ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਮੁੱਖ ਅਫ਼ਸਰ ਥਾਣਾ ਵੇਰਕਾ ਅੰਮ੍ਰਿਤਸਰ ਦੀ ਇੰਸਪੈਕਟਰ ਅਮਨਜੋਤ ਕੌਰ ਨੇ ਦੱਸਿਆ ਕਿ ਮੁਕੱਦਮੇਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਦੀਆਂ ਹਦਾਇਤਾਂ ਤੇ ਅਭਿਮੰਨਿਊ ਰਾਣਾ ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਨੰਬਰ 3, ਅਜੀਤ ਨਗਰ, ਵੇਰਕਾ ਅੰਮ੍ਰਿਤਸਰ ਨੂੰ ਮਿਤੀ 18-10-2024 ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ।
ਇਹ ਮੁਕੱਦਮਾ ਮੁਦੱਈ ਹਰਜੀਤ ਕੌਰ ਵਾਸੀ ਵੇਰਕਾ ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਗਿਆ ਸੀ ਕਿ ਉਸਦਾ ਲੜਕਾ ਹਰਵਿੰਦਰ ਸਿੰਘ ਉਮਰ ਕਰੀਬ 28 ਸਾਲ ਹੈ। ਦੁਸ਼ਹਿਰੇ ਤੋਂ ਕਰੀਬ 3 ਦਿਨ ਪਹਿਲਾਂ ਰਾਤ ਸਮਾਂ 9 ਵਜੇ, ਹਰਵਿੰਦਰ ਸਿੰਘ ਆਪਣੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਨਾਲ ਜਗਰਾਤਾ ਦੇਖਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਰਪ੍ਰੀਤ ਸਿੰਘ ਉਰਫ਼ ਹੈਪੀ, ਜਸਬੀਰ ਸਿੰਘ ਅਤੇ ਉਸਦਾ ਭਰਾ ਰਵੀ ਨੇ ਗਾਲੀ ਗਲੋਚ ਕੀਤਾ। ਉਹ ਸਮੇਂ ਹਰਵਿੰਦਰ ਸਿੰਘ ਦੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਸਾਰਿਆ ਨੂੰ ਸਮਝਾ ਕੇ ਮੌਕੇ ਤੋਂ ਭੇਜ ਦਿੱਤਾ।
ਹਰਵਿੰਦਰ ਸਿੰਘ ਅਤੇ ਉਸਦਾ ਦੋਸਤ ਜੋਬਨਪ੍ਰੀਤ ਸਿੰਘ ਵਾਸੀ ਵੇਰਕਾ, ਘਰੋਂ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਮੱਥਾ ਟੇਕਣ ਜਾ ਰਹੇ ਸੀ ਤਾਂ ਸਾਹਮਣੇ ਤੋਂ ਹਰਪ੍ਰੀਤ ਸਿੰਘ ਉਰਫ਼ ਹੈਪੀ ਸਮੇਤ ਮੰਗੂ, ਜਸਬੀਰ ਸਿੰਘ ਅਤੇ ਰਵੀ ਜੋ ਪਹਿਲਾਂ ਹੀ ਉੱਥੇ ਖੜ੍ਹੇ ਸਨ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਮੁਦੱਈ ਦੇ ਲੜਕੇ ਹਰਵਿੰਦਰ ਸਿੰਘ ਨੂੰ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਆਪਣੇ ਹੱਥ ਵਿੱਚ ਫ਼ੜੀ ਕਿਰਚ ਹਰਵਿੰਦਰ ਸਿੰਘ ਦੀਆਂ ਨਲਾ ਵਿੱਚ ਮਾਰੀ ਤੇ ਕਿਰਚ ਸਮੇਤ ਮੌਕੇ ਤੋਂ ਭੱਜ ਗਏ। ਹਰਵਿੰਦਰ ਸਿੰਘ ਦੀ ਹਸਪਤਾਲ ਵਿਖੇ ਜੇਰੇ ਇਲਾਜ਼ ਮੌਤ ਹੋ ਗਈ। ਜਿਸਤੇ ਮੁਕੱਦਮਾਂ ਨੰਬਰ 87 ਮਿਤੀ 17-10-2024 ਜੁਰਮ 103,3 (5) ਬੀ.ਐਨ.ਐਸ ਐਕਟ ਅਧੀਨ ਥਾਣਾ ਵੇਰਕਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਵਜ੍ਹਾਂ ਰੰਜਿਸ਼ ਇਹ ਹੈ ਕਿ ਦੁਸਹਿਰੇ ਤੋਂ ਤਿੰਨ ਦਿਨ ਪਹਿਲਾਂ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਉਸਦੇ ਸਾਥੀਆਂ ਦੀ ਮ੍ਰਿਤਕ ਨਾਲ ਹੋਈ ਗਾਲੀ ਗਲੋਚ ਦੀ ਗੱਲ ਨੂੰ ਦਿਲ ਵਿੱਚ ਰੱਖ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
Leave a Reply