August 17, 2026

Justice News

ਅਵਾਮ ਦੀ ਆਵਾਜ਼

ਖੰਨਾ ਵਿਖੇ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਲਈ ਜਾਗਰੂਕਤਾ ਰੈਲੀ ਅਤੇ ਕਿਸਾਨ ਕੈਂਪ ਲਗਾਇਆ

ਖੰਨਾ, (ਲੁਧਿਆਣਾ):( ਜਸਟਿਸ ਨਿਊਜ਼)
ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਅੱਗੇ ਤੋਰਦਿਆਂ ਏ.ਐੱਸ. ਸਕੂਲ ਖੰਨਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਸੀ.ਆਈ.ਆਈ. ਫਾਊਂਡੇਸ਼ਨ ਵਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਸ.ਪੀ ਖੰਨਾ ਡਾ. ਜਯੋਤੀ ਯਾਦਵ ਬੈਂਸ ਵਲੋਂ ਇਸ ਸਮਾਗਮ ਲਈ ਖੇਤੀਬਾੜੀ ਵਿਭਾਗ ਦੀ ਸ਼ਲਾਘਾ ਕੀਤੀ ਅਤੇ 4 ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਕਰੀਬ 400 ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਦੀ ਸੰਭਾਲ ਅਤੇ ਨਸ਼ਿਆਂ ਤੋਂ ਬਚ ਕੇ ਰਹਿਣ ਲਈ ਅਪੀਲ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆ ਐਸ.ਡੀ.ਐਮ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਵਲੋਂ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਝੋਨੇ ਦੀ ਪਰਾਲੀ ਬਿਨ੍ਹਾਂ ਸਾੜੇ ਸੰਭਾਲਣ ਲਈ ਪ੍ਰੇਰਿਆ। ਉਨ੍ਹਾਂ ਸਮਾਗਮ ਵਿੱਚ ਹਾਜ਼ਰ ਪਰਾਲੀ ਪ੍ਰਬੰਧਨ ਕਲੱਸਟਰ ਅਤੇ ਨੋਡਲ ਅਫ਼ਸਰਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਲਈ ਹਰ ਤਰਾਂ ਦੀ ਸਹਾਇਤਾ ਕਰਨ ਦੀ ਹਦਾਇਤ ਕੀਤੀ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਗੁਰਦੀਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਅਜਿਹੇ ਸਮਾਗਮ ਰੋਜ਼ਾਨਾ ਹਰ ਬਲਾਕ ਵਿੱਚ ਕੀਤੇ ਜਾ ਰਹੇ ਹਨ ਤਾਂ ਜੋ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੁਹਿੰਮ ਅਧੀਨ ਜਾਗਰੂਕਤਾ ਵੈਨਾਂ ਚਲਾ ਕੇ, ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾ ਕੇ, ਸਕੂਲਾਂ ਵਿੱਚ ਸਮਾਗਮ ਕਰਵਾ ਕੇ, ਅਖਬਾਰਾਂ ਰਾਹੀਂ ਅਤੇ ਵਟਸਐਪ ਸੰਦੇਸ਼ਾਂ ਰਾਹੀਂ, ਕੰਧਾਂ ਤੇ ਲਿਖੇ ਸਲੋਗਨਾਂ ਰਾਹੀਂ ਵੀ ਕਿਸਾਨਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਇੰਜਨੀਅਰ ਅਮਨਪ੍ਰੀਤ ਸਿੰਘ ਘੇਈ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲ ਤੱਕ 9000 ਤੋਂ ਵੱਧ ਪਰਾਲੀ ਸੰਭਾਲਣ ਵਾਲੀਆਂ ਖੇਤੀ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ ਅਤੇ ਇਸ ਸਾਲ ਵੀ ਹੁਣ ਤੱਕ ਕਿਸਾਨਾਂ ਵਲੋਂ ਤਕਰੀਬਨ 500 ਹੋਰ ਮਸ਼ੀਨਾਂ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਮਸ਼ੀਨਰੀ ਦੀ ਉਪਲੱਬਧਤਾ ਨੂੰ ਵੇਖਣ ਲਈ ਕਿਸਾਨ ਪੰਜਾਬ ਸਰਕਾਰ ਦੀ “ਉੱਨਤ ਕਿਸਾਨ” ਮੋਬਾਇਲ ਐਪ ਜਰੂਰ ਡਾਊਨਲੋਡ ਕਰਨ ਅਤੇ ਕਿਰਾਏ ‘ਤੇ ਲੈਣ ਲਈ ਇਸ ਐਪ ਰਾਹੀਂ ਮਸ਼ੀਨਾਂ ਦੀ ਬੁਕਿੰਗ ਕਰਨ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਖੰਨਾ ਡਾ. ਰਮਿੰਦਰ ਸਿੰਘ ਵਲੋਂ ਕਿਸੇ ਵੀ ਮਦਦ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ।
ਵਿਦਿਆਰਥੀਆਂ ਲਈ ਕਰਵਾਏ ਗਏ ਪੇਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਬਾਕੀ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਵੀ ਹੌਸਲਾ ਅਫ਼ਜ਼ਾਈ ਕੀਤੀ ਗਈ। ਵਿਦਿਆਰਥੀਆਂ ਵਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ। ਪਰਾਲੀ ਨੂੰ ਬਿਨ੍ਹਾਂ ਸਾੜੇ ਸੰਭਾਲਣ ਵਾਲੇ 15 ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਕੈਂਪ ਵਿੱਚ ਸਨਮਾਨਿਤ ਵੀ ਕੀਤਾ ਗਿਆ। ਸਮੂਹ ਹਾਜਰੀਨ ਵਲੋਂ ਵਾਤਾਵਰਣ ਸੰਭਾਲਣ ਲਈ ਹੱਥ ਚੁੱਕ ਕੇ ਸਾਂਝੇ ਤੌਰ ਤੇ ਸਹੁੰ ਵੀ ਚੁੱਕੀ ਗਈ। ਖੇਤੀਬਾੜੀ ਵਿਭਾਗ ਤੋਂ ਡਾ. ਸ਼ਰਤਾਜ ਸਿੰਘ, ਡਾ.ਨਵਜੋਤ ਕੌਰ, ਡਾ. ਹਰਪੁਨੀਤ ਕੌਰ ਵਲੋਂ ਵੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ, ਕਿਸਾਨ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ/ਪੰਚਾਇਤਾਂ ਕੋਲ ਉਪਲੱਬਧ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰਾਲੀ ਨੂੰ ਬਿਨ੍ਹਾਂ ਸਾੜੇ ਸੰਭਾਲਣ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ।

Leave a Reply

Your email address will not be published. Required fields are marked *

Copyright © All rights reserved. | Newsphere by AF themes.