August 17, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਬਿਨ੍ਹਾਂ ਲਾਇਸੰਸ ਤੇ ਬਗ਼ੈਰ ਮਨਜ਼ੂਰੀ ਪਟਾਕੇ ਵੇਚਣ ਜਾਂ ਸਟੋਰ ਕਰਨ ‘ਤੇ ਪੂਰਨ ਪਾਬੰਦੀ

ਅਕਤੂਬਰ:–(ਸ਼ਹਿਬਾਜ਼ ਚੌਧਰੀ)
ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐਸ. ਤਿੜਕੇ ਨੇ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਨ ਹਿਤ ਪਟੀਸ਼ਨ ਨੰਬਰ 728 ਆਫ਼ 2015 ਰਾਹੀਂ ਜਾਰੀ ਹੋਏ ਹੁਕਮਾਂ ਦੇ ਸਨਮੁੱਖ ਸਿਰਫ ਗਰੀਨ ਪਟਾਕਿਆਂ ਦੀ ਵਰਤੋਂ ਦੀ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ ਦੀਵਾਲੀ, ਗੁਰਪੁਰਬ ਵਾਲੇ ਦਿਨ ਪਟਾਕੇ ਚਲਾਉਣ ਦੇ ਸਮੇਂ ਸਬੰਧੀ ਅਤੇ ਪਟਾਕਿਆਂ ਦੀ ਸਟੋਰੇਜ਼/ਵੇਚਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
 ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਦੀ ਪੂਰਵ-ਪ੍ਰਵਾਨਗੀ ਜਾਂ ਲਾਇਸੰਸ ਬਗ਼ੈਰ ਪਟਾਕੇ ਵੇਚਣ ਅਤੇ ਸਟੋਰ ਕਰਨ ‘ਤੇ ਪੂਰਨ ਪਾਬੰਦੀ ਲਗਾਈ ਹੈ।
   ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਸਥਾਨ ਨਿਰਧਾਰਿਤ ਕੀਤੇ ਹਨ । ਹੁਕਮਾਂ ਮੁਤਾਬਕ ਮਾਲੇਰਕੋਟਲਾ ਵਿਖੇ ਪੀ.ਡਬਲਯੂ.ਡੀ. ਰੈਸਟ ਹਾਊਸ ਦੇ ਸਾਹਮਣੇ ਡਿਫੈਂਸ ਵਿਭਾਗ ਦੀ ਖ਼ਾਲੀ ਜਗ੍ਹਾ, ਸਬ ਡਵੀਜ਼ਨ, ਅਹਿਮਦਗੜ੍ਹ ਵਿਖੇ ਗਾਂਧੀ ਸਕੂਲ ਅਹਿਮਦਗੜ੍ਹ ਦੇ ਪਿਛਲੇ ਪਾਸੇ ਅਤੇ ਸਬ ਡਵੀਜ਼ਨ ਅਮਰਗੜ੍ਹ ਵਿਖੇ ਦੁਸਹਿਰਾ ਗਰਾਊਂਡ ਵਿਖੇ ਸਥਾਨ ਨਿਰਧਾਰਿਤ ਕੀਤੇ ਗਏ ਹਨ, ਜਦਕਿ ਹੋਰ ਕਿਸੇ ਵੀ ਜਗ੍ਹਾ ‘ਤੇ ਪਟਾਕਿਆਂ ਦੀ ਵਿੱਕਰੀ ਨਹੀਂ ਕੀਤੀ ਜਾਵੇਗੀ। ਇਨਾਂ ਤੋਂ ਇਲਾਵਾ ਇਸੇ ਹੋਰ ਥਾਂ ਤੇ ਪਟਾਕੇ ਚਲਾਉਣ ਅਤੇ ਹੋਰ ਜਲਨਸ਼ੀਲ ਪਦਾਰਥਾਂ ਦੀ ਵਰਤੋਂ ‘ਤੇ ਵੀ ਪੂਰਨ ਪਾਬੰਦੀ ਲਗਾਈ ਹੈ।
ਹੁਕਮਾਂ ਵਿੱਚ ਬੇਰੀਅਮ ਸਾਲਟ ਤੇ ਕੰਪਾਊਂਡ ਆਫ਼ ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈਡ ਆਫ਼ ਸਟਰੋਨਟੀਅਮ ਕਰੋਮੇਟ ਤੋਂ ਬਣੇ ਪਟਾਕੇ ਵੇਚਣ ‘ਤੇ ਪੂਰਨ ਪਾਬੰਦੀ ਲਗਾਈ ਹੈ। ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਮਿੱਥੇ ਸਮੇਂ ‘ਤੇ ਹੀ ਚਲਾਏ ਜਾਣਗੇ। ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਤੇ ਵੀ ਪੂਰਨ ਤੌਰ ਤੇ ਪਾਬੰਦੀ ਹੋਵੇਗੀ।
  ਦੀਵਾਲੀ ਵਾਲੇ ਦਿਨ (20 ਅਕਤੂਬਰ) ਨੂੰ ਪਟਾਕੇ ਰਾਤ 8:00 ਵਜੇ ਤੋਂ ਰਾਤ 10:00 (2 ਘੰਟੇ) ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ (5 ਨਵੰਬਰ) ਨੂੰ ਪਟਾਕੇ ਚਲਾਉਣ ਦਾ ਸਮਾਂ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ ਤੱਕ (ਇੱਕ ਘੰਟਾ) ਅਤੇ ਰਾਤ 09:00 ਵਜੇ ਤੋਂ ਰਾਤ 10:00 ਵਜੇ ਤੱਕ (ਇੱਕ ਘੰਟਾ), ਕ੍ਰਿਸਮਿਸ ਵਾਲੇ ਦਿਨ ( 25 ਤੇ 26 ਦਸੰਬਰ) ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ  ਤੋਂ ਸਵੇਰ 12:30 ਵਜੇ ਤੱਕ ਅਤੇ ਨਵਾਂ ਸਾਲ(31 ਦਸੰਬਰ ਤੋਂ 01 ਜਨਵਰੀ  ਨੂੰ ਪਟਾਕੇ ਚਲਾਉਣ ਦਾ ਸਮਾਂ ਰਾਤ 11:55 ਵਜੇ ਤੋਂ ਸਵੇਰ 12.30 ਤੱਕ  ਲਈ ਸਮਾਂ ਨਿਯਤ ਕੀਤਾ ਹੈ।
   ਹੁਕਮਾਂ ਮੁਤਾਬਕ ਤਿਉਹਾਰਾਂ ਦਾ ਸੀਜ਼ਨ ਮੱਦੇ ਨਜ਼ਰ ਪਟਾਕਿਆਂ ਆਦਿ ਦੀ ਵਰਤੋਂ, ਖ਼ਰੀਦੋ ਫ਼ਰੋਖ਼ਤ ਅਤੇ ਸਟੋਰੇਜ ਕੀਤੀ ਜਾਂਦੀ ਹੈ ਪਰੰਤੂ ਮੁਕੰਮਲ ਸਾਵਧਾਨੀ ਨਾ ਵਰਤਣ ਕਾਰਨ ਕਈ ਤਰ੍ਹਾਂ ਦੇ ਹਾਦਸੇ ਪੇਸ਼ ਆਉਂਦੇ ਹਨ,ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਪਟਾਕਿਆਂ ਦੀ ਵਰਤੋਂ ਕਾਰਨ ਪੇਸ਼ ਆਉਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.