ਕਰਮਜੀਤ ਗਰੇਵਾਲ ਦੀ ਵਰਨਮਾਲ਼ਾ ਵੀਡੀਓ ਨੂੰ 2.20 ਕਰੋੜ ਲੱਖ ਵਿਊਜ ਮਿਲੇ-ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਪ੍ਰਾਪਤੀ ਲਈ ਕੀਤਾ ਵਿਸ਼ੇਸ਼ ਸਨਮਾਨ
ਲੁਧਿਆਣਾ
(ਜਸਟਿਸ ਨਿਊਜ਼ )
ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਲੁਧਿਆਣਾ ਡਿੰਪਲ ਮਦਾਨ ਨੇ ਮਾਸਟਰ ਕਰਮਜੀਤ ਸਿੰਘ ਗਰੇਵਾਲ ਕੌਮੀ ਅਧਿਆਪਕ ਪੁਰਸਕਾਰ ਜੇਤੂ ਅਧਿਆਪਕ ਨੂੰ ਸਨਮਾਨਿਤ ਕੀਤਾ।
ਮਾਸਟਰ ਕਰਮਜੀਤ ਵੱਲੋਂ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਦੇ ਬੱਚਿਆਂ ਨਾਲ਼ ਮਿਲ ਕੇ ਬਣਾਈ ਪੰਜਾਬੀ ਵਰਨਮਾਲ਼ਾ ਵੀਡੀਓ ਨੂੰ ਯੂਟਿਊਬ ’ਤੇ 2 ਕਰੋੜ 20 ਲੱਖ ਤੋਂ ਵੱਧ ਵਿਊ ਮਿਲ਼ੇ ਹਨ। ਵਰਨਣਯੋਗ ਹੈ ਕਿ ਕਰਮਜੀਤ ਗਰੇਵਾਲ ਵੱਲੋਂ ਬਣਾਏ ਸਿੱਖਿਆ ਸਬੰਧੀ ਵੀਡੀਓ ਸਿੱਖਿਆ ਵਿਭਾਗ ਵੱਲੋਂ ਵੀ ਸਕੂਲਾਂ ਵਿੱਚ ਵੱਖ ਵੱਖ ਡਿਜੀਟਲ ਮਾਧਿਅਮ ਰਾਹੀਂ ਪ੍ਰਸਾਰਿਤ ਕੀਤੇ ਜਾਂਦੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਤਕਨੀਕ ਅਤੇ ਏ-ਆਈ ਦੇ ਯੁੱਗ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਤੇ ਅਧਿਆਪਕ ਵੱਲੋਂ ਕੀਤਾ ਇਹ ਉਪਰਾਲਾ ਸ਼ਲਾਘਾਣਯੋਗ ਹੈ। ਇਹ ਬੱਚੇ ਪ੍ਰਤਿਭਾ, ਹੁਨਰ, ਲਗਨ ਤੇ ਮਿਹਨਤ ਕਰਨ ਵਿੱਚ ਵਿੱਚ ਕਿਸੇ ਤੋਂ ਘੱਟ ਨਹੀਂ ।
ਇਸ ਤੋਂ ਪਹਿਲਾਂ ਗਰੇਵਾਲ ਵੱਲੋਂ ਬਣਾਈ ਵੀਡੀਓ ਨੂੰ ਅਮੈਰੀਕਨ ਇੰਡੀਆ ਫਾਂਊਂਡੇਸ਼ਨ ਟ੍ਰਸਟ ਵੱਲੋਂ ਪੂਰੇ ਉੱਤਰੀ ਭਾਰਤ ਵਿੱਚੋਂ ਪਹਿਲਾ ਇਨਾਮ ਮਿਲ ਚੁੱਕਿਆ ਹੈ। ਇਨ੍ਹਾਂ ਦੀਆਂ ਲਿਖੀਆਂ 13 ਬਾਲ ਸਾਹਿਤ ਦੀਆਂ ਪੁਸਤਕਾਂ ਸਿੱਖਿਆ ਵਿਭਾਗ ਵੱਲੋਂ ਸਕੂਲ ਲਾੲਬ੍ਰੇਰੀਆਂ ਲਈ ਪ੍ਰਵਾਨ ਹਨ। ਇਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ ਬੀ ਐੱਸ ਈ ਦੇ ਸਲੇਬਸ ਵਿੱਚ ਸ਼ਾਮਲ ਹਨ। ਇਨ੍ਹਾਂ ਵੱਲੋਂ ਲਿਖੀ ਦੇਸ਼ ਭਗਤੀ ਦੇ ਰੰਗਾਂ ਵਿੱਚ ਰੰਗੀ ਲੋਰੀ ਨੂੰ ਭਾਰਤ ਸਰਕਾਰ ਵੱਲੋਂ ਇੱਕ ਲੱਖ (100000) ਰੁਪਏ ਦਾ ਇਨਾਮ ਵੀ ਮਿਲ਼ ਚੁੱਕਿਆ ਹੈ।
ਇਸ ਮੌਕੇ ਅਮਨਦੀਪ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ, ਕੁਲਵੀਰ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਪ੍ਰਿੰਸੀਪਲ ਹਰਨੀਤ ਸਿੰਘ ਭਾਟੀਆ, ਕੁਲਵੰਤ ਸਿੰਘ ਪੰਡੋਰੀ ਸਟੇਟ ਰਿਸੋਰਸ ਪਰਸਨ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।
ਇਸ ਪ੍ਰਾਪਤੀ ਬਾਰੇ ਗਰੇਵਾਲ ਨੇ ਕਿਹਾ ਕਿ ਸਰਲ ਢੰਗ ਨਾਲ਼ ਬਣਾਈ ਇਸ ਵੀਡੀਓ ਨੂੰ ਪੰਜਾਬ ਅਤੇ ਪੂਰੇ ਭਾਰਤ ਦੇ ਹੋਰ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਵਿੱਚੋਂ ਵੀ ਭਰਪੂਰ ਪਿਆਰ ਮਿਲਿਆ ਹੈ। ਇਹ ਮਾਂ ਬੋਲੀ ਪੰਜਾਬੀ ਕਰਕੇ ਮਿਲਿਆ ਮਾਣ ਅਤੇ ਵਰਦਾਨ ਹੈ। ਜਿਨ੍ਹਾਂ ਬੱਚਿਆਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਉਹ ਵੀ ਫੋਨ ਕਰਕੇ ਦੱਸਦੇ ਹਨ ਕਿ ਉਹ ਇਨ੍ਹਾਂ ਗੀਤਾਂ ਕਰਕੇ ਪੰਜਾਬੀ ਭਾਸ਼ਾ ਨੂੰ ਸਿੱਖ ਰਹੇ ਹਨ।
ਗਰੇਵਾਲ ਨੇ ਕਿਹਾ ਕਿ ਸਾਡੇ ਗੀਤਾਂ ਨੂੰ ਏਨਾ ਪਿਆਰ ਦੇਣ ਵਾਲ਼ਿਆਂ ਦੇ ਉਹ ਰਿਣੀ ਹਨ। ਮਾਂ ਬੋਲੀ ਪੰਜਾਬੀ ਅੱਜ ਪੂਰੇ ਵਿਸ਼ਵ ਦੀ ਵਡੇਰੀ ਭਾਸ਼ਾ ਹੈ ਜਿਸ ਵਿੱਚ ਮਹਾਨ ਗ੍ਰੰਥ ਰਚੇ ਗਏ। ਅਨੇਕਾਂ ਵਿਦਵਾਨਾਂ ਸ਼ਾਇਰਾਂ ਗਾਇਕਾਂ ਲੇਖਕਾਂ ਤੇ ਪੰਜਾਬੀ ਬੋਲਣ ਵਾਲ਼ਿਆਂ ਨੇ ਇਸ ਨੂੰ ਹੋਰ ਅਮੀਰੀ ਬਖ਼ਸ਼ੀ। ਭਵਿੱਖ ਵਿੱਚ ਵੀ ਉਹ ਮਾਂ ਬੋਲੀ ਨੂੰ ਸਮਰਪਿਤ ਅਜਿਹੇ ਕਾਰਜ ਬੱਚਿਆਂ ਦੇ ਨਾਲ਼ ਮਿਲ ਕੇ ਕਰਦੇ ਰਹਿਣਗੇ।