ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਪਟਿਆਲਾ ਜ਼ੇਲ ਵਿਚ ਨਜ਼ਰਬੰਦ ਉਘੇ ਰਾਜਸੀ ਚਿੰਤਕ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰੈਸ ਸਕੱਤਰ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਉਤੇ ‘ਵਿਹਾਰਕ ਚਤੁਰਾਈ’ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਰਸਾ ਸਿੰਘ ਵਲੋਟਹਾ ਨੂੰ ਪਾਰਟੀ ਵਿਚੋਂ 10 ਸਾਲ ਲਈ ਕੱਢਣ ਦੇ ਆਦੇਸ਼ ਦੀ ਇੰਨ-ਬਿੰਨ ਪਾਲਣਾ ਨਾ ਕਰਨ ਕਰਨ ਦੀ ਥਾਂ ਉਸ ਦਾ ਅਸਤੀਫ਼ਾ ਪ੍ਰਵਾਨ ਕਰਕੇ ਖਾਲਸਾ ਪੰਥ ਦੇ ਇਸ ਸਰਬਉਚ ਅਸਥਾਨ ਨਾਲ ਫਰੇਬ ਕੀਤਾ ਹੈ।
ਜੇਲ੍ਹ ਵਿਚੋਂ ਆਪਣੇ ਭਰਾ ਰਣਜੀਤ ਸਿੰਘ ਗਰੇਵਾਲ ਰਾਹੀਂ ਭੇਜੇ ਆਪਣੇ ਬਿਆਨ ਵਿਚ ਸ਼੍ਰੀ ਮਾਲੀ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲੰਘੀ 15 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਆਦੇਸ਼ ਦਿੱਤਾ ਸੀ ਕਿ ਤਖ਼ਆਂ ਦੇ ਜਥੇਦਾਰ ਸਾਹਿਬਾਨ ਦੀ ਹੱਤਕ ਕਰਨ ਵਾਲੀਆਂ ਟਿੱਪਣੀਆਂ ਕਰਨ ਦੇ ਦੋਸ਼ ਵਿਚ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਪਾਰਟੀ ਵਿਚੋਂ ਕੱਢਣ ਦਾ ਆਦੇਸ਼ ਦਿੱਤਾ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਇਸ ਆਦੇਸ਼ ਦੀ ਪਾਲਣਾ ਕਰਨ ਦੀ ਥਾਂ ਵਿਰਸਾ ਸਿੰਘ ਵਲੋਟਹਾ ਦਾ ਭੇਜਿਆ ਹੋਇਆ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
ਸ੍ਰੀ ਮਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਵਿਰਸਾ ਵਲਟੋਹਾ ਵਲੋਂ ਭੇਜੇ ਗਏ ਅਸਤੀਫ਼ੇ ਨੂੰ ਨਜ਼ਰ ਅੰਦਾਜ ਕਰ ਕੇ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਉਸ ਨੂੰ 10 ਸਾਲਾਂ ਲਈ ਕੱਢਣ ਦਾ ਹੁਕਮ ਕਰਦਾ। ਉਹਨਾਂ ਕਿਹਾ ਕਿ ਅਜਿਹਾ ਨਾ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਨੂੰ ਨਾ ਮੰਨ ਕੇ ਬੜੀ ਵੱਡੀ ਕੁਤਾਹੀ ਕੀਤੀ ਹੈ।
ਰਾਜਸੀ ਚਿੰਤਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜ਼ੂਦਾ ਆਗੂਆਂ ਤੇ ਖਾਸ ਕਰ ਕੇ ਇਸ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਇਹ ਸਮਝ ਹੀ ਨਹੀਂ ਲੱਗ ਰਹੀ ਕਿ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਉਹ ਰਾਜਸੀ ਸ਼ਕਤੀ ਦੇ ਬਲਬੂਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਮਨਮਰਜ਼ੀ ਦੇ ਫੈਸਲੇ ਕਰਵਾਉਂਦੇ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੀਆਂ ਗਏ ਬੱਜਰ ਗੁਨਾਹਾਂ ਕਾਰਨ ਹੁਣ ਉਹਨਾਂ ਕੋਲ ਨਾ ਰਾਜਸੀ ਸ਼ਕਤੀ ਰਹੀ ਹੈ ਅਤੇ ਨਾ ਹੀ ਉਹਨਾਂ ਕੋਲ ਲੋਕ ਸ਼ਕਤੀ ਬਚੀ ਹੈ ਸ਼੍ਰੀ ਮਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਹੁੰਦਿਆਂ 1999 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਅਸਤੀਫਾ ਪ੍ਰਵਾਨ ਨਾ ਕਰ ਕੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਇਕ ਕਰੀਬੀ ਸੰਪਾਦਕ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜ਼ਲੀਲ ਕਰ ਕੇ ਅਹੁਦੇ ਤੋਂ ਫ਼ਾਰਗ ਕੀਤਾ ਗਿਆ
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਆਦੇਸ਼ ਦੀ ਇੰਨ-ਬਿੰਨ ਲਾਗੂ ਕਰਾਉਣ ਲਈ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਆਦੇਸ਼ ਦੇਣ ਵਿਰਸਾ ਵਲਟੋਹਾ ਦਾ ਅਸਤੀਫਾ ਪ੍ਰਵਾਨ ਕਰਨ ਦੇ ਆਪਣੇ ਹੁਕਮ ਨੂੰ ਵਾਪਸ ਲੈ ਕੇ ਉਸ ਨੂੰ 10 ਸਾਲਾਂ ਲਈ ਪਾਰਟੀ ਵਿਚੋਂ ਕੱਢੇ। ਉਹਨਾਂ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕਰ ਕੇ ਆਦੇਸ਼ ਨਾ ਮੰਨਣ ਦੇ ਦੋਸ਼ ਵਿਚ ਬਣਦੀ ਸਜ਼ਾ ਦਿਤੀ ਜਾਵੇ। ਸ਼੍ਰੀ ਮਾਲੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਤੁਰੰਤ ਕਾਰਵਾਈ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਮਾਮਲੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਾਨ ਤੇ ਰੁਤਬਾ ਜੁੜਿਆ ਹੋਇਆ
Leave a Reply