August 17, 2026

Justice News

ਅਵਾਮ ਦੀ ਆਵਾਜ਼

ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਗਰੇਵਾਲ ਨੇ ਜਮਾਲਪੁਰ ਇਲਾਕੇ ਵਿੱਚ ਮੀਆਵਾਕੀ ਜੰਗਲ ਸਥਾਪਤ ਕਰਨ ਲਈ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਲੁਧਿਆਣਾ
( ਵਿਜੇ ਭਾਂਬਰੀ )
–ਸ਼ਹਿਰ ਭਰ ਵਿੱਚ ਹਰਿਆਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸ਼ੁੱਕਰਵਾਰ ਨੂੰ ਜਮਾਲਪੁਰ ਇਲਾਕੇ (ਸ਼੍ਰੀ ਵਿਸ਼ਵਨਾਥ ਮੰਦਰ ਦੇ ਨੇੜੇ) ਵਿੱਚ ਮੀਆਵਾਕੀ ਜੰਗਲ ਸਥਾਪਤ ਕਰਨ ਲਈ ਪ੍ਰੋਜੈਕਟ ਦਾ ਉਦਘਾਟਨ ਕੀਤਾ।ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੁਆਰਾ ਈਕੋਸਿੱਖ ਦੇ ਸਹਿਯੋਗ ਨਾਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਅਧੀਨ 2.5 ਏਕੜ ਦੀ ਗਰੀਨ ਬੈਲਟ ਵਿੱਚ ਮੀਆਵਾਕੀ ਜੰਗਲ (ਗੁਰੂ ਨਾਨਕ ਪਵਿੱਤਰ ਜੰਗਲ) ਸਥਾਪਤ ਕੀਤਾ ਜਾਵੇਗਾ।
ਉਦਘਾਟਨ ਸਮਾਰੋਹ ਦੌਰਾਨ ਕੌਂਸਲਰ ਅਮਰਜੀਤ ਸਿੰਘ, ਨਗਰ ਨਿਗਮ ਜ਼ੋਨਲ ਕਮਿਸ਼ਨਰ ਨੀਰਜ ਜੈਨ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਚੇਅਰਮੈਨ ਸਚਿਤ ਜੈਨ, ਕਾਰਜਕਾਰੀ ਡਾਇਰੈਕਟਰ ਆਰ.ਕੇ ਰਿਵਾੜੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਨੁਜ ਮਹਿਤਾ, ਸੀ.ਐਸ.ਆਰ ਹੈੱਡ ਅਮਿਤ ਧਵਨ, ਈਕੋਸਿੱਖ ਤੋਂ ਬਵਨੀਤ ਸਿੰਘ ਸਮੇਤ ਹੋਰ ਹਾਜ਼ਰ ਸਨ।
ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਜਗ੍ਹਾ ‘ਤੇ ਵੱਖ-ਵੱਖ ਕਿਸਮਾਂ ਦੇ ਰੁੱਖ/ਪੌਦੇ ਲਗਾਏ ਜਾਣਗੇ ਅਤੇ ਵਰਧਮਾਨ ਸਟੀਲਜ਼ ਗਰੀਨ ਬੈਲਟ ਦੀ ਦੇਖਭਾਲ ਕਰੇਗਾ। ਉਨ੍ਹਾਂ ਨੇ ਵਰਧਮਾਨ ਸਟੀਲਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਉਦਯੋਗਪਤੀਆਂ/ਕਾਰਪੋਰੇਟ ਘਰਾਣਿਆਂ ਨੂੰ ਅੱਗੇ ਵਧਣ ਅਤੇ ਆਪਣੇ ਆਂਢ-ਗੁਆਂਢ ਵਿੱਚ ਗਰੀਨ ਬੈਲਟ/ਪਾਰਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ।ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਲੁਧਿਆਣਾ ਨੂੰ ਨੰਬਰ 1 ਸ਼ਹਿਰ ਬਣਾਉਣਾ ਹੈ, ਪਰ ਇਹ ਟੀਚਾ ਵਸਨੀਕਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਵਸਨੀਕਾਂ ਨੂੰ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਸੂਬੇ ਭਰ ਵਿੱਚ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਬਾਅਦ ਵਿੱਚ, ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਗਰੇਵਾਲ ਨੇ ਵਰਧਮਾਨ ਸਟੀਲਜ਼ ਲਿਮਟਿਡ ਦੁਆਰਾ ਉਨ੍ਹਾਂ ਦੀ ਉਦਯੋਗਿਕ ਇਕਾਈ ਦੇ ਨੇੜੇ ਵਿਕਸਤ ਕੀਤੇ ਗਏ ਮੀਆਵਾਕੀ ਜੰਗਲ ਦਾ ਵੀ ਦੌਰਾ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.