August 17, 2026

Justice News

ਅਵਾਮ ਦੀ ਆਵਾਜ਼

ਵਿਦੇਸ਼ੀ ਗੈਂਗਸਟਰ ਹੈਪੀ ਜੱਟ ਦੇ ਨਸ਼ਾ ਤਸ਼ਕਰੀ ਮਾਡਿਊਲ ਦਾ ਪਰਦਾਫਾਸ਼; 25.9 ਕਿੱਲੋਗ੍ਰਾਮ ਹੈਰੋਇਨ, ਪਿਸਤੌਲ ਸਮੇਤ ਇੱਕ ਕਾਬੂ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,//////////////ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਨਾਰਕੋਟਿਕਸ-ਅੱਤਵਾਦ ਨੈੱਟਵਰਕ ਨੂੰ ਵੱਡਾ ਝੱਟਕਾ ਦਿੰਦੇ ਹੋਏ, ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਬਾਰਡਰ ਰੇਂਜ ਨੇ ਸੀਮਾਂ ਸੁਰੱਖਿਆਂ ਬਲ (ਬੀਐਸਐਫ) ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਵਿਦੇਸ਼ ਅਧਾਰਤ ਤਸ਼ਕਰ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਵੱਲੋਂ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਮਾਡਿਊਲ, ਦੇ ਮੁੱਖ ਕਾਰਕੁੰਨ ਨੂੰ 25.9 ਕਿੱਲੋ (25 ਪੈਕੇਟ ) ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਾਜਨ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਬਹਿੜਵਾਲ, ਤਹਿਸੀਲ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਇੱਕ ਨਿੱਜ਼ੀ ਸੈਲੂਨ ਵਿੱਚ ਹੇਅਰ ਡ੍ਰੈਸਰ ਵਜੋਂ ਕੰਮ ਕਰਦਾ ਸੀ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਆਧੁਨਿਕ 9 ਐਮਐਮ ਗਲੌਕ ਪਿਸਤੌਲ ਵੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੈਂਗਸਟਰ-ਕਮ-ਨਸ਼ਾ ਤਸ਼ਕਰ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ, ਜੋ ਕਿ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ, ਵਿਦੇਸ਼ ਤੋਂ ਇਸ ਮਾਡਿਊਲ ਨੂੰ ਚਲਾ ਰਿਹਾ ਸੀ ਅਤੇ ਪਾਕਿਸਤਾਨ ਸਥਿਤ ਤਸ਼ਕਰਾਂ ਦੇ ਸੰਪਰਕ ਵਿੱਚ ਸੀ, ਜੋ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਸੁੱਟਣ ਲਈ ਡਰੋਨ ਦੀ ਵਰਤੋਂ ਕਰਦੇ ਸਨ।
ਡੀਜੀਪੀ ਨੇ ਕਿਹਾ ਕਿ ਮੁਲਜ਼ਮ ਹੈਪੀ ਜੱਟ ਇੱਕ ਭਗੌੜਾ ਅਪਰਾਧੀ ਹੈ ਅਤੇ ਰਾਜ ਵਿੱਚ ਘੱਟੋਂ-ਘੱਟ 21 ਅਪਰਾਧਿਕ ਮਾਮਲਿਆਂ ਦਾ ਸਾਹਮਣਾਂ ਕਰ ਰਿਹਾ ਹੈ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਉਸਦੀ ਹਵਾਲਗੀ ਲਈ ਸਰਗਰਮ ਹਨ। ਉਨ੍ਹਾਂ ਕਿਹਾ ਕਿ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਅਤੇ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏ.ਐਨ.ਟੀ.ਐਫ. ਬਾਰਡਰ ਰੇਂਜ ਦੇ ਐਸ.ਪੀ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਖ਼ਤਾ ਖੁਫ਼ੀਆ ਇਤਲਾਹ ਤੇ ਕਾਰਵਾਈ ਕਰਦੇ ਹੋਏ, ਏ.ਐਨ.ਟੀ.ਐਫ. ਬਾਰਡਰ ਰੇਂਜ ਅਤੇ ਬੀਐਸਐਫ ਨੇ ਤਾਲਮੇਲ-ਪੂਰਨ ਅਤੇ ਸਾਂਝੀ ਕਾਰਵਾਈ  ਤਹਿਤ ਦੋਸ਼ੀ ਸਾਜਨ ਸਿੰਘ ਨੂੰ ਪਿੰਡ ਬਹਿੜਵਾਲ ਦੇ ਨੇੜਿਓਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਹੈਰੋਇਨ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਇੱਕ ਦਿਨ ਪਹਿਲਾਂ ਹੀ ਪਾਕਿਸਤਾਨ ਤੋਂ ਪਿੰਡ ਡਾਲੇਕੇ ਵਿੱਚ ਇੱਕ ਭਾਰੀ ਡਰੋਨ ਰਾਹੀਂ ਪਹੁੰਚਾਈ ਗਈ ਸੀ। ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਸਾਜਨ ਵੱਖ-ਵੱਖ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਹੈਪੀ ਜੱਟ ਦੇ ਸੰਪਰਕ ਵਿੱਚ ਸੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀਆਂ ਜਾ ਰਹੀਆਂ ਹੈਰੋਇਨ ਦੀ ਖੇਪਾਂ ਪ੍ਰਾਪਤ ਕਰ ਰਿਹਾ ਸੀ।
    ਐਸ.ਪੀ. ਨੇ ਕਿਹਾ ਕਿ ਇਸ ਮਾਡਿਊਲ ਦੇ ਦੋ ਹੋਰ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਫ਼ੜਨ ਲਈ ਭਾਲ ਕਰ ਰਹੀਆਂ ਹਨ।
ਇਸ ਸਬੰਧ ਵਿੱਚ ਐਫ਼ਆਈਆਰ ਨੰ. 252 ਮਿਤੀ 18/9/2025 ਨੂੰ ਐਕਟ ਦੀ ਧਾਰਾ 21, 25 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਸਟੇਸ਼ਨ, ਐਸਏਐਸ ਨਗਰ ਮੋਹਾਲੀ ਵਿਖੇ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.