ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ
ਸ੍ਰੀਮਤੀ ਜਤਿੰਦਰ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਮੋਬਾਈਲ ਫ਼ੋਨ ਖੋਹਣ ਦੇ ਇੱਕ ਮਾਮਲੇ ਵਿੱਚ ਅਪਰਾਧੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਪੰਜ ਸਾਲ ਦੀ ਕਠੋਰ ਕ਼ੈਦ ਦੀ ਸਜ਼ਾ ਸੁਣਾਈ ਗਈ।ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਇਹ ਮਹੱਤਵਪੂਰਨ ਅਵਲੋਕਨ ਕੀਤਾ ਕਿ ਫ਼ੌਜਦਾਰੀ ਨਿਆਂ ਪ੍ਰਣਾਲੀ ਦਾ ਉਦੇਸ਼ ਕੇਵਲ ਅਪਰਾਧੀ ਨੂੰ ਸਜ਼ਾ ਦੇਣਾ ਹੀ ਨਹੀਂ, ਬਲਕਿ ਪੀੜਿਤ ਨੂੰ ਇਨਸਾਫ਼ ਪ੍ਰਦਾਨ ਕਰਨਾ ਅਤੇ ਸਮਾਜ ਵਿੱਚ ਕਾਨੂੰਨ ਪ੍ਰਤੀ ਭਰੋਸਾ ਮੁੜ ਸਥਾਪਿਤ ਕਰਨਾ ਵੀ ਹੈ।ਪ੍ਰੋਸੀਕਿਊਸ਼ਨ ਦੇ ਮਾਮਲੇ ਅਨੁਸਾਰ, ਮਿਤੀ 19.12.2023 ਨੂੰ ਪੁਲਿਸ ਪਾਰਟੀ, ਜਿਸ ਦੀ ਅਗਵਾਈ ਏਐਸਆਈ ਸਵਿੰਦਰ ਪਾਲ ਸਿੰਘ, ਪੁਲਿਸ ਸਟੇਸ਼ਨ ਰਣਜੀਤ ਐਵੀਨਿਊ, ਅੰਮ੍ਰਿਤਸਰ ਕਰ ਰਹੇ ਸਨ, ਪੈਟ੍ਰੋਲਿੰਗ ਦੌਰਾਨ ਜਨਤਾ ਵੱਲੋਂ ਉਠਾਈ ਗਈ ਸ਼ੋਰ ਦੀ ਸੂਚਨਾ ਮਿਲਣ ‘ਤੇ ਬੈਸਟ ਵੈਸਟਰਨ ਹੋਟਲ, ਅੰਮ੍ਰਿਤਸਰ ਦੇ ਨੇੜੇ ਇੱਕ ਅਪਰਾਧੀ ਨੂੰ ਕਾਬੂ ਕੀਤਾ। ਫ਼ੜੇ ਗਏ ਵਿਅਕਤੀ ਨੇ ਆਪਣਾ ਨਾਮ ਅਜੇ ਉਰਫ਼ ਡਾਨਾ, ਪਿੰਡ ਥਾਠਾ ਦੱਸਿਆ।
ਜਾਂਚ ਦੌਰਾਨ, ਸ਼ਿਕਾਇਤ ਕਰਤਾ ਮਰਗਿਮ ਵੈਦ, ਜੋ ਕਿ ਕੇਂਦਰੀ ਬੈਂਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਵਿੱਚ ਕਰਮਚਾਰੀ ਹੈ, ਨੇ ਬਿਆਨ ਦਿੱਤਾ ਕਿ ਉਸੇ ਦਿਨ ਸ਼ਾਮ ਲਗਭਗ 6:00 ਵਜੇ, ਡਿਊਟੀ ਸਮਾਪਤ ਕਰਨ ਤੋਂ ਬਾਅਦ ਜਦੋਂ ਉਹ ਪੁਰਾਣੀ ਜੇਲ ਰੋਡ ਵੱਲ ਜਾ ਰਿਹਾ ਸੀ, ਤਦੋਂ ਦੋ ਵਿਅਕਤੀ ਮੋਟਰਸਾਈਕਲ ‘ਤੇ ਆਏ ਅਤੇ ਉਸ ਦਾ ਵੀਵੋ ਮੋਬਾਈਲ ਫ਼ੋਨ ਖੋਹ ਲਿਆ। ਸ਼ਿਕਾਇਤ ਕਰਤਾ ਵੱਲੋਂ ਪਿੱਛੇ ਬੈਠੀ ਸਵਾਰੀ ਨੂੰ ਫ਼ੜ ਲਿਆ ਗਿਆ, ਜਿਸਨੂੰ ਪੁਲਿਸ ਨੇ ਮੌਕੇ ‘ਤੇ ਹੀ ਕਾਬੂ ਕਰਕੇ ਥਾਣੇ ਲਿਆਂਦਾ, ਜਦਕਿ ਦੂਜਾ ਅਪਰਾਧੀ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾਂ ਨੰਬਰ 253 ਮਿਤੀ 19.12.2023, ਧਾਰਾ 379-B, 34 ਅਤੇ 411 IPC ਤਹਿਤ, ਪੁਲਿਸ ਸਟੇਸ਼ਨ ਰਣਜੀਤ ਐਵੇਨਿਊ, ਅੰਮ੍ਰਿਤਸਰ ਵਿੱਚ ਦਰਜ ਕੀਤੀ ਗਿਆ।
ਜਾਂਚ ਅਤੇ ਮੁਕੱਦਮੇਂ ਦੀ ਪੂਰੀ ਕਾਰਵਾਈ ਪੂਰਣ ਹੋਣ ਉਪਰਾਂਤ, ਅਦਾਲਤ ਨੇ ਅਪਰਾਧੀ ਨੂੰ ਦੋਸ਼ੀ ਕਰਾਰ ਦਿੱਤਾ। ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਨਿਆਂ ਦਾ ਮਕਸਦ ਪੀੜਿਤ ਦੇ ਨੁਕਸਾਨ ਦੀ ਪੂਰਤੀ ਕਰਨਾ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਾ ਹੈ, ਤਾਂ ਜੋ ਕਾਨੂੰਨ-ਮੰਨਣ ਵਾਲੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਇਸ ਪ੍ਰਕਾਰ, ਅਦਾਲਤ ਵੱਲੋਂ ਅਪਰਾਧੀ ਨੂੰ ਪੰਜ ਸਾਲ ਦੀ ਕਠੋਰ ਕ਼ੈਦ ਦੀ ਸਜ਼ਾ ਸੁਣਾਈ ਗਈ।
Leave a Reply