August 17, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਫ਼ਿਰ ਢਾਹਿਆ ਦੋ ਨਸ਼ਾ ਤਸਕਰਾਂ ਦਾ ਘਰ 

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ ///////////ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੇ ਗਏ ਯੁੱਧ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਨਸ਼ਾ ਤਸਕਰ ਅਨਵਰ ਗਿੱਲ ਅਤੇ ਅਭੀ ਵਾਸੀ ਮਕਾਨ ਨੰ: 468, ਪਿੰਡ ਗੁਮਟਾਲਾ ਥਾਣਾ ਕੰਟੋਨਮੈਟ ਦਾ ਘਰ ਜੇ.ਸੀ.ਬੀ ਮਸ਼ੀਨ ਅਤੇ ਮਜ਼ਦੂਰ ਲਗਾ ਕੇ ਮਲੀਆਮੇਟ ਕਰ ਦਿੱਤਾ।
        ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨਸ਼ਾ ਤਸ਼ਕਰ ਦੇ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪੰਜ ਮੁਕੱਦਮੇ ਦਰਜ ਹਨ, ਜਿਨਾਂ ਵਿੱਚੋਂ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦਾ ਮੁਕੱਦਮਾਂ ਵੀ ਹੈ। ਉਹਨਾਂ ਕਿਹਾ ਕਿ ਇਸ ਉੱਤੇ ਲੱਗੀਆਂ ਇਹ ਧਰਾਵਾਂ ਅਤੇ ਇਸ ਦੀ ਕੇਸ ਹਿਸਟਰੀ ਤੋਂ ਸਪੱਸ਼ਟ ਹੈ ਕਿ ਇਹ ਨਸ਼ਾ ਤਸ਼ਕਰੀ ਦੇ ਧੰਦੇ ਵਿੱਚ ਲੰਮੇ ਸਮੇਂ ਤੋਂ ਸ਼ਾਮਿਲ ਹੈ ਅਤੇ ਇਸ ਸਮੇਂ ਵੀ ਜ਼ੇਲ੍ਹ ਵਿੱਚ ਹਨ। ਉਨਾਂ ਦੱਸਿਆਂ ਕਿ ਅਨਵਰ ਗਿੱਲ ਉਰਫ਼ ਰਿੰਕੂ ਅਤੇ ਅਭੀ ਦੋਂਵੇਂ ਚਚੇਰੇ ਭਰਾ ਹਨ ਅਤੇ ਇੱਕੋ ਹੀ ਮਕਾਨ ਵਿੱਚ ਰਹਿੰਦੇ ਹਨ। ਉਨਾਂ ਦੱਸਿਆਂ ਕਿ ਅਨਵਰ ਗਿੱਲ ਤੇ 5 ਮੁਕੱਦਮੇ ਦਰਜ਼ ਹਨ ਜਦਕਿ ਅਭੀ ਤੇ ਇੱਕ ਐਨਡੀਪੀਐਸ ਐਕਟ ਅਤੇ ਇੱਕ ਆਰਮਜ਼ ਐਕਟ ਦਾ ਮੁਕੱਦਮਾਂ ਦਰਜ ਹੈ।
       ਉਹਨਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ਼ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗਲਤ ਕੰਮ ਕਰਨ ਵਾਲੇ ਲੋਕ ਮੁੱਖ ਧਾਰਾ ਵਿੱਚ ਆ ਨਹੀਂ ਜਾਂਦੇ ਜਾਂ ਉਹ ਪੰਜਾਬ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਨਹੀਂ ਜਾਂਦੇ। ਉਹਨਾਂ ਕਿਹਾ ਕਿ ਸਾਡੇ ਲਈ ਸਾਡੇ ਬੱਚੇ, ਸਾਡੀ ਜਵਾਨੀ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ, ਜੋ ਕਿ ਇਹਨਾਂ ਤਸਕਰਾਂ ਦੀਆਂ ਘਟੀਆ ਕਰਤੂਤਾਂ ਕਾਰਨ ਨਸ਼ੇ ਦੀ ਚੇਟਕ ਨਾਲ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਬਾਬਤ ਬਹੁਤ ਸਪੱਸ਼ਟ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਡੀਸੀਪੀ ਆਲਮ ਵਿਜੇ ਸਿੰਘ, ਏਸੀਪੀ ਸ਼ਿਵਦਰਸ਼ਨ ਸਿੰਘ  ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.