ਧਰਮਾਂ ਦੇ ਇਤਿਹਾਸ ਅਤੇ ਸ਼ਹੀਦੀ ਪਰੰਪਰਾ ਵਿਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵਿਲੱਖਣ ਸਥਾਨ ਹੈ। ਯੁੱਧ ਦੇ ਮੈਦਾਨ ’ਚ ਸੀਸ ਨੂੰ ਤਲੀ ’ਤੇ ਰੱਖ ਕੇ ਦੁਸ਼ਮਣ ਦੇ ਆਹੂ ਲਾਹ ਸੁੱਟਣ ਵਾਲੇ ਇਸ ਮਹਾਂਬਲੀ ਯੋਧੇ ਦਾ ਜਨਮ 26 ਜਨਵਰੀ, 1682 ਈ: (14 ਮਾਘ) ਨੂੰ ਪਿੰਡ ਪਹੁਵਿੰਡ, ਜ਼ਿਲ੍ਹਾ ਤਰਨ ਤਾਰਨ ਵਿਖੇ ਪਿਤਾ ਬਾਬਾ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖੋਂ ਹੋਇਆ। ਬਚਪਨ ’ਚ ਹੀ ਆਪ ਜੀ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ। ਜਿੱਥੇ ਉਨ੍ਹਾਂ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਅੰਮ੍ਰਿਤਪਾਨ ਕੀਤਾ। ਭਜਨ ਬੰਦਗੀ ਵਿਚ ਲੀਨ ਰਹਿਣ ਤੋਂ ਇਲਾਵਾ ਜੰਗ, ਯੁੱਧ ਅਤੇ ਹਥਿਆਰ ਚਲਾਉਣ ਦੀ ਮੁਹਾਰਤ ਹਾਸਲ ਕਰਦਿਆਂ, ਇੱਥੇ ਹੀ ਭਾਈ ਮਨੀ ਸਿੰਘ ਜੀ ਤੋਂ ਗੁਰਮੁਖੀ ਲਿਖਣ ਤੇ ਪੜ੍ਹਨ ਦੀ ਸਿੱਖਿਆ ਪ੍ਰਾਪਤ ਕੀਤੀ।
1703 ਵਿਚ ਆਪ ਜੀ ਦੇ ਮਾਤਾ ਪਿਤਾ ਜੀ ਵੱਲੋਂ ਆਪ ਜੀ ਨੂੰ ਪਿੰਡ ਲਿਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਲਈ। ਇਸੇ ਸਮੇਂ ਦੌਰਾਨ ਹੀ ਸ੍ਰੀ ਅਨੰਦਪੁਰ ਸਾਹਿਬ ’ਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਹਕੂਮਤ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਗੁਰੂ ਸਾਹਿਬ ਦਾ ਪਰਿਵਾਰ ਅਤੇ ਗੁਰਸਿੱਖਾਂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ।
1704 ਈ: ‘ਚ ਮੁਕਤਸਰ ਦੀ ਜੰਗ ਅਤੇ ਭਾਈ ਮਹਾਂ ਸਿੰਘ ਦੀ ਬੇਨਤੀ ’ਤੇ 40 ਸਿੰਘਾਂ ਦੀ ਟੁੱਟੀ ਗੰਢਣ ਤੋਂ ਉਪਰੰਤ ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ। ਗੁਰੂ ਸਾਹਿਬ ਦੇ ਬੁਲਾਵੇ ‘ਤੇ ਬਾਬਾ ਦੀਪ ਸਿੰਘ ਜੀ ਹਾਜ਼ਰ ਹੋਏ।
ਦਮਦਮਾ ਸਾਹਿਬ ਵਿਖੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਕੀਤੇ ਵਾਅਦੇ ਮੁਤਾਬਿਕ ਗੁਰਬਾਣੀ ਦੇ ਅਰਥ ਪੜ੍ਹਾਉਣ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਲਿਖਵਾਏ ਗੁਰੂ ਗ੍ਰੰਥ ਸਾਹਿਬ ਜੀ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹੀ ਸਰੂਪ ਧੀਰ ਮੱਲ ਤੋਂ ਲਿਆਉਣ ਲਈ ਸਿੰਘਾਂ ਨੂੰ ਕਰਤਾਰਪੁਰ ਭੇਜਿਆ। ਧੀਰ ਮਲੀਆਂ ਨੇ ਅੱਗੋਂ ਤਰਕ ਪੈਦਾ ਕਰ ਦਿੱਤੀ , ਕਹਿਣ ਲੱਗੇ ਕਿ ਜੇ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਜੀ ਦੀ ਜੋਤ ਸਮਝਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਗੁਰੂ ਅਰਜਨ ਦੇਵ ਜੀ ਵਾਂਗ ਕਿਉਂ ਨਹੀਂ ਸਾਰੀ ਬਾਣੀ ਆਪਣੇ ਕੰਠ ’ਚੋਂ ਉਚਾਰਨ ਕਰ ਲੈਂਦੇ। ਧੀਰ ਮਲੀਆਂ ਵੱਲੋਂ ਸਰੂਪ ਦੇਣ ਤੋਂ ਨਾਂਹ ਹੋਣ ’ਤੇ ਸਤਿਗੁਰੂ ਜੀ ਨੇ ਕਿਹਾ ਕਿ ਸਾਨੂੰ ਪਤਾ ਸੀ ਉਨ੍ਹਾਂ ਆਦਿ ਬੀੜ ਨਹੀਂ ਦੇਣੀ , ਪਰ ਆਪ ਸਭ ਦੀ ਸ਼ੰਕਾ ਦੂਰ ਕਰਨੀ ਵੀ ਜ਼ਰੂਰੀ ਸੀ। ਕਿ ਸ਼ਾਇਦ ਗੁਰੂ ਜੋਤੀ ਵਿਚ ਫ਼ਰਕ ਹੈ।
ਗੁਰੂ ਸਾਹਿਬ ਜੀ ਨੇ ਆਪ ਗੁਰਬਾਣੀ ਉਚਾਰਨ ਕਰਦਿਆਂ ਭਾਈ ਮਨੀ ਸਿੰਘ ਜੀ ਨੂੰ ਲਿਖਣ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸੇਵਾ ਲਿਖਣ ਦਾ ਸਾਮਾਨ ਕਲਮਾਂ, ਸਿਆਹੀ ਅਤੇ ਕਾਗ਼ਜ਼ ਦਾ ਪ੍ਰਬੰਧ ਕਰਨ ਦੀ ਲਾਈ ਗਈ। ਗੁਰੂ ਸਾਹਿਬ ਜਦ ਬਾਣੀ ਲਿਖਵਾਉਣੀ ਆਰੰਭ ਕੀਤੀ। ਤਦ ਭਾਈ ਮਨੀ ਸਿੰਘ ਜੀ ਨੇ ਬਾਣੀ ਲਿਖਣ ਪ੍ਰਤੀ ਅਸਮਰਥਾ ਜਤਾਈ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਮਨੀ ਸਿੰਘਾਂ ਤੂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅੰਗਾਂ ’ਤੇ ਕਲਮ ਰੱਖ ਤੇਰੀ ਕਮਲ ਅਗਾਮੀ ਚੱਲੇਗੀ। ਇੰਝ ਹੀ ਹੋਇਆ। ਸੋ ਗੁਰੂ ਸਾਹਿਬ ਜੀ ਨਿਤਾ ਪ੍ਰਤੀ ਤੰਬੂ ਵਿਚ ਬੈਠ ਕੇ ਗੁਰਬਾਣੀ ਉਚਾਰਦੇ, ਭਾਈ ਮਨੀ ਸਿੰਘ ਜੀ ਗੁਰਬਾਣੀ ਲਿਖਣ ਦੀ ਸੇਵੀ ਨਿਭਾਉਂਦੇ , ਤੇ ਸ਼ਾਮ ਨੂੰ ਗੁਰੂ ਸਾਹਿਬ ਉਚਾਰੀ ਹੋਈ ਬਾਣੀ ਦੇ ਅਰਥ ਸਾਰੇ ਸਿੰਘਾਂ ਨੂੰ ਸੁਣਾਉਂਦੇ। ਇਸ ਪ੍ਰਕਾਰ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿਚ ਸੰਨ 1706ਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਸੰਪੂਰਨ ਹੋਇਆ। ਇਸੇ ਵਕਤ ਹੀ ਅਰਥਾਂ ਦੀ ਟਕਸਾਲ ਆਰੰਭ ਹੋਈ। ਇੱਥੇ ਹੀ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ । ਗੁਰੂ ਸਾਹਿਬ ਨੇ ਫ਼ਰਮਾਇਆ ਕਿ ਭਾਈ ਦੀਪ ਸਿੰਘ ਜੀ ਜੇ ਧਰਮ ਦੀ ਰੱਖਿਆ ਕਰਦਿਆਂ ਤੁਹਾਡਾ ਸੀਸ ਧਰ ਨਾਲੋਂ ਅਲਹਿਦਾ ਵੀ ਹੋ ਗਿਆ, ਤੁਹਾਡੇ ਅਨੰਦ ’ਚ ਫ਼ਰਕ ਨਹੀਂ ਪਵੇਗਾ। ਜੋ ਅੱਗੇ ਚੱਲ ਕੇ ਸੱਚ ਸਾਬਤ ਹੋਇਆ। ਇੰਝ ਹੀ ਸਤਿਗੁਰੂ ਨੇ ਭਾਈ ਮਨੀ ਸਿੰਘ ਜੀ ਨੂੰ ਵੀ ਰਹਿਮਤਾਂ ਨਾਲ ਨਿਵਾਜਿਆ।
ਇਹ ਪਾਵਨ ਬੀੜ ਦਮਦਮਾ ਸਾਹਿਬ ਤਿਆਰ ਹੋਣ ਕਰਕੇ ‘ਦਮਦਮੀ ਬੀੜ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹ ਕੇ ਦਸਮੇਸ਼ ਪਿਤਾ ਜੀ ਜਦੋਂ ਦੱਖਣ ’ਚ ਸ੍ਰੀ ਹਜ਼ੂਰ ਸਾਹਿਬ ਗਏ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਹੀ ਗਏ। ਜਿਸ ਸਮੇਂ ਗੁਰੂ ਸਾਹਿਬ ਜੀ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ‘ਤੇ ਸੁਸ਼ੋਭਿਤ ਕੀਤਾ, ਉਸ ਸਮੇਂ ਭਾਈ ਮਨੀ ਸਿੰਘ ਜੀ ਨੇ ਤਾਬਿਆ ਚੌਰ ਸਾਹਿਬ ਜੀ ਦੀ ਸੇਵਾ ਕੀਤੀ ਅਤੇ ਬਾਬਾ ਦੀਪ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਹਰਿ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਗੁਰਬਖ਼ਸ਼ ਸਿੰਘ ਸ਼ਹੀਦ ਜੀ ਨੂੰ ਦਸਮੇਸ਼ ਪਿਤਾ ਜੀ ਨੇ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਪਾਸ ਖੜ੍ਹੇ ਕਰਕੇ ਗੁਰਤਾ ਗੱਦੀ ਦਾ ਅਰਦਾਸਾ ਸੋਧਿਆ। ਬਾਬਾ ਜੀ ਉਸ ਵੇਲੇ ਪੰਜਾਂ ਪਿਆਰਿਆਂ ਵਿਚ ਵੀ ਸ਼ਾਮਿਲ ਸਨ। ਬਾਅਦ ਵਿਚ ਬਾਬਾ ਦੀਪ ਸਿੰਘ ਜੀ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਗਿਆ ਪਾ ਕੇ ਦਮਦਮਾ ਸਾਹਿਬ ਵਿਖੇ ਗੁਰਬਾਣੀ ਦਾ ਸ਼ੁੱਧ ਪਾਠ, ਗੁਰਬਾਣੀ ਦੀ ਵਿਆਖਿਆ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਆਰੰਭ ਕਰ ਦਿੱਤਾ। ਸਵੇਰੇ ਸ਼ਾਮ ਗੁਰੂ ਕਾ ਲੰਗਰ ਅਤੁੱਟ ਵਰਤਦਾ, ਰਾਤ ਨੂੰ ਢਾਡੀ ਵਾਰਾਂ ਗਾਉਂਦੇ, ਸੰਗਤਾਂ ਵਿਚ ਬੀਰ ਰਸ ਦਾ ਉਤਸ਼ਾਹ ਭਰਿਆ ਜਾਂਦਾ। ਜਦੋਂ ਵੀ ਸਮਾਂ ਮਿਲਦਾ ਬਾਬਾ ਜੀ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੱਖ-ਵੱਖ ਸਥਾਨਾਂ ਤੇ ਭੇਜਦੇ। ਬਾਬਾ ਜੀ ਨੇ ਥੋੜ੍ਹੇ ਜਿਹੇ ਹੀ ਸਮੇਂ ਵਿਚ ਗੁਰਮਤਿ ਦਾ ਬੜਾ ਭਾਰੀ ਪ੍ਰਚਾਰ ਕੀਤਾ। ਗੁਰਦੁਆਰਾ ਸਾਹਿਬ ਵਿਖੇ ਇਕ ਖੂਹ ਲਗਵਾਇਆ, ਗੁਰਦੁਆਰਾ ਸਾਹਿਬ ਨੂੰ ਵੱਡਾ ਅਤੇ ਪੱਕਾ ਕਰਵਾ ਭਾਰੀ ਸੇਵਾ ਕੀਤੀ।
ਬਾਬਾ ਜੀ ਨੇ ਸੰਨ 1708 ਤੋਂ 1715 ਤਕ ਭਾਈ ਗੁਰਬਖ਼ਸ਼ ਸਿੰਘ ਜਿਸ ਨੂੰ ਅਸੀਂ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣਦੇ ਹਾਂ ਦੀ ਹਰ ਯੁੱਧ ਅਤੇ ਹਰ ਮੁਹਿੰਮ ਵਿਚ ਸਹਾਇਤਾ ਕੀਤੀ। ਸਰਹੰਦ ਨੂੰ ਫ਼ਤਿਹ ਕਰਨ ਸਮੇਂ ਦਿਖਾਏ ਜੌਹਰ ਕਾਰਨ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਦਾ ਖ਼ਿਤਾਬ ਮਿਲਿਆ। ਜਦ ਬੰਦਾ ਸਿੰਘ ਬਹਾਦਰ ਅਨੰਦਪੁਰ ਸਾਹਿਬ ਆਏ ਤਾਂ ਬਾਬਾ ਜੀ ਵੀ ਉਨ੍ਹਾਂ ਨਾਲ ਤਿੰਨ ਮਹੀਨੇ ਰਹੇ। ਦੋਨੋਂ ਵਕਤ ਦੀਵਾਨ ਸਜਾਉਂਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਬਾਬਾ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਤੋਂ ਬਾਅਦ ਜਦ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸੇ ਦਾ ਝਗੜਾ ਬਹੁਤ ਵਧ ਗਿਆ ਤਾਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਕਿਹਾ ਫ਼ੈਸਲਾ ਗੁਰੂ ’ਤੇ ਛੱਡ ਦਿਓ। ਦੋਹਾਂ ਧਿਰਾਂ ਨੇ ਤਜਵੀਜ਼ ਮੰਨ ਲਈ ਤੇ ਇਕ ਪਰਚੀ ’ਤੇ ਵਾਹਿਗੁਰੂ ਜੀ ਕਾ ਖੋਸਾ ਵਾਹਿਗੁਰੂ ਜੀ ਕੀ ਫ਼ਤਿਹ ਅਤੇ ਦੂਜੀ ’ਤੇ ਫ਼ਤਿਹ ਦਰਸ਼ਨ ਲਿਖ ਗੁਰੂ ਅੱਗੇ ਅਰਦਾਸ ਕਰਦਿਆਂ ਅੰਮ੍ਰਿਤ ਸਰੋਵਰ ‘ਚ ਪਰਚੀਆਂ ਪਾ ਕੇ ਝਗੜਾ ਨਿਬੇੜਿਆ। ਇਸ ਸਮੇਂ ਦੇ 11 ਸਾਲਾਂ ਦੌਰਾਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਅਤੇ ਤਖ਼ਤ ਸਾਹਿਬਾਨਾਂ ‘ਤੇ ਸੁਸ਼ੋਭਿਤ ਕਰਾਏ। ਆਪ ਜੀ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ ਸੋ ਆਪ ਜੀ ਨੇ ਅਰਬੀ ਭਾਸ਼ਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਤਾਰਾ ਕਰ ਕੇ ਅਰਬ ਦੇਸ਼ ‘ਚ ਭਿਜਵਾਇਆ। ਅਰਬ ਦੇਸ਼ ਦੇ ਲੋਕ ਉਸ ਬੀੜ ਦਾ ਬਹੁਤ ਸਤਿਕਾਰ ਕਰਿਆ ਕਰਦੇ ਹਨ।
ਜਦ 1733 ’ਚ ਜ਼ਕਰੀਆ ਖ਼ਾਨ ਵੱਲੋਂ ਦਿਲੀ ਦੇ ਬਾਦਸ਼ਾਹ ਦੀ ਮਨਜ਼ੂਰੀ ਨਾਲ ਸਿੰਘਾਂ ਨਾਲ ਸੁਲਾਹ ਕਰਨ ਲਈ ਭਾਈ ਸੁਬੇਗ ਸਿੰਘ ਰਾਹੀਂ ਨਵਾਬੀ ਦੀ ਖਿੱਲਤ ( ਪੁਸ਼ਾਕ) ਅੰਮ੍ਰਿਤਸਰ ਭੇਜਿਆ ਗਿਆ , ਤਾਂ ਪੰਥ ਨੇ ਫ਼ੈਸਲਾ ਲੈ ਕੇ ਉਸ ਵਕਤ ਸੰਗਤਾਂ ਨੂੰ ਪੱਖਾ ਝੱਲ ਰਹੇ ਪੰਥ ਦੇ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਫੈਜਲਪੁਰੀਆ ਜੋ ਖ਼ਾਲਸੇ ਦੇ ਘੋੜਿਆਂ ਸੇਵਾ ਕਰਿਆ ਕਰਦੇ ਸਨ, ਨੂੰ ਨਵਾਬੀ ਦਿੱਤੀ ਗਈ, ਉਨ੍ਹਾਂ ਦੀ ਸ਼ਰਤ ਮੁਤਾਬਿਕ ਨਵਾਬੀ ਭੇਟਾ ਨੂੰ ਜਿਨ੍ਹਾਂ ਪੰਜ ਪਿਆਰਿਆਂ ਦੇ ਚਰਨਾਂ ਨਾਲ ਛੁਹਾਇਆ ਗਿਆ ਉਨ੍ਹਾਂ ‘ਚ ਬਾਬਾ ਦੀਪ ਸਿੰਘ ਜੀ ਤੋਂ ਇਲਾਵਾ ਭਾਈ ਕਰਮ ਸਿੰਘ ਕਰਤਾਰਪੁਰ ਵਾਲੇ, ਭਾਈ ਹੀਰਾ ਸਿੰਘ ਹਜ਼ੂਰੀਆ, ਭਾਈ ਬੁੱਧ ਸਿੰਘ ਸੁਕਰਚੱਕੀਆ ( ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ) ਤੇ ਭਾਈ ਜੱਸਾ ਸਿੰਘ ਰਾਮਗੜ੍ਹੀਆ ਵੀ ਸ਼ਾਮਿਲ ਸਨ। ਇਹ ਸਮਝੌਤਾ 1735 ਤਕ ਰਿਹਾ। ਉਪਰੰਤ ਸਿੰਘਾਂ ਨੂੰ ਅੰਮ੍ਰਿਤਸਰ ਛੱਡਣਾ ਪਿਆ। ਇਸੇ ਦੌਰਾਨ ਭਾਈ ਮਨੀ ਸਿੰਘ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।
ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ 1734 ਈ: ’ਚ ਸਮੇਂ ਦੀ ਲੋੜ ਮੁਤਾਬਿਕ ਤਰਨਾ ਦਲ ਅਤੇ ਬੁੱਢਾ ਦਲ ਦੇ ਰੂਪ ‘ਚ ਜਥੇ ਬਣਾਏ ਗਏ। ਤਰਨਾ ਦਲ ਪੰਚ ਹਿੱਸਿਆਂ ‘ਚ ਵੰਡਿਆ ਗਿਆ। ਇਕ ਜਥੇ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ ਜਿਸ ਦੇ ਜਥੇ ’ਚ 2 ਹਜ਼ਾਰ ਘੋੜ ਸਵਾਰ ਹਰ ਸਮੇਂ ਤਿਆਰ ਭਰ ਤਿਆਰ ਰਹਿੰਦੇ ਸਨ।
ਜਦ 1740 ’ਚ ਮਸੇ ਰੰਘੜ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਬਾਬਾ ਜੀ ਦੇ ਜਥੇ ਦੇ ਜਥੇਦਾਰ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਸਿੰਘ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਹੀ ਮਸੇ ਦਾ ਸਿਰ ਵੱਢ ਕੇ ਬਾਬਾ ਜੀ ਅੱਗੇ ਲਿਆ ਪੇਸ਼ ਕੀਤਾ।
1748 ’ਚ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਵਿਚ ਸਿੱਖਾਂ ਦੇ ਵੱਖ ਵੱਖ 65 ਵੱਡੇ ਛੋਟੇ ਜਥਿਆਂ ਨੂੰ 12 ਵੱਡੇ ਜਥਿਆਂ – ਮਿਸਲਾਂ ਵਿਚ ਸੰਗਠਿਤ ਕਰ ਦਿੱਤਾ ਗਿਆ ਤੇ ਰਾਖੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ। ਜਿਸ ਤਹਿਤ ਸਿੰਘਾਂ ਦੇ ਜਥੇ ਰਾਖੀ ਵਾਲੇ ਪਿੰਡਾਂ ਦੀ ਜਾਨ ਮਾਲ ਦੀ ਰਾਖੀ ਕਰਿਆ ਕਰਦੇ ਸਨ। ਮਿਸਲ ਸ਼ਹੀਦਾਂ ਦੇ ਪ੍ਰਥਮ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ।
18 ਵੀਂ ਸਦੀ ਦੌਰਾਨ ਵਿਦੇਸ਼ੀ ਹਮਲਾਵਰ ਅਫ਼ਗ਼ਾਨ ਧਾੜਵੀਆਂ ਨੇ ਭਾਰਤ ਨੂੰ ਖ਼ੂਬ ਲੁੱਟਿਆ । ਉਸ ਸਮੇਂ ਸਿੱਖ ਹੀ ਸਨ ਜਿਨ੍ਹਾਂ ਨੇ ਇਨ੍ਹਾਂ ਅਫ਼ਗ਼ਾਨ ਧਾੜਵੀਆਂ ਦਾ ਮੁਕਾਬਲਾ ਕਰਦਿਆਂ ਭਾਰਤ ਦਾ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਹੀ ਨਾ ਕੇਵਲ ਵਾਪਸ ਖੋਹ ਲਿਆ ਜਾਂਦਾ ਰਿਹਾ । ਸਗੋਂ ਗ਼ਜ਼ਨੀ ਦੇ ਬਜ਼ਾਰਾਂ ’ਚ ਮੁੱਲ ਵੱਟਣ ਲਈ ਲੈ ਜਾਈਆਂ ਜਾ ਰਹੀਆਂ ਹਿੰਦ ਦੀਆਂ ਬਹੂ ਬੇਟੀਆਂ ਨੂੰ ਅਫ਼ਗ਼ਾਨੀਆਂ ਤੋਂ ਛੁਡਵਾ ਕੇ ਘਰੋ-ਘਰੀਂ ਭੇਜੀਆਂ ਜਾਂਦੀਆਂ ਰਹੀਆਂ।
1757 ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ, ਆਗਰਾ, ਮਥੁਰਾ ਤੋਂ ਲੁੱਟ-ਮਾਰ ਦੀ ਧਨ ਦੌਲਤ ਅਤੇ ਬੇਕਸੂਰ ਨੌਜਵਾਨ ਲੜਕੀਆਂ ਨੂੰ ਬੰਦੀ ਬਣਾ ਕੇ ਅਫ਼ਗ਼ਾਨਿਸਤਾਨ ਲਿਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਹਮਲਾ ਬੋਲ ਕੇ ਲੁੱਟਿਆ ਹੋਇਆ ਖ਼ਜ਼ਾਨਾ ਅਤੇ ਲੜਕੀਆਂ ਨੂੰ ਛਡਾ ਲਿਆ। ਜਿਸ ਕਰਕੇ ਅਬਦਾਲੀ ਹੋਰ ਗ਼ੁੱਸੇ ਵਿਚ ਆ ਗਿਆ ਤੇ ਸਿਖਾ ਦਾ ਸਖ਼ਤ ਵਿਰੋਧੀ ਬਣ ਗਿਆ ਅਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁੱਲ ਗਿਆ। ਉਸ ਨੇ ਬੇਟਾ ਤੈਮੂਰ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਅਤੇ ਜਨਰਲ ਜਹਾਨ ਖ਼ਾਨ ਅਧੀਨ 10000 ਫ਼ੌਜ ਛੱਡ ਕੇ ਆਪ ਵਾਪਸ ਕਾਬਲ ਚਲਾ ਗਿਆ ਅਤੇ ਫ਼ਰਮਾਨ ਜਾਰੀ ਕਰ ਦਿੱਤਾ ਕਿ ਅੰਮ੍ਰਿਤਸਰ ਸ਼ਹਿਰ ਤੇ ਦਰਬਾਰ ਸਾਹਿਬ ਦੋਹਾਂ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇ। ਹੁਕਮ ਦੀ ਤਾਮੀਲ ਹੁੰਦਿਆਂ ਹੀ ਹਰਮਿੰਦਰ ਸਾਹਿਬ ਦੀ ਬੇਅਦਬੀ ਸ਼ੁਰੂ ਹੋ ਗਈ। ਖ਼ਬਰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਿਵਾਸ ਕਰ ਰਹੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਕਰੋਧ ਵਿਚ ਆ ਗਏ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਅਤੇ ਆਸ-ਪਾਸ ਦੇ ਨਗਰਾਂ ਅਤੇ ਸਿੰਘਾਂ ਦੇ ਟਿਕਾਣਿਆਂ ‘ਤੇ ਇਤਲਾਹ ਦਿੱਤੀ। ਜਿੱਥੋਂ ਅਨੇਕਾਂ ਸਿੰਘ ਬਾਬਾ ਜੀ ਦੀ ਅਗਵਾਈ ਵਿਚ ਧਰਮ ਹੇਤ ਸੀਸ ਦੇਣ ਲਈ ਹਾਜ਼ਰ ਹੋਏ। ਬਾਬਾ ਜੀ ਨੇ ਅਖੰਡ ਪਾਠ ਕਰਾਇਆ ਅਤੇ ਨਗਾਰਿਆਂ ’ਤੇ ਚੋਟਾਂ ਲਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦੇਣ ਦਾ ਹੁਕਮ ਕੀਤਾ।
ਇਸ ਤਰ੍ਹਾਂ ਦਲ ਖ਼ਾਲਸਾ ਦੀ ਗਿਣਤੀ ਕਾਫ਼ੀ ਹੋ ਗਈ ਸੀ। ਹਰੀਕੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਵਿਚ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ’ਤੇ ਪਹੁੰਚ ਕੇ ਸਿੰਘਾਂ ਅਤੇ ਬਾਬਾ ਜੀ ਦੀਪ ਸਿੰਘ ਨੇ ਸਣੇ ਕੇਸੀਂ ਇਸ਼ਨਾਨ ਕੀਤਾ। ਘੋੜਿਆਂ ਨੂੰ ਵੀ ਖੁਰਕ ਦਿੱਤੀ ਗਈ। ਕੜਾਹ ਪ੍ਰਸਾਦਿ ਲੈ ਕੇ ਸੇਵਕਾਂ ਦੀ ਭੇਟਾ ਗੁਰੂ ਚਰਨਾਂ ’ਚ ਪਰਵਾਨ ਹੋਣ ਦੀ ਅਰਦਾਸ ਕੀਤੀ ਗਈ। ਕਿ, ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਅਜ਼ਾਦ ਨਹੀਂ ਕਰਵਾ ਲੈ ਦੇ ਸ਼ਹੀਦੀ ਨਹੀਂ ਪਾਵਾਂਗਾ।
’’ਮੁਹਿ ਮਰਨੇ ਕਾ ਚਾਉ ਹੈ, ਮਰਉ ਤ ਹਰਿ ਕੈ ਦੁਆਰ।’’
ਬਾਬਾ ਦੀਪ ਸਿੰਘ ਜੀ ਕੇਸਰੀ ਰੰਗ ਦਾ ਪੁਸ਼ਾਕ ਪਹਿਨਿਆ। ਸਾਰੇ ਸ਼ਸਤਰ ਸਰੀਰ ’ਤੇ ਸਜਾ ਲਏ। ਦੋ ਧਾਰਾ ਖੰਡਾ ਹੱਥ ’ਚ ਪਕੜਿਆ। ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਯੋਧਿਆਂ ਦੀ ਪਰਖ ਕਰਨ ਲਈ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਗੁਰੂ ਮਹਾਰਾਜ ਦੇ ਸਤਿਕਾਰ ਖ਼ਾਤਰ ਲੜ ਕੇ ਸ਼ਹੀਦੀ ਪਾਉਣ ਲਈ ਜਿਹੜਾ ਵੀ ਸਿੰਘ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜੋ ਕੋਈ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚੱਲਿਆ ਜਾਵੇ। ਇਸ ਵਕਤ ਬਾਬਾ ਜੀ ਨਾਲ ਅਨੇਕਾਂ ਮਝੈਲ ਵੀ ਆਣ ਮਿਲੇ ਸਨ, ਸਾਰੇ ਸਿੰਘ ਜੈਕਾਰੇ ਗਜਾਉਂਦੇ ਨਗਾਰਿਆਂ ’ਤੇ ਚੋਟਾਂ ਲਾਉਂਦੇ ਹੋਏ ਲਕੀਰ ਟੱਪ ਕੇ ਅੰਮ੍ਰਿਤਸਰ ਵੱਲ ਕੂਚ ਕਰਨਾ ਸ਼ੁਰੂ ਕੀਤਾ। ਸਿੰਘਾਂ ਦੀ ਚੜ੍ਹਾਈ ਬਾਰੇ ਅਫ਼ਗ਼ਾਨੀਆਂ ਨੂੰ ਖ਼ਬਰ ਮਿਲ ਚੁੱਕੀ ਸੀ। ਉਸ ਵਕਤ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਹਾਨ ਖ਼ਾਨ ਸਿੰਘਾਂ ਦਾ ਟਾਕਰਾ ਕਰਨ ਲਈ 20 ਹਜ਼ਾਰ ਦੀ ਫ਼ੌਜ ਲੈ ਕੇ ਗੋਹਲਵੜ ਪਿੰਡ ਕੋਲ ਪਹੁੰਚਿਆ। ਬਾਬਾ ਜੀ ਨੇ ਜਥੇ ਦੇ ਸਿੰਘਾਂ ਨਾਲ ਦੁਸ਼ਮਣ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ’ਤੇ ਹੁਣ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਸਿੰਘਾਂ ਅਤੇ ਅਫ਼ਗ਼ਾਨਾਂ ਦੀ ਜ਼ਬਰਦਸਤ ਟੱਕਰ ਹੋਈ। ਰਣ ਤੱਤੇ ਮੈਦਾਨ ’ਚ ਰਣ ਸਿੰਗਾਂ ਅਤੇ ਨਗਾਰਿਆਂ ਦੀ ਗੂੰਜ ਵਿਚ ਦੋਹਾਂ ਦਲਾਂ ਦੇ ਸੂਰਬੀਰ ਇਕ ਦੂਜੇ ਨੂੰ ਲਲਕਾਰ ਕੇ ਟੁੱਟ ਕੇ ਪੈ ਗਏ। ਬੇਖ਼ੌਫ ਵੀਰਤਾ ਨਾਲ ਭਰਪੂਰ ਕੋਈ ਵੀ ਇਕ ਵੀ ਪੈਰ ਪਿਛਾਂਹ ਖਿੱਚੇ ਨਹੀਂ । ਸਾਰਾ ਮੈਦਾਨ-ਏ -ਜੰਗ ਖ਼ੂਨ ਨਾਲ ਲੱਥ ਪਥ ਹੋ ਗਿਆ। ਸਰੀਰ ਲਹੂ ਲੁਹਾਨ, ਕੱਪੜੇ ਖ਼ੂਨ ਨਾਲ ਰੰਗੇ ਹੋਏ, ਜਿਵੇਂ ਹੋਲੀ ਖੇਡ ਰਹੇ ਹੋਣ, ਪਰ ਮੈਦਾਨ ਛੱਡਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੀ ਨਹੀਂ ਸੀ। ਫਿਰ ਅਫ਼ਗ਼ਾਨਾਂ ਦੇ ਪੈਰ ਉੱਖੜਨ ਲੱਗੇ ਤੇ ਸਿੰਘਾਂ ਦਾ ਟਾਕਰਾ ਨਾ ਕਰ ਸਕੇ। ਸਿੰਘ ਅਫ਼ਗ਼ਾਨਾਂ ਨੂੰ ਪਛਾੜ ਦੇ ਹੋਏ ਅੰਮ੍ਰਿਤਸਰ ਵਲ ਨੂੰ ਵਧ ਰਹੇ ਸਨ।
ਇਤਨੇ ਨੂੰ ਜਹਾਨ ਖ਼ਾਨ ਦਾ ਸਹਾਇਕ ਅਤਾਈ ਖ਼ਾਨ ਆਪਣੀ ਭਾਰੀ ਫ਼ੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦਾ ਰੂਪ ਬਦਲ ਗਿਆ। ਇਸ ਘਮਸਾਣ ਦੀ ਜੰਗ ਅੰਦਰ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਜੰਗ ਦਾ ਮੈਦਾਨ ਤਿੰਨ ਕੋਹਾਂ ਵਿਚ ਫੈਲ ਚੁੱਕਿਆ ਸੀ। ਸਾਰਾ ਮੈਦਾਨ ਖ਼ੂਨ ਨਾਲ ਲੱਥ ਪਥ ਹੋ ਚੁਕਾ ਸੀ । ਬਾਬਾ ਜੀ ਅਤੇ ਸਿੰਘ ਵੀ ਤਬਾਹੀ ਮਚਾ ਰਹੇ ਸਨ। ਪੰਜ ਹਜ਼ਾਰੀ ਫ਼ੌਜ ਦਾ ਮਾਲਕ ਅਮੀਰ ਜਾਨ ਖ਼ਾਨ ਹਾਥੀ ਉੱਤੋਂ ਲੜਦਾ ਅਤੇ ਆਪਣੀ ਫ਼ੌਜ ਨੂੰ ਕਮਾਂਡ ਦੇ ਰਿਹਾ ਸੀ। ਉਸ ਵਕਤ ਪੰਜ ਸੌ ਸਿੰਘਾਂ ਦੇ ਜਥੇ ਨਾਲ ਆਪਣਾ ਜੰਗੀ ਜੌਹਰ ਦਿਖਾ ਰਹੇ ਭਾਈ ਦਿਆਲ ਸਿੰਘ ਨੇ ਘੋੜੇ ਦਾ ਪੌੜ ਜਾਨ ਖ਼ਾਨ ਦੇ ਹਾਥੀ ਦੇ ਮੱਥੇ ’ਤੇ ਰਖਾ ਕੇ ਤਲਵਾਰ ਦੇ ਵਾਰ ਨਾਲ ਅਮੀਰ ਜਾਨ ਖ਼ਾਨ ਦਾ ਸਿਰ ਲਾਹ ਦਿੱਤਾ। ਅਯੂਬ ਖਾਂ ਦਿਆਲ ਸਿੰਘ ਦੀ ਫੁਰਤੀ ਅਤੇ ਬਹਾਦਰੀ ਦੇਖ ਰਿਹਾ ਸੀ। ਇੰਨੇ ਨੂੰ ਅਮਾਨ ਖਾਂ, ਯਕੂਬ ਖਾਂ ਤੇ ਹੋਰ ਅਫ਼ਗਾਨੀ ਜਰਨੈਲ ਵੀ ਲਾਹੌਰ ਤੋਂ ਮੈਦਾਨ ਏ ਜੰਗ ਵਿਚ ਅੱਪੜ ਗਏ। ਸਿੰਘ ਪਠਾਣਾਂ ਦੇ ਹੰਕਾਰ ਦੂਰ ਕਰ ਰਹੇ ਸਨ। ਸਿੰਘਾਂ ਨੂੰ ਅੱਗੇ ਵਧਦਾ ਦੇਖ ਅਬਦਾਲੀਆਂ ਨੇ ਗਊਆਂ ਲਿਆ ਖੜੀਆਂ ਕੀਤੀਆਂ। ਬਾਬਾ ਦੀਪ ਸਿੰਘ ਜੀ ਦੇ ਆਦੇਸ਼ ’ਤੇ ਸਿੰਘਾਂ ਨੇ ਤੀਰ ਅਤੇ ਬੰਦੂਕਾਂ ਛੱਡ ਕੇ ਤਲਵਾਰਾਂ ਸੂਤ ਲਈਆਂ। ਉਸ ਵਕਤ ਯਕੂਬ ਖਾਂ ਨੇ ਬਾਬਾ ਦੀਪ ਸਿੰਘ ਨੂੰ ਯੁੱਧ ਲਈ ਵੰਗਾਰਿਆ। ਦੋਹਾਂ ’ਚ ਜ਼ਬਰਦਸਤ ਜੰਗ ਹੋਈ। ਦੋਹਾਂ ਦੇ ਘੋੜੇ ਮਾਰੇ ਗਏ। ਫਿਰ ਹੱਥੋਂ ਪਾਈ ਹੋ ਕੇ ਲੜੇ, ਬਾਬਾ ਦੀਪ ਸਿੰਘ ਜੀ ਨੇ ਗੁਰਜ ਦਾ ਵਾਰ ਕਰਦਿਆਂ ਯਕੂਬ ਖਾਂ ਦਾ ਸਿਰ ਸਣੇ ਫ਼ੌਲਾਦੀ ਟੋਪ ਚੂਰ- ਚੂਰ ਕਰ ਦਿੱਤਾ। ਅਫ਼ਗਾਨੀ ਸਿੰਘਾਂ ਦੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਇੱਥੇ ਹੀ ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ( ਗਿਆਨੀ ਗਿਆਨ ਸਿੰਘ ਅਨੁਸਾਰ ਅਮਾਨ ਖ਼ਾਨ) ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ। ਬਾਬਾ ਦੀਪ ਸਿੰਘ ਨੇ ਉਸ ਨਾਲ ਦਵੰਦ ਯੁੱਧ ਕੀਤਾ। ਜਿੱਥੇ ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਲੱਥ ਗਏ।
’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।
ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’
ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿੱਗ ਪਿਆ। ਇਹ ਕੌਤਕ ਦੇਖ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ ਸੀਸ ਸੁਧਾਸਰ ਜਾ ਕੇ ਗੁਰੂ ਦੇ ਚਰਨਾਂ ‘ਚ ਭੇਟ ਕਰਨਾ ਹੈ। ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾਸਰ ਇੱਥੋਂ ਦੋ ਕੋਹ ਦੂਰ ਹੈ।
“ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।
ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।’।
ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਗਏ। ਗੋਲੀਆਂ, ਤਲਵਾਰਾਂ ਦੀ ਖਣਕ ਅਤੇ ਜੈਕਾਰਿਆਂ ਦੀ ਗੂੰਜ ’ਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ, ਸ਼ਸਤਰ ਤੇ ਸ਼ਾਸਤਰ ਦਾ ਸੁਮੇਲ, 75 ਸਾਲਾਂ ਦੇ ਬੁੱਢਾ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਖੱਬੇ ਹੱਥ ਦੀ ਹਥੇਲੀ ’ਤੇ ਸੀਸ ਟਿਕਾਈ ਦੁਸ਼ਮਣਾਂ ਦੀ ਆਹੂ ਲਾਹ ਕੇ ਜਮਪੁਰੀ ਪਹੁੰਚਾ ਰਿਹਾ ਤੇ ਪਿੱਛੇ ਗੁਰੂ ਕੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਪੂਰੇ ਜੌਹਰ ਨਾਲ ਲੜਦੇ ਹਨ। ਸਿੰਘਾਂ ਦੇ ਧੜ ਸਿਰਾਂ ਤੋਂ ਬਿਨਾ ਲੜਨ ਦੀ ਇਸ ਅਸਚਰਜਤਾ ਅਤੇ ਅਜਿਹੇ ਅਲੋਕਾਰ ਅਲੌਕਿਕ ਦ੍ਰਿਸ਼ ਨੂੰ ਦੇਖ ਕੇ ਸਾਰੀ ਤੁਰਕਾਂ ਦੀ ਅਫ਼ਗਾਨੀ ਫ਼ੌਜ ਹੈਰਾਨ – ਪ੍ਰੇਸ਼ਾਨ ਅਤੇ ਭੈ-ਭੀਤ ਹੋ ਨੱਠਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਸ ਘਮਸਾਣ ਦੀ ਜੰਗ ਅੰਦਰ ਅਫ਼ਗ਼ਾਨ ਜਰਨੈਲਾਂ ਦੇ ਮਾਰੇ ਜਾਣ ਤੇ ਬਾਬਾ ਜੀ ਵੱਲੋਂ ਕਈ ਪਠਾਣ ਤੇ ਅਫ਼ਗ਼ਾਨੀਆਂ ਨੂੰ ਮਾਰ ਮੁਕਾਏ ਜਾਣ ਨਾਲ ਅਫ਼ਗਾਨੀ ਫ਼ੌਜ ਦੇ ਹੌਸਲੇ ਟੁੱਟ ਗਏ । ਬਾਬਾ ਦੀਪ ਸਿੰਘ ਜੀ ਲੜਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਜੀ ਨੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।ਇਸ ਤਰ੍ਹਾਂ ਇਹ ਸਾਰਾ ਕੌਤਕ ਅਕਾਲ ਪੁਰਖ ਜੀ ਨੇ ਬਾਬਾ ਦੀਪ ਸਿੰਘ ਜੀ ਰਾਹੀਂ ਗੁਰਬਾਣੀ ਦੇ ਮਹਾਂਵਾਕ
ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ।
ਇਤੁ ਮਾਰਿਗ ਪੈਰੁ ਧਰੀਜੈ
ਸਿਰ ਦੀਜੈ ਕਾਣਿ ਨ ਕੀਜੈ।
ਨੂੰ ਅਮਲੀ ਰੂਪ ’ਚ ਸਿੱਧ ਕੀਤਾ।
ਇਸੇ ਤਰਾਂ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।
ਇਸ ਜੰਗ ਵਿੱਚ ਸਰਾਇ ਗੋਤ ਦਾ ਜੱਟ ਮਹਿਤ ਸਿੰਘ ਵੀ ਬਿਨ ਸੀਸ ਚਾਟੀਵਿੰਡ ਤਕ ਲੜਿਆ। ’’ਜੱਟ ਸਰਾਇ ਮਹਿਤ ਸਿੰਘ ਤਯੋਂ ਹੀ … ਲਰਯੋ ਕਬੰਧ ਤਾਂਹਿ ਕਾ ਭਾਰਾ’’। ਜਥੇਦਾਰ ਰਾਮ ਸਿੰਘ ਵੀ ਬਿਨਾ ਸੀਸ ਲੜਿਆ। ’’ਲਰਯੋ ਕਬੰਧ ਰਾਮ ਸਿੰਘ ਕੇਰਾ’’ ਬੀਸ ਹਜ਼ਾਰੀ ਜ਼ਬਰਦਸਤ ਖਾਂ ਨਾਲ ਭਾਈ ਬਲਵੰਤ ਸਿੰਘ ਨੇ ਅਤੇ ਇਸੇ ਤਰਾਂ ਕਈ ਹੋਰਨਾਂ ਨੇ ਵੀ ਦਵੰਦ ਯੁੱਧ ਕੀਤੇ। ਇਸ ਘਮਸਾਣ ਦੀ ਜੰਗ ਅੰਦਰ ਅਫ਼ਗ਼ਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫ਼ੌਜ ਦੇ ਹੌਸਲੇ ਟੁੱਟ ਗਏ ।ਇੰਨੇ ਨੂੰ ਪਿੰਡ ਚੱਬੇ ਕੋਲ ਮੀਰ ਜਾਨ ਖਾਂ ਨੇ ਬਾਬੇ ਨੌਧ ਸਿੰਘ ਗਿੱਲ ਨੂੰ ਵੰਗਾਰਿਆ ਤਾਂ ਨੌਧ ਸਿੰਘ ਗਿੱਲ ਘੋੜਾ ਲੈ ਕੇ ਮੀਰ ਜਾਨ ਖਾਂ ਦੇ ਮੂਹਰੇ ਹੋ ਗਿਆ। ਲੜਾਈ ’ਚ ਦੋਹਾਂ ਦੇ ਘੋੜੇ ਢਿਗ ਪਏ, ਫਿਰ ਤਲਵਾਰਾਂ ਵੀ ਟੁੱਟ ਗਈਆਂ, ਸੰਜੋਆਂ ਅਤੇ ਢਾਲਾਂ ਵੀ ਟੁੱਟ ਗਈਆਂ, ਅਖੀਰ ਦੋਹਾਂ ਨੇ ਕਟਾਰਾਂ ਪਕੜ ਲਈਆਂ ਅਤੇ ਦੋਹਾਂ ਨੇ ਇੱਕੋ ਵਾਰ ਹੀ ਕਟਾਰਾਂ ਨੂੰ ਇਕ ਦੂਜੇ ਦੇ ਪੇਟ ’ਚ ਧਸਾ ਦਿੱਤੀਆਂ। ਬਾਬਾ ਨੌਧ ਸਿੰਘ ਜੀ ਜਿੱਥੇ ਸ਼ਹੀਦੀ ਪਾ ਗਏ ਉਸ ਥਾਂ ਤਰਨ ਤਾਰਨ ਰੋਡ ’ਤੇ ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।
ਇਸੇ ਤਰਾਂ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ’ਚ ਬਾਬਾ ਦੀਪ ਸਿੰਘ ਜੀ ਦੇ ਨਾਮਵਰ ਸਾਥੀ ਸਿੰਘਾਂ ਜਥੇਦਾਰ ਰਾਮ ਸਿੰਘ, ਜਥੇਦਾਰ ਸਜਣ ਸਿੰਘ, ਜਥੇਦਾਰ ਬਹਾਦਰ ਸਿੰਘ, ਜਥੇਦਾਰ ਹੀਰਾ ਸਿੰਘ, ਭਾਈ ਨਿਹਾਲ ਸਿੰਘ, ਭਾਈ ਸੰਤ ਸਿੰਘ, ਭਾਈ ਕੌਰ ਸਿੰਘ, ਭਾਈ ਸੁੱਧਾ ਸਿੰਘ, ਭਾਈ ਬਸੰਤ ਸਿੰਘ, ਭਾਈ ਬੀਰ ਸਿੰਘ, ਭਾਈ ਮੰਨਾ ਸਿੰਘ, ਭਾਈ ਹੀਰਾ ਸਿੰਘ, ਭਾਈ ਗੰਡਾ ਸਿੰਘ, ਭਾਈ ਲਹਿਣਾ ਸਿੰਘ, ਭਾਈ ਗੁਪਾਲ ਸਿੰਘ, ਭਾਈ ਰਣ ਸਿੰਘ, ਭਾਈ ਭਾਗ ਸਿੰਘ, ਭਾਈ ਨੱਥਾ ਸਿੰਘ,ਭਾਈ ਬਾਲ ਸਿੰਘ,ਭਾਈ ਤਾਰਾ ਸਿੰਘ ਕੰਗ ਦੇ ਨਾਮ ਗਿਆਨੀ ਗਿਆਨ ਸਿੰਘ ਨੇ ਗਿਣਵਾਏ ਹਨ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਧਰਮ ਤੋਂ ਪ੍ਰੇਰਿਤ ਸਾਡੇ ਬਜ਼ੁਰਗਾਂ ਵੱਲੋਂ ਕੀਤੇ ਗਏ ਕਾਰਨਾਮੇ ਕੌਮਾਂ ਦੀ ਸਮੁੱਚੀ ਚੇਤਨਤਾ – ਸਿਮ੍ਰਿਤੀਆਂ ਦਾ ਹਿੱਸਾ ਹੋ ਕੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਹੋ ਨਿੱਬੜਦੀਆਂ ਹਨ।
ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਵਿਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉੱਥੇ ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।ਤਰਨ ਤਾਰਨ ਵਾਲੀ ਸੜਕ ’ਤੇ ਜਿੱਥੇ ਪਾਪਾ ਜੀ ਦਾ ਸਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸ਼ਹੀਦ ਗੰਜ ਅਤੇ ਜਿਸ ਅਸਥਾਨ ‘ਤੇ ਬਾਬਾ ਜੀ ਦਾ ਸੀਸ ਧੜ ਨਾਲੋਂ ਅਲੱਗ ਹੋਇਆ ਸੀ ਇਸ ਅਸਥਾਨ ‘ਤੇ ਬਹੁਤ ਵੱਡੇ ਆਕਾਰ ਦਾ ਟਾਹਲੇ ਦਾ ਰੁੱਖ ਹੋਣ ਕਰਕੇ ਉੱਥੇ ਹੁਣ ਸ਼ਾਨਦਾਰ ਅਤੇ ਅਤਿ ਸੁੰਦਰ ਗੁਰਦੁਆਰਾ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹੈ। ਜਿਸ ਦੀ ਕਾਰਸੇਵਾ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ ਕਰਵਾ ਰਹੇ ਹਨ। ਇੱਥੇ ਲੰਗਰ ਹਾਲ ਦੀ ਤਿੰਨ ਮੰਜ਼ਲੀ ਨਵੀਂ ਇਮਾਰਤ ਦੀ ਉਸਾਰੀ ਦੀ ਕਾਰ ਸੇਵਾ ਚੱਲ ਰਹੀ ਹੇ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੱਥਾ ਟੇਕਣ, ਸੇਵਾ ਅਤੇ ਮੁਰਾਦਾਂ ਪਾਉਣ ਆਉਂਦੀਆਂ ਹਨ। ਜਦ ਕਿ ਐਤਵਾਰ ਨੂੰ ਚੁਪਹਿਰਾ ਗੁਰਮਤਿ ਸਮਾਗਮ ’ਚ ਅਣਗਿਣਤ ਸੰਗਤਾਂ ਦੀ ਆਮਦ ਨਾਲ ਗੁਰਦੁਆਰਾ ਟਾਹਲਾ ਸਾਹਿਬ ਅੱਜ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਚੁੱਕਿਆ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਸਤਰਾਂ ਵਿਚ ਸੰਭਾਲ ਕੇ ਰੱਖਿਆ ਗਿਆ ਹੈ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।15 ਨਵੰਬਰ ਨੂੰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੇ।
( ਪ੍ਰੋ: ਸਰਚਾਂਦ ਸਿੰਘ ਖਿਆਲਾ, ਫ਼ੋਨ : 9781355522)
Like this:
Like Loading...
Related
Leave a Reply