ਗ੍ਰਿਫ਼ਤਾਰ ਕੀਤੇ ਦੋ ਭਰਾਵਾਂ ਤੋਂ ਹੈਰੋਇਨ ਖ਼ਰੀਦ ਕੇ ਜ਼ੇਲ੍ਹ ਅੰਦਰ ਸਪਲਾਈ ਕਰਦਾ ਸੀ ਜ਼ੇਲ੍ਹ ਵਾਰਡਨ

ਅੰਮ੍ਰਿਤਸਰ  (ਰਣਜੀਤ ਸਿੰਘ/ ਮਸੌਣ ਰਾਘਵ ਅਰੋੜਾ) ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਸਰਹੱਦ ਪਾਰ ਤੋਂ ਨਸ਼ਾ ਤਸ਼ਕਰੀ ਕਰਨ ਵਾਲੇ ਨੈੱਟਵਰਕਾਂ ਵਿਰੁੱਧ ਇੱਕ ਹੋਰ ਵੱਡੀ ਸਫ਼ਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਭਰਾਵਾਂ ਨੂੰ 4.5 ਕਿੱਲੋ ਹੈਰੋਇਨ, 4.32 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਉਕਤ ਤਸ਼ਕਰਾਂ ਕੋਲੋਂ ਹੈਰੋਇਨ ਪ੍ਰਾਪਤ ਕਰਕੇ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਵਿੱਚ ਸਪਲਾਈ ਕਰਨ ਵਾਲੇ ਜ਼ੇਲ੍ਹ ਵਾਰਡਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਦੱਸਿਆ ਕਿ ਫ਼ੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ਼ ਆਕਾਸ਼ ਅਤੇ ਸਤਵਿੰਦਰਪਾਲ ਸਿੰਘ ਉਰਫ ਸੱਤੀ ਦੋਵੇਂ ਵਾਸੀ ਗੁਰੂ ਹਰਗੋਬਿੰਦਪੁਰਾ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਜ਼ੇਲ੍ਹ ਵਾਰਡਨ ਦੀ ਪਛਾਣ ਗੁਰਮੇਜ ਸਿੰਘ ਵਾਸੀ ਪਿੰਡ ਕੋਟ ਸਦਰ ਖਾਂ ਜ਼ਿਲ੍ਹਾ ਮੋਗਾ ਵਜੋਂ ਕੀਤੀ ਗਈ ਹੈ। ਉਕਤ ਜ਼ੇਲ੍ਹ ਵਾਰਡਨ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਵਿੱਚ ਬੰਦ ਕ਼ੈਦੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ।
ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਤਿੰਨ ਨਸ਼ਾ ਤਸ਼ਕਰਾਂ ਨੂੰ 5 ਕਿੱਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਨ ਤੋਂ ਇੱਕ ਦਿਨ ਬਾਅਦ ਅਮਲ ਵਿੱਚ ਆਈ ਹੈ।
 ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਅਕਾਸ਼ਦੀਪ ਸਿੰਘ ਅਤੇ ਸਤਿੰਦਰਪਾਲ ਸਿੰਘ ਨਾਲ ਪਾਕਿਸਤਾਨ ਸਥਿਤ ਨਸ਼ਾ ਤਸ਼ਕਰਾਂ, ਜੋ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਕਰਦੇ ਸਨ, ਦੇ ਸਿੱਧੇ ਸੰਪਰਕ ਵਿੱਚ ਸਨ।
  ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਫ਼ੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਜ਼ੇਲ੍ਹ ਵਾਰਡਨ ਗੁਰਮੇਜ ਸਿੰਘ ਨੂੰ ਹੈਰੋਇਨ ਸਪਲਾਈ ਕਰਦੇ ਸਨ, ਜੋ ਅੱਗੇ ਜ਼ੇਲ੍ਹ ’ਚ ਬੈਠੇ ਨਸ਼ਾ ਤਸ਼ਕਰਾਂ ਤੱਕ ਨਸ਼ੇ ਦੀ ਸਪਲਾਈ ਪਹੁੰਚਾਉਂਦਾ ਸੀ। ਉਨ੍ਹਾਂ ਦੱਸਿਆ ਕਿ ਇੱਕ ਪੇਸ਼ੇਵਰਾਨਾ ਅਤੇ ਤਕਨੀਕੀ ਜਾਂਚ ਉਪਰੰਤ ਐਨਡੀਪੀਐਸ ਐਕਟ ਦੇ ਤਹਿਤ  ਐਫ਼ਆਈਆਰ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।
  ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼-2 ਦੀਆਂ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਦੋ ਭਰਾਵਾਂ ਨੇ ਸਰਹੱਦ ਪਾਰ ਤੋਂ ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਇਸ ਖੇਪ ਨੂੰ ਆਪਣੀ ਰਿਹਾਇਸ਼ ਗੁਰੂ ਹਰਗੋਬਿੰਦਪੁਰਾ, ਛੇਹਰਟਾ ਵਿਖੇ ਛੁਪਾਇਆ ਹੋਇਆ ਹੈ।
  ਇਤਲਾਹ ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਡੀਸੀਪੀ ਸਿਟੀ ਅੰਮ੍ਰਿਤਸਰ ਅਭਿਮਨਿਊ ਰਾਣਾ ਆਈਪੀਐਸ, ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇਰ ਅਤੇ ਏ.ਸੀ.ਪੀ. ਵੈਸਟ ਸ਼ਿਵਦਰਸ਼ਨ ਸਿੰਘ ਦੀ ਅਗਵਾਈ ਹੇਠ ਥਾਣਾ ਛੇਹਰਟਾ ਅੰਮ੍ਰਿਤਸਰ ਦੀਆਂ ਪੁਲੀਸ ਟੀਮਾਂ ਨੇ ਗੁਰੂ ਹਰਗੋਬਿੰਦਪੁਰਾ, ਛੇਹਰਟਾ ਅੰਮ੍ਰਿਤਸਰ ਵਿੱਚ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਇੱਕ ਘਰ ਵਿੱਚੋਂ ਦੋਵਾਂ ਨਸ਼ਾ ਤਸ਼ਕਰਾਂ ਨੂੰ ਕਾਬੂ ਕਰ ਲਿਆ।
  ਉਨ੍ਹਾਂ ਦੱਸਿਆ ਕਿ ਜ਼ੇਲ੍ਹ ਵਾਰਡਨ ਦੀ ਮਿਲੀਭੁਗਤ ਸਬੰਧੀ ਖੁਲਾਸੇ ਤੋਂ ਬਾਅਦ ਪੁਲਿਸ ਟੀਮਾਂ ਨੇ ਅੰਮ੍ਰਿਤਸਰ ਦੇ ਫ਼ਤਿਹਪੁਰ ਇਲਾਕੇ ਤੋਂ ਗੁਰਮੇਜ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ੇਲ੍ਹ ਵਾਰਡਨ ਜ਼ੇਲ੍ਹ ਅੰਦਰ ਬੈਠੇ ਨਸ਼ਾ ਤਸ਼ਕਰਾਂ ਵਿਚਕਾਰ ਵਿਚੋਲੇ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜ਼ੇਲ੍ਹ ਵਿੱਚ ਨਸ਼ਾ ਤਸ਼ਕਰਾਂ, ਜਿਨ੍ਹਾਂ ਨੂੰ ਹੈਰੋਇਨ ਸਪਲਾਈ ਕੀਤੀ ਜਾ ਰਹੀ ਸੀ, ਉਹਨਾਂ ਦੀ ਪਛਾਣ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21-ਸੀ ਅਤੇ 29 ਤਹਿਤ ਐਫ.ਆਈ.ਆਰ. ਨੰਬਰ 184, ਮਿਤੀ 9/10/2024 ਨੂੰ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published.


*