October 27, 2026

Justice News

ਅਵਾਮ ਦੀ ਆਵਾਜ਼

ਪ੍ਰੋਫੈਸਰ ਔਲਖ ਨੇ ਆਪਣੇ ਨਾਟਕਾਂ ਰਾਹੀਂ ਕਿਰਤੀਆਂ ਅਤੇ ਨਿਮਨ ਕਿਸਾਨੀ ਦੀ ਬਾਤ ਪਾਈ  

 

ਮਾਨਸਾ   ( ਡਾ ਸੰਦੀਪ ਘੰਡ )

ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਸਥਾਨਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਉੱਘੇ ਨਾਟਕਕਾਰ  ਪ੍ਰੋ. ਅਜਮੇਰ ਸਿੰਘ ਔਲਖ ਦੇ 83ਵੇਂ ਜਨਮ ਦਿਨ ਨੂੰ ਸਮਰਪਿਤ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਇੰਚਾਰਜ ਪ੍ਰਿੰਸੀਪਲ ਜਸਕਰਨ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਅਤੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਸਭ ਨੂੰ ਜੀ ਆਇਆਂ  ਆਖਦਿਆਂ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਪੰਜਾਬੀ ਦੇ ਅਜਿਹੇ ਨਾਟਕਕਾਰ ਹੋਏ ਨੇ ਜਿੰਨ੍ਹਾਂ ਨੇ ਆਪਣੇ ਨਾਟਕਾਂ ਰਾਹੀਂ ਕਿਰਤੀਆਂ ਅਤੇ ਨਿਮਨ ਕਿਸਾਨੀ ਦੀ ਬਾਤ ਪਾਈ ਹੈ। ਉਨ੍ਹਾਂ ਕਿਹਾ ਕਿ ਸੌਖੀ, ਸਹਿਜ ਭਾਸ਼ਾ ਅਤੇ ਸਾਦੇ ਰੰਗਮੰਚ ਨਾਲ ਲੋਕਾਂ ਦੇ ਦੁੱਖਾਂ ਸੁਖਾਂ ਦੀ ਗੱਲ ਕਰਨ ਵਾਲੇ  ਨਾਟਕਕਾਰ ਔਲਖ ਸਦਾ ਲੋਕਾਂ ਦੇ ਦਿਲਾਂ ਵਿਚ ਵਸਦੇ ਰਹਿਣਗੇ।

ਇਸ ਮੌਕੇ ਪ੍ਰੋ. ਸੁਖਦੀਪ ਸਿੰਘ, ਪ੍ਰੋ. ਸੁਪਨਦੀਪ ਕੌਰ, ਪ੍ਰੋ. ਸੀਮਾ ਜਿੰਦਲ, ਪ੍ਰੋ. ਅਜਮੀਤ ਔਲਖ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਕੁਲਦੀਪ ਵੜੈਚ ਨੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਜੀਵਨ ਅਤੇ ਰਚਨਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਹਾਰੇ ਹੋਏ ਲੋਕਾਂ ਨਾਲ ਖੜ੍ਹਦਿਆਂ ਉਨ੍ਹਾਂ ਨੂੰ ਰੌਸ਼ਨ ਰਾਹ ਦਿੱਤਾ। ਉਨ੍ਹਾਂ ਕਿਹਾ ਕਿ ਅਜਮੇਰ ਸਿੰਘ ਔਲਖ ਦੀ ਸ਼ਖਸੀਅਤ ਦੀ ਇਹ ਖਾਸੀਅਤ ਸੀ, ਕਿ ਉਹ ਵਿਸ਼ੇਸ਼ ਹੁੰਦੇ ਹੋਏ ਵੀ ਸਾਧਾਰਨ ਬਣੇ ਰਹਿੰਦੇ ਸਨ। ਆਪ ਕਦੇ ਮਾਣ ਨਹੀਂ ਸਨ ਕਰਦੇ, ਪਰ ਦੂਜਿਆਂ ਦਾ ਮਾਣ ਹਮੇਸ਼ਾ ਵਧਾ ਦਿੰਦੇ। ਇੱਕ ਗ਼ਰੀਬ ਕਿਸਾਨ ਮੁਜਾਰੇ ਪਰਿਵਾਰ ਵਿੱਚ ਜਨਮੇ ਅਜਮੇਰ ਔਲਖ ਨੇ ਗਰੀਬ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ, ਜਗੀਰਦਾਰਾਂ ਦੇ ਜਬਰ ਦਾ ਸੇਕ ਝੱਲਿਆ ਹੈ। ਥੁੜ–ਜ਼ਮੀਨੇ ਕਿਸਾਨ ਪਰਿਵਾਰ ਦੀਆਂ ਤੋਟਾਂ ਭਰੀ ਜ਼ਿੰਦਗੀ ਵਿੱਚ ਬਚਪਨ ਗੁਜ਼ਾਰਿਆ ਹੈ। ਇਸੇ ਕਰਕੇ ਇਨ੍ਹਾਂ ਦੇ ਨਾਟਕ ਹਰ ਬੰਦੇ ਨੂੰ ਆਪਣੀ ਹੀ ਕਹਾਣੀ ਲਗਦੇ ਸਨ।

ਇਸ ਮੌਕੇ ਪ੍ਰੋ. ਕੁਲਦੀਪ ਸਿੰਘ, ਪ੍ਰੋ. ਜੋਤੀ ਤੋਂ ਇਲਾਵਾ ਅਰਸ਼ਦੀਪ ਸਿੰਘ, ਸਰਬਜੀਤ ਸਿੰਘ, ਜਗਰਾਜ ਸਿੰਘ ਅਤੇ ਓਮ ਪ੍ਰਕਾਸ਼ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਕਾਲਜ ਦੇ ਪੰਜਾਬੀ ਵਿਭਾਗ ਲਈ ਰਸਲੇ ਜਨ ਸਾਹਿਤ ਦਾ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਅੰਕ ਭੇਂਟ ਕੀਤਾ ਗਿਆ। 

Leave a Reply

Your email address will not be published. Required fields are marked *

Copyright © All rights reserved. | Newsphere by AF themes.