ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸ਼ਕਰੀ ਗਿਰੋਹ ਦਾ ਕੀਤਾ ਪਰਦਾਫਾਸ਼, ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫ਼ਤਾਰ 

ਰਣਜੀਤ ਸਿੰਘ‌ ਮਸੌਣ/ਜੋਗਾ ਸਿੰਘ
ਚੰਡੀਗੜ੍ਹ/ਅੰਮ੍ਰਿਤਸਰ///////////ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫ਼ਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸ਼ਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਗਿਰੋਹ ਦਾ ਮੁੱਖ ਸਰਗਨਾਹ ਵੀ ਸ਼ਾਮਲ ਹੈ, ਜਿਸ ਦੀ ਪਛਾਣ ਮਨਜੀਤ ਸਿੰਘ ਉਰਫ਼ ਭੋਲਾ ਵਾਸੀ ਪਿੰਡ ਝੰਜੋਟੀ, ਤਹਿਸੀਲ ਅਜਨਾਲਾ ਵੱਜੋਂ ਕੀਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਫ਼ੜੇ ਗਏ ਹੋਰ 11 ਵਿਅਕਤੀਆਂ ਦੀ ਪਛਾਣ ਅਨਿਕੇਤ ਵਰਮਾ ਵਾਸੀ ਛੇਹਰਟਾ, ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਵਾਸੀ ਛੇਹਰਟਾ, ਬਬਲੀ ਵਾਸੀ ਨਰਾਇਣਗੜ੍ਹ ਛੇਹਰਟਾ, ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਗੁਰੂ ਕੀ ਵਡਾਲੀ, ਅੰਮ੍ਰਿਤਪਾਲ ਸਿੰਘ ਉਰਫ਼ ਅੰਸ਼ ਵਾਸੀ ਨਰਾਇਣਗੜ੍ਹ ਛੇਹਰਟਾ, ਰੇਸ਼ਮਾ ਵਾਸੀ ਕਰਤਾਰ ਨਗਰ ਛੇਹਰਟਾ, ਹਰਸ਼ਪ੍ਰੀਤ ਸਿੰਘ ਉਰਫ਼ ਹਰਮਨ ਉਰਫ਼ ਹੰਮਾ ਵਾਸੀ ਪਿੰਡ ਠੰਡਾ, ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਦੇ ਮਨਦੀਪ ਸਿੰਘ ਉਰਫ਼ ਕੌਸ਼ਲ ਉਰਫ਼ ਜੋਸ਼ੀ ਵਾਸੀ ਪਿੰਡ ਫ਼ਤਿਹਪੁਰ ( ਅੰਮ੍ਰਿਤਸਰ), ਗੁਰਪ੍ਰੀਤ ਸਿੰਘ ਉਰਫ਼ ਗੋਪੀ, ਲਵਪ੍ਰੀਤ ਸਿੰਘ ਉਰਫ਼ ਜਸ਼ਨ ਦੋਵੇਂ ਵਾਸੀ ਪਿੰਡ ਫ਼ਤਿਹਪੁਰ ਅਤੇ ਅਕਾਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਛੇਹਰਟਾ ਵਜੋਂ ਹੋਈ ਹੈ।
  ਪੁਲਿਸ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 2.19 ਕਿੱਲੋ ਹੈਰੋਇਨ, ਤਿੰਨ ਅਤਿ-ਆਧੁਨਿਕ ਪਿਸਤੌਲ ਜਿਸ ਵਿੱਚ ਦੋ ਆਟੋਮੈਟਿਕ ਪਿਸਤੌਲ ਅਤੇ 2.60 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ, ਇਸ ਤੋਂ ਇਲਾਵਾ ਮੁਲਜ਼ਮਾਂ ਦੀ ਟੋਇਟਾ ਫਾਰਚੂਨਰ ਕਾਰ ਨੂੰ ਵੀ ਜ਼ਬਤ ਕੀਤਾ ਗਿਆ ਹੈ।
  ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਮਨਜੀਤ ਉਰਫ਼ ਭੋਲਾ, ਜੋ ਕਿ ਗਿਰੋਹ ਦਾ ਸਰਗਨਾਹ ਹੈ, ਪਾਕਿਸਤਾਨ ਸਥਿਤ ਤਸਕਰਾਂ/ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੋਨਾਂ ਦੀ ਮੱਦਦ ਨਾਲ ਰਮਦਾਸ ਅਤੇ ਅਜਨਾਲਾ ਸਰਹੱਦੀ ਸੈਕਟਰਾਂ ’ਤੇ ਖੇਪ ਸੁੱਟੀ ਜਾਂਦੀ ਸੀ।
            ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇਰੇ-ਪਿਛਲੇਰੀ  ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਸ਼ੀ ਅਨਿਕੇਤ ਦੇ ਨਸ਼ਾ ਤਸਕਰੀ ਦੇ ਕਾਰੋਬਾਰ ’ਚ ਸ਼ਾਮਲ ਹੋਣ ਦੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਉਸ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਨਿਕੇਤ ਦੀ ਗ੍ਰਿਫ਼ਤਾਰੀ ਨੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਅਤੇ ਮੁੱਖ ਸਰਗਨਾਹ ਮਨਜੀਤ ਉਰਫ਼ ਭੋਲਾ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਨ ਵਿਚ ਪੁਲਿਸ ਨੂੰ ਸਫ਼ਲਤਾ ਹਾਸਲ ਹੋਈ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਦੋਸ਼ੀਆ ਵਿੱਚੋਂ ਪੰਜ ਦੋਸ਼ੀਆਂ ਨੂੰ ਜੰਮੂ-ਕਸ਼ਮੀਰ ਪੁਲਿਸ ਦੀ ਮੱਦਦ ਨਾਲ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
       ਸੀ.ਪੀ. ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇਂ ਆਇਆ ਹੈ ਕਿ ਮੁਲਜ਼ਮ ਮਨਜੀਤ ਉਰਫ਼ ਭੋਲਾ ਗ੍ਰਿਫ਼ਤਾਰ ਕੀਤੀ ਗਈ ਔਰਤ ਬੱਬਲੀ, ਜੋ ਕਿ ਇੱਕ ਆਂਗਣਵਾੜੀ ਵਰਕਰ ਹੈ, ਦੇ ਘਰ ਨੂੰ ਖੇਪਾਂ ਛੁਪਾਉਣ ਲਈ ਵਰਤ ਰਿਹਾ ਸੀ ਅਤੇ ਅਤੇ ਇਨ੍ਹਾਂ ਖੇਪਾਂ ਨੂੰ ਅੱਗੇ ਵੰਡਣ ਵਿੱਚ ਉਹ ਆਪਣੇ ਸਾਥੀਆਂ ਦੀ ਮੱਦਦ ਲੈਂਦਾ ਸੀ। ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਦੀ ਸੰਭਾਵਨਾ ਹੈ।
  ਇਸ ਸਬੰਧੀ ਐਫ.ਆਈ.ਆਰ. 226 ਮਿਤੀ 24.12.2024 ਨੂੰ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ), (ਸੀ)/27-ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published.


*