ਅਜਨਾਲਾ (ਰਣਜੀਤ ਸਿੰਘ ਮਸੌਣ/ ਕਾਲਾ ਸਲਵਾਨ) ਪ੍ਰਬੰਧਕ ਨਿਰਦੇਸ਼ਕ, ਸ਼ੂਗਰਫੈਡ ਪੰਜਾਬ ਡਾ. ਸੇਨੂੰ ਦੁੱਗਲ ਨੇ ਅੱਜ ਦੀ ਅਜਨਾਲਾ ਸਹਿਕਾਰੀ ਖੰਡ ਮਿਲਜ਼ ਲਿਮ: ਦਾ ਦੌਰਾ ਕਰਕੇ ਮਿੱਲ ਦੀ ਮੁਰੰਮਤ ਅਤੇ ਰੱਖ-ਰਖਾਵ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਉਨਾਂ ਨੇ ਮਿਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਮਿੱਲ ਵਰਕਰ ਜੋ ਕਿ ਅਡਹਾਕ ਬੇਸਿਸ/ਆਉਟਸੋਰਸ ਰਾਂਹੀ ਖਾਲੀ ਅਸਾਮੀਆਂ ਦੇ ਵਿਰੁੱਧ ਕੰਮ ਕਰ ਰਹੇ ਹਨ, ਉਨ੍ਹਾਂ ਦੀ ਤਨਖ਼ਾਹ ਵਿੱਚ ਇੱਕਸਾਰਤਾ ਲਿਆਂਦੀ ਜਾਵ। ਉਨਾਂ ਇਹ ਵੀ ਹਦਾਇਤ ਕੀਤੀ ਕਿ ਜਿਹੜੇ ਨੌਜ਼ਵਾਨ ਕਰਮਚਾਰੀਆਂ ਨੂੰ ਡਿਊਟੀ ਉੱਤੇ ਰੱਖਿਆ ਜਾਂਦਾ ਹੈ, ਉਹਨਾਂ ਨੂੰ ਕੰਮ ਸਿਖਾਇਆ ਜਾਵੇ ਤਾਂ ਜੋ ਮਿੱਲ ਵਿੱਚ ਹੁਨਰਮੰਦ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।
ਪ੍ਰਬੰਧਕ ਨਿਰਦੇਸ਼ਕ ਸ਼ੂਗਰਫੈਡ ਵੱਲੋਂ ਅਧਿਕਾਰੀਆਂ ਨੂੰ ਪੂਰਾ ਜੋਰ ਦਿੱਤਾ ਗਿਆ ਕਿ ਮਿੱਲ ਦੀ ਮੁਰੰਮਤ ਅਤੇ ਰੱਖ ਰਖਾਵ ਦਾ ਕੰਮ ਸਮੇਂ ਸਿਰ ਪੂਰਾ ਕਰਕੇ ਮਿੱਲ ਨੂੰ ਆਉਣ ਵਾਲੇ ਪਿੜਾਈ ਸੀਜ਼ਨ ਲਈ ਤਿਆਰ ਕੀਤਾ ਜਾਵੇ। ਉਨਾਂ ਗੰਨੇ ਦੀ ਸਪਲਾਈ ਨੂੰ ਆਨਲਾਇਨ ਕਰਨ ਲਈ ਵੀ ਹਦਾਇਤ ਕੀਤੀ ਗਈ ਤਾਂ ਜੋ ਗੰਨੇ ਦੀ ਸਪਲਾਈ ਵਿੱਚ 100% ਪਾਰਦਰਸ਼ਤਾ ਲਿਆਂਦੀ ਜਾ ਸਕੇ । ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਸੀਜ਼ਨ 2024-25 ਦੌਰਾਨ ਮਿੱਲ 27 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰੇਗੀ ਜਿਸ ਨਾਲ ਲੱਗਭੱਗ 1900 ਗੰਨਾ ਕਾਸ਼ਤਕਾਰਾਂ ਨੂੰ ਲਾਭ ਹੋਵੇਗਾ। ਉਨਾਂ ਨੇ ਮਿੱਲ ਦੀ ਸਾਫ਼-ਸਫ਼ਾਈ ਦੇ ਕੰਮ ਤੇ ਵਿਸ਼ੇਸ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਅਤੇ ਇਹ ਵੀ ਹਦਾਇਤ ਕੀਤੀ ਗਈ ਕਿ ਪਿੜਾਈ ਸੀਜ਼ਨ ਲਈ ਮਿੱਥੇ ਗਏ ਟੀਚੇ, ਹਰ ਹਾਲਤ ਵਿੱਚ ਪੂਰੇ ਕੀਤੇ ਜਾਣ। ਜੇਕਰ ਕਿਸੇ ਅਧਿਕਾਰੀ ਨੂੰ ਮਿੱਲ ਪ੍ਰਤੀ ਧਿਆਨ ਦੇਣ ਲਈ 2024-25 ਲਈ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਅਧਿਕਾਰੀ ਉਨ੍ਹਾਂ ਨੂੰ ਕਿਸੇ ਵੀ ਸਮੇਂ ਸਪੰਰਕ ਕਰ ਸਕਦੇ ਹਨ ।
ਇਸ ਮੌਕੇ ਮਿੱਲ ਦੇ ਸੁਭਾਸ਼ ਚੰਦਰ, ਜਰਨਲ ਮੈਨੇਜਰ, ਮਲਕੀਤ ਸਿੰਘ, ਚੀਫ਼ ਇੰਜੀਨੀਅਰ, ਜਸਕਰਨਜੀਤ ਸਿੰਘ, ਡਿਪਟੀ ਚੀਫ਼ ਇੰਜੀਨੀਅਰ, ਕੁਲਵੰਤ ਸਿੰਘ, ਸੁਪਰਡੈਂਟ, ਰਜਿੰਦਰਪਾਲ ਸਿੰਘ, ਸਹਾਇਕ ਲੇਖਾ ਅਫ਼ਸਰ ਅਤੇ ਮੋਹਿੰਦਰ ਪ੍ਰਤਾਪ ਸਿੰਘ, ਗੰਨਾ ਵਿਕਾਸ ਇੰਸਪੈਕਟਰ ਹਾਜ਼ਰ ਸਨ।
Leave a Reply