ਰਾਏਕੋਟ
(ਗੁਰਭਿੰਦਰ ਗੁਰੀ )
ਸਥਾਨਕ ਗੁਰਦੁਆਰਾ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਪ੍ਰਧਾਨ ਜਗਦੇਵ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਵਿਸ਼ਾਲ ਨਗਰ ਕੀਰਤਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਜੱਥਾ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜਾਈ ਹੋਈ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ ਸੀ।
ਨਗਰ ਕੀਰਤਨ ਦੌਰਾਨ ਜਤਿੰਦਰ ਸਿੰਘ ਬੈਂਸ ਦੇ ਢਾਡੀ ਜੱਥੇ ਅਤੇ ਭਾਈ ਪਿੰਦਰਪਾਲ ਸਿੰਘ ਦੇਹੜਕਾ ਦੇ ਇੰਟਰਨੈਸ਼ਨਲ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਨਰਾਇਣ ਖਾਲਸਾ ਗਤਕਾ ਅਖਾੜਾ ਬੱਸੀਆਂ ਵੱਲੋਂ ਯੁੱਧ ਕਲਾ ਦੇ ਕਰਤੱਬ ਦਿਖਾਏ ਗਏ। ਇਸ ਮੌਕੇ ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ ਵਿੱਚ ਵੱਖ-ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਸਵਾਗਤੀ ਗੇਟ ਅਤੇ ਭਾਂਤ ਭਾਂਤ ਦੇ ਲੰਗਰ ਵੀ ਲਗਾਏ ਗਏ ਸਨ। ਇਸ ਮੌਕੇ ਤੇ ਪੁਰਾਣੇ ਬੱਸ ਸਟੈਂਡ ਨੇੜੇ ਸਾਬਕਾ ਸੰਸਦੀ ਸਕੱਤਰ ਅਤੇ ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ ਵਲੋਂ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਗਿਆ। ਦੇਰ ਸ਼ਾਮ ਸਮੁੱਚੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਇਹ ਵਿਸ਼ਾਲ ਨਗਰ ਕੀਰਤਨ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਪ੍ਰਧਾਨ ਜਗਦੇਵ ਸਿੰਘ, ਪ੍ਰਧਾਨ ਜਸਵਿੰਦਰ ਸਿੰਘ ਗਰੇਵਾਲ, ਚਰਨ ਸਿੰਘ ਗਰੇਵਾਲ, ਅਮਰ ਸਿੰਘ, ਕੁਲਵਿੰਦਰ ਸਿੰਘ ਭੱਟੀ, ਗੁਰਜੀਤ ਸਿੰਘ ਗਿੱਲ, ਸੰਤੋਖ ਸਿੰਘ ਗਰੇਵਾਲ, ਜਗਦੇਵ ਸਿੰਘ ਸੈਂਭੀ, ਹਰਬੰਸ ਸਿੰਘ, ਨਰਿੰਦਰ ਸਿੰਘ ਰਾਣਾ, ਨਰਿੰਦਰ ਸਿੰਘ, ਸਵਰਨ ਸਿੰਘ, ਅਮਰ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ ਸੰਘਾ, ਹਰਜਿੰਦਰ ਸਿੰਘ ਔਲਖ ਬਾਬਾ ਰਘਵੀਰ ਸਿੰਘ, ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ।
Leave a Reply