ਪੰਚਾਇਤੀ ਚੋਣਾਂ ਵਿਚ ਆਪ ਸਰਕਾਰ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ-ਵਿਨਰਜੀਤ ਗੋਲਡੀ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਵਿਨਰਜੀਤ ਸਿੰਘ ਗੋਲਡੀ ਵਲੋਂ ਅੱਜ ਭਵਾਨੀਗੜ੍ਹ ਵਿਖੇ ਅਕਾਲੀ ਦਲ ਦੇ ਦਫਤਰ ਵਿਚ ਵਿਸ਼ੇਸ਼ ਤੌਰ ਪ੍ਰੈਸ ਕਾਨਫਰੰਸ ਕਰਕੇ ਆਪ ਸਰਕਾਰ ਦੀ ਗੁੰਡਾਗਰਦੀ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਪ ਸਰਕਾਰ ਨੇ ਜੋ ਪੰਚਾਇਤੀ ਚੋਣਾਂ ਵਿਚ ਗੁੰਡਾਗਰਦੀ ਕੀਤੀ ਹੈ, ਇਹੋ ਜਿਹੇ ਹਾਲ ਅੱਜ ਤੱਕ ਕਦੇ ਵੀ ਨਹੀਂ ਹੋਏ। ਉਹਨਾਂ ਕਿਹਾ ਕਿ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਬੀਡੀਪੀਓ ਭਵਾਨੀਗੜ੍ਹ ’ਤੇ ਲਗਾਤਾਰ ਆਪ ਵਿਰੋਧੀ ਸਰਪੰਚ ਉਮੀਦਵਾਰਾਂ ਦੇ ਕਾਗਜ ਰੱਦ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਪਰੰਤੂ ਬੀਡੀਪੀਓ ਵਲੋਂ ਕੰਮ ਦਾ ਵਜਨ ਜਿਆਦਾ ਹੋਣ ਕਾਰਨ ਵਿਧਾਇਕ ਬੀਬੀ ਭਰਾਜ ਦਾ ਫੋਨ ਨਹੀਂ ਚੁੱਕਿਆ ਗਿਆ ਤਾਂ ਵਿਧਾਇਕ ਭਰਾਜ ਵਲੋਂ ਆਪਣੀ ਹੀ ਪਾਰਟੀ ਦੇ ਕਿਸੇ ਵਿਅਕਤੀ ਦੀ ਸ਼ਿਕਾਇਤ ਤੇ ਬੀਡੀਪੀਓ ਦੀ ਗੱਡੀ ਦੀ ਤਲਾਸ਼ੀ ਲਈ ਗਈ ਅਤੇ ਉਹਨਾਂ ਤਲਾਸ਼ੀ ਲੈਣ ਤੋਂ ਪਹਿਲਾਂ ਇਹ ਵੀ ਐਲਾਨ ਕੀਤਾ ਸੀ ਕਿ ਜੇਕਰ ਗੱਡੀ ਵਿਚ ਕੁਝ ਨਾ ਮਿਲਿਆ ਤਾਂ ਉਹ ਜਨਤਕ ਤੌਰ ਤੇ ਮਾਫੀ ਮੰਗਣਗੇ। ਜਦੋਂ ਐਸ ਡੀ ਐਮ ਦਫਤਰ ਵਿਚ ਖੜੀ ਬੀਡੀਪੀਓ ਭਵਾਨੀਗੜ੍ਹ ਦੀ ਗੱਡੀ ਵਿਚੋਂ ਵਿਧਾਇਕ ਨੂੰ ਕੁਝ ਵੀ ਹਾਸਲ ਨਾ ਹੋਇਆ ਤਾਂ ਉਹ ਇਹ ਕਹਿਕੇ ਨਿਕਲ ਗਏ ਕਿ ਹੁਣ ਤੁਸੀਂ ਇਨਕੁਆਰੀ ਕਰ ਲਵੋ। ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਕਿਸੇ ਵਿਧਾਇਕ ਨੂੰ ਮੌਕੇ ਅਫਸਰ ਦੀ ਤਲਾਸ਼ੀ ਲੈਣ ਦਾ ਕੋਈ ਅਧਿਕਾਰ ਨਹੀਂ, ਇਸ ਲਈ ਹੁਣ ਵਿਧਾਇਕਾ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ। ਵਿਧਾਇਕ ਵਲੋਂ ਬੀਡੀਪੀਓ ਤੇ ਇਹ ਦੋਸ਼ ਲਗਾਏ ਸਨ ਕਿ ਬੀਡੀਪੀਓ ਇਕੱਲੇ ਗੱਡੀ ਚਲਾ ਕੇ ਕਿਸੇ ਥਾਂ ਤੇ ਗਏ ਅਤੇ ਉਥੋਂ ਰਿਸ਼ਵਤ ਲੈ ਕੇ ਆਏ ਹਨ ਜੋ ਕਿ ਬਹੁਤ ਵੱਡੀ ਹਾਸੋਹੀਣੀ ਕਾਰਵਾਈ ਹੈ। ਗੋਲਡੀ ਨੇ ਕਿਹਾ ਕਿ ਇਹ ਕਿੱਥੋਂ ਦਾ ਕਾਨੂੰਨ ਹੈ ਕਿ ਕੋਈ ਅਫਸਰ ਇਕੱਲਾ ਗੱਡੀ ਚਲਾ ਕੇ ਕਿਸੇ ਨੂੰ ਮਿਲਣ ਨਹੀਂ ਜਾ ਸਕਦਾ, ਵੋਟਾਂ ਵੇਲੇ ਅਫਸਰ ਅਤੇ ਲੀਡਰ ਅਕਸਰ ਹੀ ਕਿਤੇ ਨਾ ਕਿਤੇ ਇਕੱਲੇ ਗੱਡੀ ਚਲਾ ਕੇ ਜਾਂਦੇ ਹੀ ਹਨ?
ਗੋਲਡੀ ਨੇ ਕਿਹਾ ਕਿ ਭਵਾਨੀਗੜ੍ਹ ਦੇ ਪਿੰਡ ਨਦਾਮਪੁਰ ਵਿਖੇ ਵੀ ਸਰਕਾਰ ਵਲੋਂ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਥੇ ਲੋਕਾਂ ਨੇ ਧੱਕੇਸ਼ਾਹੀ ਨਹੀਂ ਹੋਣ ਦਿੱਤੀ। ਪਿੰਡ ਨਦਾਮਪੁਰ ਵਿਖੇ ਆਪ ਵਿਰੋਧੀ ਉਮੀਦਵਾਰਾਂ ਦੇ ਘਰਾਂ ਦੀ ਮਿਣਤੀ ਕਰਵਾਉਣ ਲਈ ਇਕ ਅਕਤੂਬਰ ਨੂੰ ਸ਼ਿਕਾਇਤ ਕੀਤੀ  ਅਤੇ 2 ਅਕਤੂਬਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਤਹਿਸੀਲਦਾਰ ਵਲੋਂ ਮਿਣਤੀ ਦੇ ਆਰਡਰ ਦਿੱਤੇ ਗਏ। ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਤਾਂ ਅਮਰੀਕਾ, ਕੈਨੇਡਾ ਦੀਆਂ ਸਰਕਾਰਾਂ ਵੀ ਫੇਲ ਕਰ ਦਿੱਤੀਆਂ।
ਅਕਾਲੀ ਆਗੂ ਨੇ ਆਪ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਾਰੇ ਅਫਸਰਾਂ ਦੱਸਣਾ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਨੇ 2022 ਵਿਚ ਇਕ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ 40ਫੀਸਦੀ ਰਿਸ਼ਵਤ ਹੈ, ਅਤੇ ਉਹ 40 ਤੋਂ ਫੀਸਦੀ ਤੱਕ ਲੈ ਆਏ ਹਨ। ਇਕ ਲੱਖ 70 ਹਜਾਰ ਕਰੋੜ ਦਾ ਬਜਟ ਹੈ, 34000 ਕਰੋੜ ਰੁਪਇਆ ਉਹ ਪੰਜਾਬ ਦਾ ਪਹਿਲੇ ਸਾਲ ਵਿਚ ਕਮਾਉਣਗੇ। ਉਹਨਾਂ ਬਿਆਨ ਮੁਤਾਬਿਕ ਤਾਂ ਫਿਰ ਪੰਜਾਬ ਦੀ ਸਾਰੀ ਅਫਸਰਸ਼ਾਹੀ ਹੀ ਭ੍ਰਿਸ਼ਟ ਬਣਦੀ ਹੈ। ਉਹਨਾਂ ਕਿਹਾ ਪੰਜਾਬ ਨੂੰ ਅੱਗੇ ਲਿਜਾਣ ਲਈ ਸਰਕਾਰ ਅਤੇ ਅਫਸਰਾਂ ਵਿਚ ਆਪਸੀ ਤਾਲਮੇਲ ਵਧੀਆ ਹੋਣਾ ਚਾਹੀਦਾ ਹੈ ਪਰੰਤੂ ਇੱਥੇ ਤਾਂ ਆਪ ਸਰਕਾਰ, ਅਫਸਰਾਂ ਨੂੰ ਭ੍ਰਿਸ਼ਟ ਕਹਿੰਦੇ ਹਨ ਅਤੇ ਅਫਸਰ ਸਰਕਾਰ ਨੂੰ ਭ੍ਰਿਸ਼ਟ ਦੱਸਦੇ ਹਨ।
ਜੋ ਲੋਕਤੰਤਰ ਦਾ ਘਾਣ ਸੰਗਰੂਰ ਹਲਕੇ ਵਿਚ ਹੋਇਆ ਹੈ ਉਹ ਪੰਜਾਬ ਵਿਚ ਕਿਸੇ ਵੀ ਹਲਕੇ ਵਿਚ ਨਹੀਂ ਹੋਇਆ। ਸਰਕਾਰ ਸਰਬਸੰਮਤੀ ਦੀ ਧੱਕਾਸੰਮਤੀ ਕਰਵਾ ਰਹੀ ਹੈ। ਪਿੰਡ ਘਰਾਚੋਂ ਵਿਚ ਇਕ ਉਮੀਦਵਾਰ ਦੇ ਕਾਗਜ ਰੱਦ ਕਰਵਾਕੇ ਸਰਕਾਰ ਕਹਿੰਦੀ ਹੈ ਕਿ ਪਿੰਡ ਘਰਾਚੋਂ ਵਿਚ ਸਰਬਸੰਮਤੀ ਹੋਈ ਹੈ।
ਉਹਨਾਂ ਦੋਸ਼ ਲਗਾਇਆ ਕਿ ਆਪ ਸਰਕਾਰ ਵਲੋਂ ਡਰਾਮੇਬਾਜੀ ਕੀਤੀ ਜਾ ਰਹੀ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਰਦੇ ਸਨ ਕਿ ਉਹ ਸੱਥਾਂ ਵਿਚ ਸਰਕਾਰ ਚਲਾਣਗੇ ਅਤੇ ਪਾਰਦਰਸ਼ਤੀ ਢੰਗ ਨਾਲ ਵੋਟਾਂ ਪਿਆ ਕਰਨਗੀਆਂ। ਹਜਾਰਾਂ ਉਮੀਦਵਾਰਾਂ ਦੇ ਕਾਗਜ ਰੱਦ ਕਰਵਾਏ ਜਾ ਰਹੇ ਹਨ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਟਰੱਕ ਯੂਨੀਅਨ ਵਿਚ ਵੀ ਸਰਕਾਰੀ ਸਹਿ ਤੇ ਧਾਂਦਲੀਆਂ ਹੋ ਰਹੀਆਂ ਹਨ।  ਉਹਨਾਂ ਕਿਹਾ ਕਿ ਆਪ ਪਾਰਟੀ ਦੀ ਦਿੱਲੀ ਲੀਡਰਸ਼ਿਪ ਪੰਜਾਬ ਤੇ ਛੱਪਾ ਪਾਉਣਾ ਚਾਹੁੰਦੀ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਖਤਰੇ ਦੀ ਘੰਟੀ ਹੈ।
ਉਹਨਾਂ ਐਲਾਨ ਕੀਤਾ ਕਿ ਉਹ ਅਤੇ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵੋਟਾਂ ਵਾਲੇ ਦਿਨ ਤੱਕ ਪੂਰੀ ਤਰ੍ਹਾਂ ਵਿਰੋਧੀ ਧਿਰ ਦੀ ਜਿੰਮੇਵਾਰੀ ਨਿਭਾਉਣਗੇ ਅਤੇ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਇਸ ਮੌਕੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ, ਗੋਲਡੀ ਤੂਰ, ਗੁਰਮੀਤ ਸਿੰਘ ਜੈਲਦਾਰ, ਸੋਮਾ ਫੱਗੂਵਾਲਾ, ਪ੍ਰਭਜੀਤ ਸਿੰਘ ਲੱਕੀ ਆਦਿ ਹਾਜਰ ਸਨ।

Leave a Reply

Your email address will not be published.


*