August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ, ਦੋ ਗਲਾਕ ਪਿਸਤੌਲ ਬਰਾਮਦ

ਰਣਜੀਤ ਸਿੰਘ‌ ਮਸੌਣ
ਅੰਮ੍ਰਿਤਸਰ
ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਨੇ ਇੱਕ ਗੈਂਗਸਟਰ ਮਾਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮਾਂ ਨੇ ਉਹਨਾਂ ਕੋਲੋਂ ਦੋ ਆਧੁਨਿਕ 9 ਐਮ.ਐਮ. ਗਲੋਕ ਪਿਸਤੌਲਾਂ ਸਮੇਤ ਚਾਰ ਮੈਗਜ਼ੀਨਾਂ ਅਤੇ 14 ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਨੀਲ ਕੁਮਾਰ ਉਰਫ਼ ਆਸ਼ੂ ਵਾਸੀ ਰਾਊਵਾਲ, ਬਟਾਲਾ ਅਤੇ ਦਿਲਪ੍ਰੀਤ ਸਿੰਘ ਉਰਫ਼ ਦਿਲ ਵਾਸੀ ਰਾਏਮਲ, ਬਟਾਲਾ ਵਜੋਂ ਹੋਈ ਹੈ। ਮੁਲਜ਼ਮ ਸੁਨੀਲ ਉਰਫ਼ ਆਸ਼ੂ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਉਹ 27 ਫ਼ਰਵਰੀ 2024 ਨੂੰ ਗੁਰਦਾਸਪੁਰ ਜ਼ੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਇਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਾ ਹੈ ਕਿ ਮੁਲਜ਼ਮਾਂ ਨੂੰ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚੋਂ ਹਥਿਆਰਾਂ ਦੀ ਖੇਪ ਮਿਲੀ ਸੀ ਅਤੇ ਇਹ ਖੇਪ ਅੱਗੇ ਕਿਸੇ ਅਣਪਛਾਤੀ ਧਿਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਅਤੇ ਨੈਟਵਰਕ ਵਿੱਚ ਸ਼ਾਮਲ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਸੀ.ਆਈ ਪਠਾਨਕੋਟ ਸੁਖਮਿੰਦਰ ਸਿੰਘ ਮਾਨ ਨੇ ਦੱਸਿਆਂ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾਂ ਮਿਲੀ ਸੀ ਕਿ ਮੁਲਜ਼ਮ ਸੁਨੀਲ ਕੁਮਾਰ ਅਤੇ ਦਿਲਪ੍ਰੀਤ ਸਿੰਘ ਕੁੱਝ ਅਣਪਛਾਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਸੀ.ਆਈ ਪਠਾਨਕੋਟ ਦੀਆਂ ਟੀਮਾਂ ਨੇ ਜਾਲ ਵਿਛਾ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕਰ ਲਿਆ।
ਏ.ਆਈ.ਜੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਬਰਾਮਦ ਕੀਤੀਆਂ ਗਈਆਂ ਪਿੱਛਲੀਆਂ ਖੇਪਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।
ਇਸ ਸਬੰਧੀ ਐਫਆਈਆਰ ਨੰਬਰ 71 ਮਿਤੀ 21.12.2024 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.