ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
1984 ਵਿੱਚ ਹਰਿਆਣਾ ਦੇ ਚਿੱਲੜ ਸਮੇਤ ਹੋਰ ਕਈ ਇਲਾਕਿਆਂ ਵਿੱਚ ਹੋਈਆਂ ਸਿੱਖ ਵਿਰੋਧੀ ਦਰਦਨਾਕ ਘਟਨਾਵਾਂ ਦੇ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਪੂਰਨ ਇਨਸਾਫ਼ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜ਼ੂਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਤੋਂ ਵਾਝਾ ਰੱਖਣਾ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਗੰਭੀਰ ਸਵਾਲ ਖੜੇ ਕਰਦਾ ਹੈ।
ਇਸ ਗੰਭੀਰ ਮਸਲੇ ਨੂੰ ਲੈ ਕੇ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ 2 ਜਨਵਰੀ ਨੂੰ ਚੰਡੀਗੜ੍ਹ ਵਿਖੇ ਇੱਕ ਅਹਿਮ ਅਤੇ ਹੰਗਾਮੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਰਿਆਣਾ ਦੇ ਸਿੱਖ ਪੀੜਤ ਪਰਿਵਾਰ ਇਕੱਠੇ ਹੋ ਕੇ ਅਗਲੇ ਸੰਘਰਸੀ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਇਸ ਮੌਕੇ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਜਨਵਰੀ ਨੂੰ ਦੁਪਹਿਰ 1 ਵਜੇ ਪ੍ਰੈਸ ਕਲੱਬ, ਚੰਡੀਗੜ੍ਹ ਵਿਖੇ ਇਹ ਹੰਗਾਮੀ ਮੀਟਿੰਗ ਅਤੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਇਸ ਦੌਰਾਨ ਪੀੜਤ ਪਰਿਵਾਰ ਸਰਕਾਰਾਂ ਵਿਰੁੱਧ ਇਨਸਾਫ਼ ਪ੍ਰਾਪਤੀ ਲਈ ਵੱਡੇ ਅਤੇ ਤਿੱਖੇ ਸੰਘਰਸ ਦੀ ਪੂਰੀ ਰੂਪ-ਰੇਖਾ ਤਿਆਰ ਕਰਨਗੇ।ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ 1984 ਦੀਆਂ ਦਰਦਨਾਕ ਘਟਨਾਵਾਂ ਨੂੰ ਅੱਜ 42 ਸਾਲ ਹੋ ਚੁੱਕੇ ਹਨ, ਪਰ ਸਿੱਖ ਪੀੜਤ ਪਰਿਵਾਰ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਪਰ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਸਮੇਂ-ਸਮੇਂ ‘ਤੇ ਸਿਰਫ਼ ਲਾਰੇ ਹੀ ਦਿੱਤੇ ਹਨ, ਜਦਕਿ ਜ਼ਮੀਨੀ ਪੱਧਰ ‘ਤੇ ਕੋਈ ਠੋਸ ਕਾਰਵਾਈ ਨਹੀਂ ਹੋਈ। ਇਹ ਹਾਲਤ ਨਾ ਸਿਰਫ਼ ਨਿਰਾਸ਼ਾਜਨਕ ਹੈ, ਸਗੋਂ ਲੋਕਤੰਤਰ ਲਈ ਵੀ ਚਿੰਤਾਜਨਕ ਹੈ। ਉਨ੍ਹਾਂ ਅੱਗੇ ਕਿਹਾ ਕਿ ਚਿੱਲੜ ਅਤੇ ਹਰਿਆਣਾ ਦੇ ਹੋਰ ਇਲਾਕਿਆਂ ਵਿੱਚ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਲਈ ਜਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਪੂਰਾ ਮਾਣ-ਸਨਮਾਨ ਅਤੇ ਹੱਕ ਦਿਵਾਉਣ ਤੱਕ ਇਹ ਸੰਘਰਸ ਰੁਕਣ ਵਾਲਾ ਨਹੀਂ ਹੈ।ਪ੍ਰੈਸ ਕਾਨਫਰੰਸ ਦੌਰਾਨ ਪੀੜਤ ਪਰਿਵਾਰ ਮੀਡੀਆ ਦੇ ਰੂਬਰੂ ਹੋ ਕੇ ਆਪਣੀਆਂ ਦਰਦ ਭਰੀਆਂ ਦਾਸਤਾਨਾਂ ਸਾਂਝੀਆਂ ਕਰਨਗੇ ਅਤੇ ਦੇਸ਼-ਵਿਦੇਸ਼ ਤੱਕ ਇਨਸਾਫ਼ ਦੀ ਅਵਾਜ਼ ਨੂੰ ਹੋਰ ਬੁਲੰਦ ਕੀਤਾ ਜਾਵੇਗਾ।ਅੰਤ ਵਿੱਚ ਭਾਈ ਦਰਸ਼ਨ ਸਿੰਘ ਘੋਲੀਆ ਨੇ ਸਮੂਹ ਸਿੱਖ ਸੰਸਥਾਵਾਂ, ਸਮਾਜਿਕ ਜੱਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1984 ਦੇ ਸਿੱਖ ਪੀੜਤਾਂ ਦੇ ਹੱਕ ਵਿੱਚ ਇਕਜੁੱਟ ਹੋ ਕੇ ਇਸ ਸੰਘਰਸ ਦਾ ਸਾਥ ਦੇਣ, ਤਾਂ ਜੋ ਪੀੜਤ ਪਰਿਵਾਰਾਂ ਨੂੰ ਆਖ਼ਿਰਕਾਰ ਨਿਆ ਅਤੇ ਇਨਸਾਫ਼ ਮਿਲ ਸਕੇ।
Leave a Reply