August 17, 2026

Justice News

ਅਵਾਮ ਦੀ ਆਵਾਜ਼

ਪੁਲਿਸ ਸ਼ਹੀਦੀ ਦਿਵਸ ਮਨਾਇਆ, ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ ਨੇ ਪੁਲਿਸ ਲਾਈਨਜ਼ ਵਿੱਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

 ਖੰਨਾ, /ਲੁਧਿਆਣਾ,( ਜਸਟਿਸ ਨਿਊਜ਼)
ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਜਯੋਤੀ ਯਾਦਵ ਬੈਂਸ ਨੇ ਮੰਗਲਵਾਰ ਨੂੰ ਪੁਲਿਸ ਸ਼ਹੀਦੀ ਦਿਵਸ ਮੌਕੇ ਪੁਲਿਸ ਲਾਈਨਜ਼ ਖੰਨਾ ਵਿਖੇ ਪੁਲਿਸ ਸੈਨਿਕ ਬਲਾਂ ਨਾਲ ਸਬੰਧਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
 ਇਸ ਮੌਕੇ ਬੋਲਦਿਆਂ ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ ਨੇ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅਸੀਂ ਸਾਰੇ ਸ਼ਾਂਤੀਪੂਰਨ ਮਾਹੌਲ ਅਤੇ ਭਾਈਚਾਰਕ ਸਾਂਝ ਵਿੱਚ ਰਹਿ ਰਹੇ ਹਾਂ।  ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲ ਸਕਦੇ।
 ਪੁਲਿਸ ਸ਼ਹੀਦੀ ਦਿਵਸ ਪਰੇਡ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਹ ਦਿਨ ਸਾਰੇ ਰਾਜਾਂ ਦੀ ਪੁਲਿਸ ਅਤੇ ਦੇਸ਼ ਭਰ ਵਿੱਚ ਨੀਮ ਫ਼ੌਜੀ ਬਲਾਂ ਵੱਲੋਂ ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 21 ਅਕਤੂਬਰ, 1959 ਨੂੰ ਚੀਨੀ ਫੌਜ ਦੁਆਰਾ ਕੀਤੇ ਗਏ ਹਮਲੇ ਦੌਰਾਨ ਹੌਟ ਸਪ੍ਰਿੰਗਜ਼ (ਲਦਾਖ) ਵਿਖੇ ਸ਼ਹੀਦੀ ਪ੍ਰਾਪਤ ਕੀਤੀ ਸੀ।  ਉਨ੍ਹਾਂ ਦੱਸਿਆ ਕਿ ਹਰ ਸਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨਾਲ ਸਬੰਧਤ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।
 ਐਸ.ਐਸ.ਪੀ ਖੰਨਾ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਪੁਲਿਸ ਜ਼ਿਲ੍ਹਾ ਖੰਨਾ ਦੇ ਕੁੱਲ 37 ਪੁਲਿਸ ਮੁਲਾਜ਼ਮਾਂ ਨੇ ਅੱਤਵਾਦ ਦਾ ਮੁਕਾਬਲਾ ਕਰਦੇ ਹੋਏ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।  ਉਹਨਾਂ ਭਰੋਸਾ ਦਿਵਾਇਆ ਕਿ ਪੰਜਾਬ ਪੁਲਿਸ ਇਹਨਾਂ ਦੇ ਪਰਿਵਾਰਾਂ ਨਾਲ ਖੜੀ ਹੈ, ਜੋ ਕਿ ਜ਼ਿਲ੍ਹਾ ਲੁਧਿਆਣਾ ਅਤੇ ਪੰਜਾਬ ਦੀਆਂ ਹੋਰ ਥਾਵਾਂ ਵਿੱਚ ਰਹਿ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਅੱਤਵਾਦ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਦੂਜੇ ਰਾਜਾਂ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਅੰਦਰੂਨੀ ਗੜਬੜੀਆਂ ਦਾ ਮੁਕਾਬਲਾ ਕਰਨ ਲਈ ਦਿੱਤੀਆਂ ਕੁਰਬਾਨੀਆਂ ਦੀ ਵੀ ਸ਼ਲਾਘਾ ਕੀਤੀ।
ਡੀ.ਐਸ.ਪੀ ਖੰਨਾ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਦੀ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਅਤੇ ਇਸ ਮੌਕੇ ਹਾਜ਼ਰ ਅਧਿਕਾਰੀਆਂ ਅਤੇ ਪਤਵੰਤਿਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਡੀ.ਐਸ.ਪੀ (ਐਨ.ਡੀ.ਪੀ.ਐਸ) ਕਰਮਜੀਤ ਸਿੰਘ ਗਰੇਵਾਲ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਜਾਨਾਂ ਵਾਰਨ ਵਾਲੇ ਪੁਲਿਸ ਅਤੇ ਨੀਮ ਫੌਜੀ ਬਲਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਵਾਂ ਦੀ ਸੂਚੀ ਵੀ ਪੜ੍ਹ ਕੇ ਸੁਣਾਈ ਗਈ।
 ਬਾਅਦ ਵਿਚ ਐਸ.ਐਸ.ਪੀ ਖੰਨਾ ਡਾ. ਜਯੋਤੀ ਯਾਦਵ ਬੈਂਸ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼ਿਖਾ ਭਗਤ, ਐਸ.ਡੀ.ਐਮ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਬਲ ਵੀ ਵੰਡੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਿਖਾ ਭਗਤ, ਐਸ.ਡੀ.ਐਮ ਡਾ. ਬਲਜਿੰਦਰ ਸਿੰਘ ਢਿੱਲੋਂ, ਐਸ.ਪੀ.(ਹੈਡਕੁਆਰਟਰ) ਤਰੁਣ ਰਤਨ, ਐਸ.ਪੀ ਪ੍ਰਸ਼ੋਤਮ ਸਿੰਘ ਬੱਲ, ਐਸ.ਪੀ ਪਵਨਜੀਤ, ਐਸ.ਪੀ ਹਰਪਿੰਦਰ ਕੌਰ ਗਿੱਲ, ਡੀ.ਐਸ.ਪੀ (ਡੀ) ਮੋਹਿਤ ਕੁਮਾਰ, ਡੀ.ਐਸ.ਪੀ (ਐਨ.ਡੀ.ਪੀ.ਐਸ) ਕਰਮਜੀਤ ਸਿੰਘ ਗਰੇਵਾਲ, ਡੀ.ਐਸ.ਪੀ ਖੰਨਾ ਵਿਨੋਦ ਕੁਮਾਰ, ਡੀ.ਐਸ.ਪੀ ਸਮਰਾਲਾ ਤਰਲੋਚਨ ਸਿੰਘ, ਡੀ.ਐਸ.ਪੀ ਪਾਇਲ ਜਸਵਿੰਦਰ ਸਿੰਘ, ਮਾਸਟਰ ਗੁਰਮੀਤ ਸਿੰਘ ਬਾਵਾ, ਸਮੂਹ ਐਸ.ਐਚ.ਓਜ਼, ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਸ਼ਹੀਦਾਂ ਦੇ ਪਰਿਵਾਰ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.