ਪੰਜਾਬ ਸਰਕਾਰ ਵੱਲੋਂ ਲਗਾਈ  ਪਾਬੰਦੀ ਕਾਰਨ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਤੇ ਪੂਸਾ 44 ਦੀ ਬਿਜਾਈ ਨਾ ਕੀਤੀ ਜਾਵੇ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ  (ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )

 

ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੱਕਣ ਵਿਚ ਵੱਧ ਸਮਾਂ ਲੈਣ ਵਾਲੀ ਪੂਸਾ 44 ਤੇ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਅਤੇ ਬਿਜਾਈ ਕਰਨ ਤੇ ਲਗਾਈ ਪਾਬੰਦੀ ਕਾਰਨ ਕੋਈ ਵੀ ਬੀਜ ਵਿਕ੍ਰੇਤਾ ਗੈਰ ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਵਿਕਰੀ ਨਾ ਕਰੇ, ਜੇਕਰ ਕੋਈ ਵੀ ਬੀਜ ਵਿਕ੍ਰੇਤਾ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਮੋਗਾ ਨੇ ਕਿਹਾ ਕਿ ਪਾਣੀ ਦੀ ਕੁਦਰਤ ਵੱਲੋਂ ਬਖਸ਼ੀ ਅਜਿਹੀ ਬੇਸ਼ਕੀਮਤੀ ਸੌਗਾਤ ਹੈ ਜਿਸ ਦੇ ਬਗੈਰ ਕਿਸੇ ਵੀ ਜੀਵ ਜੰਤੂ ਦਾ ਜੀਵਤ ਰਹਿਣ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਝੋਨੇ ਦੀ ਖੇਤੀ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਅਤੇ ਮੰਡੀਆਂ ਵਿਚ ਝੋਨੇ ਦੇ ਮੰਡੀਕਰਨ ਸਮੇਂ ਕਿਸਾਨਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹਾਈਬ੍ਰਿਡ ਕਿਸਮਾਂ ਨੂੰ ਬਿਮਾਰੀਆਂ ਕੀੜੇ ਜਿਵੇਂ ਤਣੇ ਦੁਆਲੇ ਝੁਲਸ ਰੋਗ ਤੇ ਪਲਾਂਟ ਹੋਪਰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਤੇ ਡਿੱਗਦੀਆਂ ਵੀ ਜ਼ਿਆਦਾ ਹਨ। ਉਨ੍ਹਾਂ ਦੱਸਿਆ ਕਿ ਦੋਗਲੀਆਂ ਕਿਸਮਾਂ ਦਾ ਬੀਜ ਮਹਿੰਗਾ ਹੋਣ ਕਾਰਨ ਖੇਤੀ ਲਾਗਤ ਖਰਚੇ ਵੱਧਦੇ ਹਨ, ਜਦੋਂ ਕਿ ਪੈਦਾਵਾਰ ਤੇ ਆਮਦਨ ਪ੍ਰਮਾਣਿਤ ਕਿਸਮਾਂ ਜਿੰਨੀ ਹੀ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਪੂਸਾ 44 ਪੱਕਣ ਵਿਚ ਲੰਮਾ ਸਮਾਂ ਲੈਂਦੀ ਹੈ, ਜਿਸ ਕਾਰਨ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਵਿਚ ਤੇਜ਼ੀ ਆਉਂਦੀ ਹੈ ਉਨ੍ਹਾਂ ਕਿਹਾ ਕਿ ਭੱਵਿਖ ਦੀ ਖੇਤੀ ਨੂੰ ਬਚਾਉਣ ਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਪਕਣ ਵਿਚ ਵੱਧ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਪਰੋਕਤ ਸਮੱਸਿਆਵਾਂ ਤੋਂ ਬਚਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਤੇ ਪੰਜਾਬ ਸਰਕਾਰ ਵੱਲੋਂ ਪੱਕਣ ਵਿਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ 44,ਪੀਲੀ ਪੂਸਾ ਤੇ ਡੋਗਰ ਪੂਸਾ ਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸਮਾਂ 1 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਵਿੱਚ ਚਾਰ ਪੜਾਵਾਂ ਅੰਦਰ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਪੀਆਰ 126 ਸਮੇਤ ਘੱਟ ਸਮੇਂ ਵਾਲੀਆਂ ਕਿਸਮਾਂ ਦੇ ਬੀਜ ਹੀ ਕਿਸਾਨਾਂ ਨੂੰ ਉਪਲੱਬਧ ਕਰਵਾਏ ਜਾਣਗੇ।

Leave a Reply

Your email address will not be published.


*