ਤੋਂ ਦਿਲਚਸਪ ਅਤੇ ਚਰਚਿਤ ਕਿੱਸਾ ਡਾਇਨਾਸੌਰ ਵਾਲੇ ਬਿਆਨ ਨਾਲ ਜੁੜਿਆ ਹੋਇਆ ਹੈ। ਜਦੋਂ ਵਿਰੋਧੀਆਂ ਨੇ ਅਕਾਲੀ ਦਲ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਸ਼ਾਇਦ ਦੁਨੀਆ ਵਿੱਚ ਡਾਇਨਾਸੌਰ ਵਾਪਸ ਆ ਜਾਣ ਪਰ ਅਕਾਲੀ ਦਲ ਨਹੀਂ ਆਵੇਗਾ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਜਵਾਬ ਬਹੁਤ ਹੀ ਹਾਈ-ਟੈੱਕ ਤਰੀਕੇ ਨਾਲ ਦਿੱਤਾ। ਉਨ੍ਹਾਂ ਨੇ ਇੱਕ ਏਆਈ ਵੀਡੀਓ ਜਾਰੀ ਕੀਤੀ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਿਸ਼ਾਲ ਡਾਇਨਾਸੌਰ ‘ਤੇ ਸਵਾਰ ਹੋ ਕੇ ਸ਼ਾਨ ਨਾਲ ਵਾਪਸੀ ਕਰਦੇ ਦਿਖਾਇਆ ਗਿਆ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਬਟੋਰੀ। ਪਰ ਇਹ ਜੰਗ ਇੱਥੇ ਹੀ ਨਹੀਂ ਰੁਕੀ। ਇਸ ਦੇ ਪਲਟਵਾਰ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਹੋਰ ਐਨੀਮੇਟਿਡ ਵੀਡੀਓ ਜਾਰੀ ਕਰ ਦਿੱਤੀ। ਇਸ ਵੀਡੀਓ ਵਿੱਚ ਦਿਖਾਇਆ ਗਿਆ ਕਿ ਸੁਖਬੀਰ ਬਾਦਲ ਇੱਕ ਛੋਟੀ ਜਿਹੀ ਛਿਪਕਲੀ ਵਿੱਚ ਹਵਾ ਭਰ ਕੇ ਉਸ ਨੂੰ ਡਾਇਨਾਸੌਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਉਸ ਛਿਪਕਲੀ ਦੀ ਪੂੰਛ ਕੱਟਦੇ ਨਜ਼ਰ ਆਉਂਦੇ ਹਨ। ਅਜਿਹੀਆਂ ਵੀਡੀਓਜ਼ ਇਹ ਸਾਬਿਤ ਕਰਦੀਆਂ ਹਨ ਕਿ ਹੁਣ ਸਿਆਸੀ ਪਾਰਟੀਆਂ ਗੰਭੀਰ ਚਰਚਾ ਦੀ ਬਜਾਏ ਇੱਕ-ਦੂਜੇ ਨੂੰ ਕਾਰਟੂਨ ਬਣਾ ਕੇ ਪੇਸ਼ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀਆਂ ਹਨ।
   ਸਿਆਸੀ ਪਾਰਟੀਆਂ ਇਸ ਤਕਨੀਕ ਦੀ ਵਰਤੋਂ ਸਿਰਫ਼ ਮਜ਼ਾਕ ਉਡਾਉਣ ਲਈ ਹੀ ਨਹੀਂ, ਸਗੋਂ ਸਰਕਾਰ ਦੀਆਂ ਨਾਕਾਮੀਆਂ ਨੂੰ ਉਭਾਰਨ ਲਈ ਵੀ ਕਰ ਰਹੀਆਂ ਹਨ। ਪੰਜਾਬ ਕਾਂਗਰਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੇ ਕਈ ਅਜਿਹੇ ਗੀਤ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਪੂਰੀ ਨਾ ਹੋਣ ‘ਤੇ ਤਿੱਖੇ ਤੰਜ਼ ਕੱਸੇ ਗਏ ਹਨ। ਇਨ੍ਹਾਂ ਵੀਡੀਓਜ਼ ਵਿੱਚ ਤਕਨੀਕ ਰਾਹੀਂ ਬਣਾਈਆਂ ਗਈਆਂ ਮਹਿਲਾਵਾਂ ਨੂੰ ਸਰਕਾਰ ਨੂੰ ਸਵਾਲ ਪੁੱਛਦੇ ਅਤੇ ਵਿਅੰਗਮਈ ਗੀਤ ਗਾਉਂਦੇ ਦਿਖਾਇਆ ਜਾਂਦਾ ਹੈ। ਇਹ ਵੀਡੀਓਜ਼ ਇੰਨੀਆਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਕਿ ਇਹ ਆਮ ਲੋਕਾਂ ਦੇ ਜਜ਼ਬਾਤਾਂ ਨੂੰ ਜਲਦੀ ਭੜਕਾਉਂਦੀਆਂ ਹਨ।
  ਇਸੇ ਤਰ੍ਹਾਂ, ਸੋਸ਼ਲ ਮੀਡੀਆ ‘ਤੇ ਅਜਿਹੇ ਗੀਤ ਵੀ ਵਾਇਰਲ ਹੋਏ ਹਨ ਜਿਨ੍ਹਾਂ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਗਦਾਰ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਹਾਲਾਂਕਿ ਇਹ ਵੀਡੀਓਜ਼ ਅਸਲੀ ਨਹੀਂ ਹੁੰਦੀਆਂ, ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੇ ਅਜਿਹੇ ਗੀਤਾਂ ਦਾ ਮਕਸਦ ਸਿਰਫ਼ ਕਿਸੇ ਆਗੂ ਦੇ ਕਿਰਦਾਰ ‘ਤੇ ਹਮਲਾ ਕਰਨਾ ਅਤੇ ਵੋਟਰਾਂ ਦੇ ਮਨ ਵਿੱਚ ਉਸ ਪ੍ਰਤੀ ਨਫ਼ਰਤ ਪੈਦਾ ਕਰਨਾ ਹੁੰਦਾ ਹੈ।
   ਅੱਜਕੱਲ੍ਹ ਹਰ ਵੱਡੀ ਪਾਰਟੀ ਨੇ ਹਾਈ-ਟੈੱਕ ਵਾਰ-ਰੂਮ ਬਣਾਏ ਹੋਏ ਹਨ, ਜਿੱਥੇ ਮਾਹਿਰਾਂ ਦੀਆਂ ਫ਼ੌਜਾਂ 24 ਘੰਟੇ ਵਿਰੋਧੀਆਂ ਦੇ ਭਾਸ਼ਣਾਂ ਨੂੰ ਫ਼ਰੋਲਦੀਆਂ ਹਨ। ਉਨ੍ਹਾਂ ਦਾ ਕੰਮ ਕਿਸੇ ਆਗੂ ਦੇ ਚਿਹਰੇ ‘ਤੇ ਅਜਿਹੇ ਪ੍ਰਗਟਾਵੇ ਲਿਆਉਣਾ ਹੁੰਦਾ ਹੈ ਜੋ ਉਸ ਨੇ ਕਦੇ ਕੀਤੇ ਹੀ ਨਾ ਹੋਣ। ਜਦੋਂ ਇੱਕ ਆਮ ਵੋਟਰ ਵਾਰ-ਵਾਰ ਕਿਸੇ ਆਗੂ ਦੀਆਂ ਅਜਿਹੇ ਮਜ਼ਾਕੀਆ ਜਾਂ ਨਕਾਰਾਤਮਕ ਵੀਡੀਓਜ਼ ਦੇਖਦਾ ਹੈ, ਤਾਂ ਉਸ ਦੇ ਅਵਚੇਤਨ ਮਨ ਵਿੱਚ ਉਸ ਆਗੂ ਦੀ ਗੰਭੀਰਤਾ ਖ਼ਤਮ ਹੋਣ ਲੱਗਦੀ ਹੈ। ਇਹ ਡੀਪਫ਼ੇਕ ਤਕਨੀਕ ਲੋਕਤੰਤਰ ਲਈ ਬਹੁਤ ਖ਼ਤਰਨਾਕ ਹੈ ਕਿਉਂਕਿ ਇਹ ਸੱਚਾਈ ਨੂੰ ਪੂਰੀ ਤਰ੍ਹਾਂ ਕੁਚਲ ਦਿੰਦੀ ਹੈ।
   ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਇਸ ਡਿਜੀਟਲ ਚਿੱਕੜ-ਉਛਾਲੀ ਵਿੱਚ ਪੰਜਾਬ ਦੇ ਅਸਲ ਮੁੱਦੇ ਜਿਵੇਂ ਕਿ ਨਸ਼ਾਖੋਰੀ, ਬੇਰੁਜ਼ਗਾਰੀ, ਸਿਹਤ ਸਹੂਲਤਾਂ ਅਤੇ ਕਿਸਾਨੀ ਕਰਜ਼ੇ ਹਾਸ਼ੀਏ ‘ਤੇ ਚਲੇ ਗਏ ਹਨ। ਜਦੋਂ ਸਾਰਾ ਧਿਆਨ ਇਹ ਸਾਬਿਤ ਕਰਨ ‘ਤੇ ਲੱਗ ਜਾਂਦਾ ਹੈ ਕਿ ਕਿਹੜੀ ਪਾਰਟੀ ਦੀ ਵੀਡੀਓ ਜ਼ਿਆਦਾ ਵਧੀਆ ਹੈ, ਤਾਂ ਲੋਕ-ਭਲਾਈ ਦੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਹਨ। ਸਿਆਸੀ ਪਾਰਟੀਆਂ ਹੁਣ ਪੋਸਟਰਾਂ ਦੀ ਬਜਾਏ ਆਪਣਾ ਮੋਟਾ ਬਜਟ ਇਨ੍ਹਾਂ ਡਿਜੀਟਲ ਟੀਮਾਂ ‘ਤੇ ਖ਼ਰਚ ਕਰ ਰਹੀਆਂ ਹਨ। ਪੰਜਾਬ ਦੇ ਵੋਟਰਾਂ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਸੋਸ਼ਲ ਮੀਡੀਆ ‘ਤੇ ਆਉਣ ਵਾਲੀ ਹਰ ਵੀਡੀਓ ਸੱਚ ਨਹੀਂ ਹੁੰਦੀ। ਤਕਨੀਕ ਦੀ ਇਸ ਦੁਰਵਰਤੋਂ ‘ਤੇ ਲਗਾਮ ਲਗਾਉਣ ਲਈ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ।
  ਸਾਨੂੰ ਇਹ ਸਮਝਣਾ ਪਵੇਗਾ ਕਿ ਸਿਆਸੀ ਪਾਰਟੀਆਂ ਇਸ ਨਵੀਂ ਤਕਨੀਕ ਨੂੰ ਇੱਕ ਹਥਿਆਰ ਵਜੋਂ ਵਰਤ ਰਹੀਆਂ ਹਨ ਤਾਂ ਜੋ ਸਾਡਾ ਧਿਆਨ ਅਸਲੀਅਤ ਤੋਂ ਭਟਕਾਇਆ ਜਾ ਸਕੇ। ਸਹੀ ਲੋਕਤੰਤਰ ਉਹੀ ਹੈ ਜਿੱਥੇ ਫ਼ੈਸਲੇ ਵੀਡੀਓਜ਼ ਦੇਖ ਕੇ ਨਹੀਂ, ਸਗੋਂ ਆਗੂਆਂ ਦੇ ਕੰਮ ਅਤੇ ਨੀਤੀਆਂ ਨੂੰ ਦੇਖ ਕੇ ਲਏ ਜਾਣ।
ਚਾਨਣਦੀਪ ਸਿੰਘ ਔਲਖ, ਪਿੰਡ ਗੁਰਨੇ ਖ਼ੁਰਦ (ਮਾਨਸਾ), ਸੰਪਰਕ 9876888177

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.