ਲੁਧਿਆਣਾ
( ਜਸਟਿਸ ਨਿਊਜ਼ )
‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ 2026 ਜ਼ਿਲ੍ਹਾ ਲੁਧਿਆਣਾ ਵਿੱਚ ਚਲਾਈ ਜਾਵੇਗੀ ਜਿਸ ਤਹਿਤ ਬੁਜ਼ੁਰਗਾਂ ਦੀ ਸਪੈਸ਼ਲ ਦੇਖਭਾਲ ਕੀਤੀ
ਜਾਵੇਗੀ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਰਜੀਤ ਬੈਂਸ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫਤਰ ਵਿੱਚ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ), ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੈੱਡ ਕਰਾਸ ਸੁਸਾਇਟੀ ਅਤੇ ਵੱਖ-ਵੱਖ ਬਿਰਧ ਆਸ਼ਰਮਾ ਤੋਂ ਆਏ ਪ੍ਰਧਾਨ/ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਰਜੀਤ ਬੈਂਸ ਨੇ ਦੱਸਿਆ ਕਿ ਸਿਹਤ ਵਿਭਾਗ ਬਜ਼ੁਰਗਾਂ ਦੀ ਸਿਹਤ ਨੂੰ ਕਾਇਮ ਰੱਖਣ ਲਈ ਉਹਨਾਂ ਦੀਆਂ ਵਡੇਰੀ ਉਮਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਅੱਖਾਂ ਦਾ ਮੋਤੀਆ, ਜੋੜਾਂ ਦਾ ਦਰਦ ਅਤੇ ਹੋਰ ਸਰੀਰਕ ਬਿਮਾਰੀਆਂ ਤੋਂ ਇਲਾਵਾ ਉਹਨਾਂ ਵਾਸਤੇ ਫਿਜੀਓਥਰੈਪੀ ਅਤੇ ਮਨੋਵਿਗਿਆਨਕ ਸਿਹਤ ਨੂੰ ਕਾਇਮ ਰੱਖਣ ਲਈ ਸਪੈਸ਼ਲ ਜਾਂਚ ਕੈਂਪ ਲਗਾਉਣਗੇ।
ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਲਈ ਸਰਕਾਰੀ ਟੀਮਾਂ ਤੋਂ ਇਲਾਵਾ ਐਨ.ਜੀ.ਓ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਇਲਾਵਾ ਯੋਗਾ ਅਤੇ ਮੈਡੀਟੇਸ਼ਨ ਕੈਂਪ ਵੀ ਲਗਾਇਆ ਜਾਵੇਗਾ। ਬਜ਼ੁਰਗਾਂ ਅਤੇ ਨੌਜਵਾਨਾਂ ਵਿੱਚ ਆਪਸੀ ਸੰਪਰਕ ਨੂੰ ਵਧਾਉਣ ਲਈ ਗਤੀਵਿਧੀਆਂ ਜਿਵੇਂ ਕਿ ਖਾਣਾ ਬਣਾਉਣ ਦਾ ਮੁਕਾਬਲਾ, ਆਪਸੀ ਵਿਚਾਰ ਵਟਾਂਦਰੇ, ਪੇਂਟਿੰਗ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਸ੍ਰੀ ਅਮਰਜੀਤ ਬੈਂਸ ਨੇ ਕਿਹਾ ਕਿ ਸੈਨੀਟਾਈਜੇਸ਼ਨ ਅਤੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਬਜ਼ੁਰਗ ਘਰਾਂ ਨੂੰ ਵੱਧ ਤੋਂ ਵੱਧ ਸ਼ਾਮਿਲ ਕਰਦੇ ਹੋਏ ਪੁਲਿਸ, ਗ੍ਰਾਮ ਪੰਚਾਇਤ, ਨਗਰ ਕੌਂਸਲਾਂ ਅਤੇ ਜ਼ਿਲਾ ਪ੍ਰੀਸ਼ਦ ਦੀ ਸ਼ਮੂਲੀਅਤ ਨਾਲ ਐਨ.ਸੀ.ਸੀ, ਬੱਚਿਆਂ ਰਾਹੀਂ ਕਮਿਊਨਟੀ ਬੇਸਟ ਪ੍ਰੋਗਰਾਮ ਵੀ ਉਲੀਕੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀੜ੍ਹੀਆਂ ਦਾ ਗੈਪ ਘਟਾਉਣ ਵਾਸਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੁਆਰਾ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਸਾਂਝ ਨੂੰ ਵਧਾਉਣ ਵਾਸਤੇ ਸਪੈਸ਼ਲ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਜਿਸ ਤਹਿਤ ਬੱਚੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਆਪਸੀ ਭਾਵਨਾਤਮਿਕ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਾ ਸਿੱਖਣਗੇ।
Leave a Reply