August 17, 2026

Justice News

ਅਵਾਮ ਦੀ ਆਵਾਜ਼

ਨਗਰ ਨਿਗਮ ਕਮਿਸ਼ਨਰ ਨੇ ਜਗਰਾਉਂ ਪੁਲ ਦਾ ਕੀਤਾ ਨਿਰੀਖਣ,

ਲੁਧਿਆਣਾ (  ਜਸਟਿਸ ਨਿਊਜ਼ )
– ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਜਗਰਾਓਂ ਪੁਲ ਦੀ ਪਿਛਲੇ ਦਿਨੀਂ ਢਹੀ ਬਾਹਰੀ ਇੱਟਾਂ ਦੀ ਕੰਧ ਨੂੰ ਮੁੜ ਸਥਾਪਿਤ ਕਰਨ ਲਈ ਨਗਰ ਨਿਗਮ ਵੱਲੋਂ ਚੱਲ ਰਹੇ ਕੰਮਾਂ ਦਾ ਵੀਰਵਾਰ ਨੂੰ ਨਿਰੀਖਣ ਕੀਤਾ ਅਤੇ ਕੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਪਿਛਲੇ ਦਿਨੀਂ ਸ਼ਹਿਰ ਵਿੱਚ ਭਾਰੀ ਬਾਰਿਸ਼ ਹੋਣ ਤੋਂ ਬਾਅਦ ਪੁਲ ਦੀ ਬਾਹਰੀ ਕੰਧ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਸੀ। ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ, ਨਗਰ ਨਿਗਮ ਨੇ ਨੁਕਸਾਨੀ ਹੋਈ ਕੰਧ ਨੂੰ ਮੁੜ ਸਥਾਪਿਤ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ) ਦੇ ਮਾਹਿਰਾਂ ਨੂੰ ਵੀ ਇਸ ਕੰਮ ਲਈ ਸ਼ਾਮਲ ਕੀਤਾ ਗਿਆ ਹੈ।
ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਇਸ ਲਈ ਪੁਲ ਦੇ ਇੱਕ ਪਾਸੇ (ਵਿਸ਼ਵਕਰਮਾ ਚੌਕ ਤੋਂ ਰੇਲਵੇ ਸਟੇਸ਼ਨ ਵੱਲ) ਸਿਰਫ਼ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਮੁਰੰਮਤ ਦਾ ਕੰਮ ਇੱਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕਰ ਲਿਆ ਜਾਵੇਗਾ।
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਬਲਵਿੰਦਰ ਸਿੰਘ, ਜੀ.ਐਨ.ਡੀ.ਈ.ਸੀ ਦੇ ਮਾਹਿਰ ਅਤੇ ਹੋਰ ਅਧਿਕਾਰੀ ਨਿਰੀਖਣ ਦੌਰਾਨ ਮੌਜੂਦ ਸਨ।
ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਦੱਸਿਆ ਕਿ ਬਾਹਰੀ ਇੱਟਾਂ ਦੀ ਕੰਧ ਸਥਾਪਤ ਕਰਨ ਦੇ ਕੰਮ ਨੂੰ ਤੇਜ਼ ਕਰਨ ਤੋਂ ਇਲਾਵਾ, ਸਬੰਧਤ ਅਧਿਕਾਰੀਆਂ ਨੂੰ ਪੁਲ ਨੂੰ ਹੋਰ ਮਜ਼ਬੂਤੀ ਦੇਣ ਲਈ ਸਮੁੱਚੇ ਪ੍ਰੋਜੈਕਟ ਅਧੀਨ ਕੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਡੇਚਲਵਾਲ ਨੇ ਦੱਸਿਆ ਕਿ ਜੀ.ਐਨ.ਡੀ.ਈ.ਸੀ ਦੇ ਮਾਹਿਰਾਂ ਨੂੰ ਵਿਸਤ੍ਰਿਤ ਅਧਿਐਨ ਕਰਨ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਲਈ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਪੁਲ ਦੀਆਂ ਸੜਕਾਂ (ਵਿਸ਼ਵਕਰਮਾ ਚੌਕ ਵੱਲ) ਨੂੰ ਚੌੜਾ ਕਰਨ ਦੇ ਵਿਕਲਪਾਂ ਦੀ ਪੜਚੋਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪੁਲ ਨੂੰ ਮਜ਼ਬੂਤੀ ਦੇਣ ਲਈ ਵੀ ਕਈ ਕਦਮ ਚੁੱਕੇ ਜਾਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.