ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪ੍ਰਾਚੀਨ ਚੱਕ ਰਾਮਦਾਸ ਪੁਰ ਤੇ ਅਜੌਕੇ ਦੌਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣ ਵਾਲੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ 490ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸੇਵਾ-ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਿਮਾਚਲ ਦੇ ਇੱਕ ਸਿੱਖ ਪਰਿਵਾਰ ਦੇ ਵੱਲੋਂ ਅਸਮਾਨੀ ਹਾਜ਼ਰੀ ਭਰਦਿਆਂ ਸ਼ੁੱਧ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਦੀ ਹੈਲੀਕਪਟਰ ਰਾਹੀਂ ਵਰਖਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ।
ਡੇਢ ਦਰਜਨ ਦੇ ਕਰੀਬ ਆਪਣੇ ਵੱਖ-ਵੱਖ ਮਹਿਲਾਂ-ਪੁਰਸ਼ ਪਰਿਵਾਰਿਕ ਮੈਂਬਰਾਂ ਸਮੇਤ ਹਿਮਾਚਲ ਦੇ ਸ਼ਹਿਰ ਚੰਬਾ ਤੋਂ ਗੁਰੂ ਨਗਰੀ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਖੇ ਪੁੱਜੇ ਗੁਰੂ ਘਰ ਦੇ ਅਨਿਨ ਸੇਵਕ ਸਤਨਾਮ ਸਿੰਘ ਪੁੱਤਰ ਸਵ. ਬਰਕਤ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਸੇਵਾ ਦਾ ਸ਼ੁੱਭ ਕਾਰਜ ਆਪਣੀ ਸਵ. ਮਾਤਾ ਜੈ ਕੌਰ ਦੇ ਆਸ਼ੀਰਵਾਦ ਨਾਲ ਬੀਤੇ 2 ਵਰ੍ਹਿਆਂ ਤੋਂ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਤਰਾਖੰਡ ਸਥਿਤ ਪ੍ਰਸਿੱਧ ਹਿੰਦੂ ਤੀਰਥ ਤੇ ਮੰਦਰ ਕੇਦਾਰਨਾਥ ਵਿਖੇ ਸ਼ਰਧਾਲੂ ਸੇਵਾਵਾਂ ਨਿਭਾਉਣ ਵਾਲੇ ਰਾਜਸ ਕੰਪਨੀ ਦੇ ਵੀਟੀ ਆਰਜੇਜੀ ਮਾਰਕਾ ਸੀਮਤ ਸੀਟਿਡ ਹੈਲੀਕਪਟਰ ਨੂੰ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਸ਼ੁੱਭ ਸੇਵਾ ਨਿਭਾਉਣ ਵਾਸਤੇ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 12 ਕੁਇੰਟਲ ਦੇ ਕਰੀਬ ਸ਼ੁੱਧ ਗੁਲਾਬ ਦੀਆਂ ਪੱਤੀਆਂ ਨੂੰ ਵਰਖਾ ਦੇ ਰੂਪ ਵਿੱਚ ਗੁਰੂ ਕਾਰਜਾਂ ਨੂੰ ਸਮਰਪਿਤ ਕੀਤਾ ਗਿਆ ਹੈ। ਹੈਲੀਕਪਟਰ ਦੇ ਕਿਰਾਏ ਅਤੇ ਫ਼ੁੱਲ ਪੱਤੀਆਂ ਦੀ ਕੀਮਤ ਸਬੰਧੀ ਕੀਤੇ ਗਏ ਸਵਾਲ ਨੂੰ ਟਾਲਦਿਆਂ ਉਨ੍ਹਾਂ ਕਿਹਾ ਕਿ ਜੋ ਕੁੱਝ ਵੀ ਸੇਵਾ ਕਾਰਜ ਸੰਪੂਰਨ ਹੋਏ ਹਨ ਉਹ ਗੁਰੂ ਦੀ ਰਜ਼ਾ ਅਤੇ ਆਸ਼ੀਰਵਾਦ ਨਾਲ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰੂ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਰਹੇਗੀ। ਜਿਕਰਯੋਗ ਹੈ ਕਿ ਫੁੱਲਾਂ ਦੀ ਵਰਖਾ ਤੇ ਇੰਨ੍ਹਾਂ ਸ਼ੁੱਭ ਕਾਰਜਾਂ ਨੂੰ ਸੰਪੂਰਨ ਕਰਨ ਤੇ ਹੈਲੀਕਪਟਰ ਦੀ ਆਵਾਜਾਈ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਨੂੰ ਰਾਖਵਾ ਰੱਖਿਆ ਗਿਆ ਸੀ। ਹੈਲੀਕਪਟਰ ਦੇ ਵੱਲੋਂ ਗੁਰੂ ਸੇਵਾ ਦੇ ਵਿੱਚ ਲਗਭਗ ਡੇਢ ਦਰਜਨ ਦੇ ਕਰੀਬ ਚੱਕਰ ਲਗਾਏ ਗਏ ਸਨ। ਜਿਸ ਦੌਰਾਨ ਸਤਨਾਮ ਸਿੰਘ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਿਰ ਢੱਕ ਤੇ ਜੋੜੇ ਉਤਾਰ ਕੇ ਖੁੱਦ ਆਪਣੇ ਹੱਥਾਂ ਨਾਲ ਫੁੱਲਾਂ ਦੀ ਵਰਖਾ ਕਰਨ ਦੀ ਸੇਵਾ ਕੀਤੀ ਗਈ ਤੇ ਹਰੇਕ ਪ੍ਰਕਾਰ ਦੇ ਅਹਿਤਹਾਤ ਦੀ ਵਰਤੋਂ ਵੀ ਕੀਤੀ ਗਈ
ਇਸ ਦੌਰਾਨ ਸਤਨਾਮ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਤ ਇੰਨ੍ਹਾਂ ਸ਼ੁੱਭ ਕਾਰਜਾਂ ਨੂੰ ਸਹਿਯੋਗ ਕਰਨ ਵਾਲੀਆਂ ਸਮੁੱਚੀਆਂ ਧਿਰਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਸੈਕੰਡ ਪੰਜਾਬ ਏਅਰ ਸਕਾਡਨ ਐਨਸੀਸੀ ਦੇ ਕੈਡਿਟਾਂ ਚਸ਼ਨਮੀਤ ਸਿੰਘ, ਪਲਕ, ਰਿਤਿਕਾ ਆਦਿ ਦੇ ਵੱਲੋਂ ਹੇਲੀਕਪਰ ਦੇ ਉਡਾਨ ਭਰਨ ਅਸਮਾਨੀ ਕਾਰਜਸ਼ੈਲੀ ਤੇ ਲੈਂਡ ਕਰਨ ਵਰਗੀਆਂ ਕਿਰਿਆਵਾਂ ਨੂੰ ਵੀ ਨੇੜੇ ਤੋਂ ਵੇਖਿਆ ਜਾਂਚਿਆ ਗਿਆ। ਜਦੋਂ ਕਿ ਕਈਆਂ ਵੱਲੋਂ ਸੇਵਾ ਕਾਰਜਾਂ ਦੀ ਇੰਨ੍ਹਾਂ ਹਸੀਨ ਪਲਾਂ ਨੂੰ ਆਪੋਂ ਆਪਣੇ ਮੋਬਾਇਲ ਕੈਮਰਿਆਂ ਦੇ ਵਿੱਚ ਕ਼ੈਦ ਕਰਦਿਆਂ ਸੈਲਫੀਆਂ ਲਈਆਂ ਤੇ ਸਤਨਾਮ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੇ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਵੱਲੋਂ ਅਨੌਖੇ ਤਰੀਕੇ ਨਾਲ ਗੁਰੂ ਘਰ ਨੱਤਮਸਤਕ ਤੇ ਸਮਰਪਿਤ ਹੋਣ ਦੀ ਜਾਣਕਾਰੀ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾ ਤੇ ਸਾਂਝੀ ਕੀਤੀ ਗਈ।
Leave a Reply