ਕਿਸਾਨ ਆਗੂ ਸ. ਡੱਲੇਵਾਲ ਦੀ ਵਿਗੜ ਰਹੀ ਸਿਹਤ ’ਤੇ ਭਾਜਪਾ ਆਗੂਆਂ ਨੇ ਗਹਿਰੀ ਚਿੰਤਾ ਜਤਾਈ।

ਅੰਮ੍ਰਿਤਸਰ  (  Justice News) ਭਾਰਤੀ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਦੀਅਗਵਾਈ ਵਿਚ ਇਕ ਵਫਦ ਨੇ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ. ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਚਾਰਾਜੋਈ ਕਰਨ ਦੀ ਅਪੀਲ ਕੀਤੀ ਹੈ ।ਵਫਦ ਵਿਚ ਸਤਪਾਲ ਸਿੰਘ ਸਰਪੰਚ ਭੂਖੜੀ, ਬਲਵਿੰਦਰ ਸਿੰਘ ਸਾਬਕਾ ਸਰਪੰਚ ਭੂਖੜੀ, ਹਰਬੰਸ ਸਿੰਘ ਸਾਬਕਾ ਮੈਂਬਰ ਪੰਚਾਇਤ, ਹਰਮਨਪ੍ਰੀਤ ਸਿੰਘ ਪੰਨੂ ਅਤੇ ਲਖਵਿੰਦਰ ਸਿੰਘ ਲੱਖਾ ਬਾਬਾ ਭੂਖੜੀ ਵੀ ਸ਼ਾਮਿਲ ਸਨ।

ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਦੇ ਬਾਹਰ ਪ੍ਰੈਸ ਨਾਲ ਗਲਬਾਤ ਕਰਦਿਆਂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਜੋ ਕਿ ਇਕ ਗੁਰਸਿੱਖ ਹਨ, ਦੇ ਮਾਮਲੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਸ ਦੀ ਜਾਨ ਨੂੰ ਬਚਾਉਣ ਲਈ ਮਰਨ ਵਰਤ ਖ਼ਤਮ ਕਰਨ ਪ੍ਰਤੀ ਆਪਣੀ ਭੂਮਿਕਾ ਨਿਭਾਉਣੀ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਕੋਈ ਵੀ ਆਗੂ ਜਾਂ ਵਰਕਰ ਮਰਨ ਵਰਤ ਜਿਹਾ ਫ਼ੈਸਲਾ ਨਾ ਲਵੇ ਇਹ ਯਕੀਨੀ ਬਣਾਇਆ ਜਾਵੇ। ਸੁਖਮਿੰਦਰਪਾਲ ਸਿੰਘ ਗਰੇਵਾਲ ਜੋਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਜ਼ਦੀਕੀ ਸਾਥੀ ਹਨ ਵੱਲੋਂ ਬੀਤੇ ਦਿਨੀਂ ਖਨੌਰੀ ਬਾਰਡਰ ਵਿਖੇ ਸ. ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪਤਾ ਕੀਤਾ ਅਤੇ ਉਨ੍ਹਾਂ ਨੂੰ ਮਰਨ ਵਰਤ ਛੱਡਣ ਦੀ ਅਪੀਲ ਕੀਤੀ। ਅੱਜ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਅਤੇ ਮਰਨ ਵਰਤ ਛਡਵਾਉਣ ਲਈ ਅਪੀਲ ਕਰਨ ਆਏ ਹਨ।

ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕਈ ਮਾਮਲਿਆਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀਆਂ ਇਕੱਤਰਤਾਵਾਂ ਵਿਚ ਭੁੱਖ ਹੜਤਾਲ’ਤੇ ਬੈਠਣ ਵਾਲੇ ਵਿਅਕਤੀਆਂ ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਗੁਰਬਖਸ਼ ਸਿੰਘ ਆਦਿ ਨੂੰ ਕਿਸੇ ਵੀ ਢੰਗ ਨਾਲ ਆਪਣੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਉਣ ਅਤੇ ਤੁਰੰਤ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਸਿਹਤ ਦਾ ਖ਼ਿਆਲ ਰੱਖਣ ਪ੍ਰਤੀ ਆਦੇਸ਼ ਕੀਤੇ ਗਏ ਹਨ, ਜਿਸ ਨੂੰ ਉਨ੍ਹਾਂ ਨੇ ਸਮੇਂ ਸਮੇਂ ਖਿੜੇ ਮੱਥੇ ਪਰਵਾਨ ਵੀ ਕੀਤਾ ਹੈ। ਅੱਜ ਉਸੇ ਤਰਜ਼ ’ਤੇ ਸ. ਡੱਲੇਵਾਲ ਨੂੰ ਮਰਨ ਵਰਤ ਛੱਡ ਕੇ ਗੱਲਬਾਤ ਦਾ ਰਸਤਾ ਅਖ਼ਤਿਆਰ ਕਰਨ ਪ੍ਰਤੀ ਆਦੇਸ਼ ਦੇਣ ਦੀ ਜਰੂਰਤ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰੱਖੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿਆਸੀ ਤੇ ਨਿੱਜੀ ਸਵਾਰਥ ਲਈ ਮੋਦੀ ਸਰਕਾਰ ਖਿਲਾਫ ਬਿਰਤਾਂਤ ਸਿਰਜਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਕਿ ਮੋਦੀ ਸਰਕਾਰ ਲਈ ਕਿਸਾਨ ਅਤੇ ਖੇਤੀਬਾੜੀ ਵਿਸ਼ੇਸ਼ ਤਰਜੀਹੀ ਖੇਤਰ ਹੈ ਅਤੇ ਖੇਤੀਬਾੜੀ ਨੂੰ ਨਵੇਂ ਯੁੱਗ ਵਿਚ ਲਿਜਾਣ ਲਈ ਯਤਨਸ਼ੀਲ ਹੈ। ਕੇਂਦਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਨੂੰ ਤਕਨਾਲੋਜੀ ਨਾਲ ਜੋੜਨ ਲਈ ਅਹਿਮ ਉਪਰਾਲੇ ਕੀਤੇ ਹਨ। ਜਿੱਥੇ ਕਾਂਗਰਸ ਦੀ ਸਰਕਾਰ ਸਮੇਂ 2013-14 ਦੌਰਾਨ ਕੇਂਦਰੀ ਖੇਤੀ ਬਜਟ 20 ਹਜ਼ਾਰ ਕਰੋੜ ਵੀ ਨਹੀਂ ਸੀ ਉਹ ਹੁਣ 2024-25 ਨੂੰ ਖੇਤੀਬਾੜੀ ਅਤੇ ਸਹਾਇਕ ਖੇਤਰ ਲਈ ਕੇਂਦਰੀ ਬਜਟ 1.52 ਲੱਖ ਕਰੋੜ ਰੁਪਏ ਹੈ। ਕਿਸਾਨ ਸਨਮਾਨ ਨਿਧੀ ਯੋਜਨਾ, ਮੈਡੀਕਲ ਸਿਹਤ ਬੀਮਾ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ, ਖਾਦਾਂ ’ਤੇ ਸਬਸਿਡੀ, ਖੇਤੀ ਨਿਰਯਾਤ ’ਚ ਵਾਧਾ, ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਯੋਜਨਾ, ਫ਼ਸਲਾਂ ਦੀ ਐੱਮ ਐਸ ਪੀ ਵਿਚ ਦੋ ਗੁਣਾ ਤੋਂ ਵੱਧ ਵਾਧਾ ਕੀਤਾ ਗਿਆ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕੇਂਦਰੀ ਵੱਲੋਂ ਜਾਰੀ ਐੱਮ ਐਸ ਪੀ ਤੋਂ ਘੱਟ ਮੁੱਲ ’ਤੇ ਖ਼ਰੀਦ ਹੋਣ ’ਤੇ ਭਰਪਾਈ ਯੋਜਨਾ ਦਾ ਲਾਭ ਹਰਿਆਣਾ ਉਠਾ ਰਿਹਾ ਹੈ ਅਤੇ 24 ਫ਼ਸਲਾਂ ’ਤੇ ਐੱਮ ਐਸ ਪੀ ਖ਼ਰੀਦ ਦੀ ਗਰੰਟੀ ਦਿੱਤੀ ਹੈ ਫਿਰ ਇਹ ਗਰੰਟੀ ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ ਹੈ। ਜਦੋਂ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਐੱਮ ਐਸ ਪੀ ਖ਼ਰੀਦ ਦੀ ਗਰੰਟੀ ਦਾ ਵਾਅਦਾ ਕੀਤਾ ਸੀ। ਨਾ ਹੀ ਕੁਦਰਤੀ ਆਫ਼ਤ ’ਤੇ ਬਿਨਾ ਕਿਸੇ ਗਿਰਦਾਵਰੀ ਦੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਆਪ ਸਰਕਾਰ ਨੇ ਪੂਰਾ ਕੀਤਾ ਹੈ।

Leave a Reply

Your email address will not be published.


*