ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ

ਪੁੱਤਰਾਂ ਦੇ ਦਾਨੀ ਕਰਕੇ ਜਾਣੇ ਜਾਂਦੇ ਬਾਬਾ ਬੁੱਢਾ ਜੀ ਦਾ ਜਨਮ 1506 ਈ: ਨੂੰ ਮਾਤਾ ਗੌਰਾ ਜੀ ਦੀ ਕੁੱਖੋਂ ਭਾਈ ਸੁੱਖੇ ਰੰਧਾਵੇ ਦੇ ਘਰ ਪਿੰਡ ਕੱਥੂ ਨੰਗਲ ਵਿੱਚ ਹੋਇਆ। ਆਪ ਜੀ ਦਾ ਪਹਿਲਾ ਨਾਂ ‘ਬੂੜਾ’ ਸੀ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨਾਲ ਤੀਜੀ ਉਦਾਸੀ ਸਮੇਂ ਕੱਥੂ ਨੰਗਲ ਗਏ ਸਨ। ਗੁਰੂ ਜੀ ਉਥੇ ਕੀਰਤਨ ਕਰ ਰਹੇ ਸਨ। ਕੀਰਤਨ ਦੀ ਸਮਾਪਤੀ ਉਪ੍ਰੰਤ ਗੁਰੂ ਸਾਹਿਬ ਨੇ ਡਿੱਠਾ ਕਿ ਇਕ ਬਾਲਕ ਨੇ ਦੁੱਧ ਦਾ ਗੜਵਾ ਲਿਆ ਕੇ ਰੱਖਿਆ ਹੋਇਆ ਹੈ। ਗੁਰੂ ਸਾਹਿਬ ਨੇ ਜਦੋਂ ਬਾਲਕ ਤੇ ਕ੍ਰਿਪਾ-ਦ੍ਰਿਸ਼ਟੀ ਪਾਈ ਤਾਂ ਬੂੜੇ ਆਖਿਆ “ਗਰੀਬ ਨਿਵਾਜ! ਤੇਰਾ ਦਰਸ਼ਨ ਕੀਤਾ ਹੈ, ਮੇਰਾ ਜਨਮ ਮਰਨ ਕਟੀਐ ਜੀ।”
ਮਹਾਰਾਜ ਫੁਰਮਾਇਆ “ਤੂੰ ਅਜੇ ਬਾਲ ਹੈਂ, ਇਤਨੀ ਮਤ ਕਿਥੋਂ ਲਈ?” ਤਾਂ ਬੂੜੇ ਆਖਿਆ “ਜੀ! ਇਕ ਦਿਨ ਮਾਂ ਨੇ ਚੁੱਲ੍ਹਾ ਬਾਲਣਾ ਚਾਹਿਆ। ਮੁੱਢਾਂ ਨੂੰ ਅੱਗ ਹੀ ਨਾ ਲੱਗੇ ਪਰ ਜਦੋਂ ਉਨ੍ਹਾਂ ਡਕਰੇ ਤੇ ਪਿਲਵੀ ਨੂੰ ਬਾਲਿਆ ਤਾਂ ਉਹ ਬਲ ਉੱਠੀਆਂ।
ਇਕ ਦਿਨ ਫਿਰ ਐਸਾ ਹੋਇਆ ਸੱਚੇ ਪਾਤਸ਼ਾਹ! ਮੁਗ਼ਲ ਆਣ ਉਤਰੇ! ਨਾਲ ਉਨ੍ਹਾਂ ਕੱਚੀਆਂ ਖੇਤਰਾਂ ਵੱਢ ਲਈਆਂ, ਨਾਲੇ ਪੱਕੀਆਂ, ਨਾਲ ਅੱਧ-ਪੱਕੀਆ। ਮੇਰੇ ਮਨ ਵਿੱਚ ਆਈ ਜੇ ਇਨ੍ਹਾਂ ਡਾਢਿਆਂ ਦਾ ਹੱਥ ਕਿਸੇ ਨਹੀਂ ਫੜਿਆ ਤਾਂ ਜਮਾਂ ਦਾ ਹੱਥ ਕਿਸ ਪਕੜਨਾ ਹੈ। ਕ੍ਰਿਪਾ ਕਰੋ ਮੌਤ ਦਾ ਡਰ ਦੂਰ ਹੋਵੇ। ਜਨਮ ਮਰਨ ਕਟਿਆ ਜਾਵੇ। ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ: “ਤੂੰ ਤਾਂ ਬਾਲਕ ਨਹੀਂ, ਤੇਰੀ ਤਾਂ ਬੁੱਢਿਆਂ ਜੈਸੀ ਮਤਿ ਹੈ, ਤੂੰ ਤਾਂ ਬੁੱਢਾ ਹੈ।” ਇਕ ਮਨ ਹੋਇ ਕੇ ਨਾਮ ਧਿਆਏਂਗਾ ਤਾਂ ਤੇਰਾ ਕਲਿਆਣ ਹੋਵੇਗਾ, ਆਰਜਾ ਵਧੇਗੀ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਪਿਛੋਂ ਆਪ ਜੀ ਦਾ ਨਾਂ ਬੁੱਢਾ ਪ੍ਰਚਲਿਤ ਹੋਇਆ।
ਬਾਬਾ ਬੁੱਢਾ ਜੀ ‘ਤੇ ਗੁਰੂ ਨਾਨਕ ਸਾਹਿਬ ਜੀ ਦਾ ਅਜਿਹਾ ਅਸਰ ਹੋਇਆ ਕਿ ਉਹ ਘਰ-ਬਾਰ ਛੱਡ ਕੇ ਕਰਤਾਰਪੁਰ ਆ ਕੇ ਗੁਰੂ ਸਾਹਿਬ ਦੀ ਸੇਵਾ ਵਿੱਚ ਲੀਨ ਹੋ ਗਏ। ਬਾਬਾ ਬੁੱਢਾ ਜੀ ਦਾ ਵਿਆਹ ਬੀਬੀ ਮਿਰੋਆ ਨਾਲ ਹੋਇਆ ਅਤੇ ਆਪ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਅੰਤਲਾ ਸਮਾਂ ਨੇੜ ਆਉਣ ਕਰਕੇ ‘ਜੋਤਿ’ ਭਾਈ ਲਹਿਣੇ ਵਿੱਚ ਪਰਵਿਰਤ ਕਰ ਭਾਈ ਲਹਿਣੇ ਨੂੰ ਆਪਣਾ ‘ਅੰਗ’ ਜਾਣ ਕਰਕੇ ਗੁਰੂ ਅੰਗਦ ਦੇਵ ਬਣਾ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਕੋਲੋ ਲਗਵਾ ਕੇ “ਗੁਰੂ ਜੋਤਿ” ਨੂੰ ਮੱਥਾ ਟੇਕਿਆ। ਗੁਰੂ ਅੰਗਦ ਸਾਹਿਬ ਜੀ ਦਾ ਹੁਕਮ ਮੰਨ ਕੇ ਗੁਰਮੁਖੀ ਲਿਪੀ ਵਿੱਚ ਗੁਰਮਤਿ ਦੇ ਪਾਂਧੀਆਂ ਨੂੰ ਵਿਦਿਆ ਦੇਣੀ ਅਤੇ ਲੰਗਰ ਦੀ ਸੇਵਾ ਕਰਨੀ ਬਾਬਾ ਜੀ ਨੇ ਸ਼ੁਰੂ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਜਦੋਂ 22 ਮੰਜੀਆਂ ਸਥਾਪਿਤ ਕੀਤੀਆਂ ਤਾਂ ਇਸ ਮੰਜੀ ਪ੍ਰਥਾ ਦੇ ਮੁੱਖ ਪ੍ਰਬੰਧਕ ਵੀ ਬਾਬਾ ਬੁੱਢਾ ਨੂੰ ਥਾਪਿਆ।
ਇਸੇ ਤਰ੍ਹਾਂ ਜਦੋਂ ਅਕਬਰ ਬਾਦਸ਼ਾਹ ਗੁਰੂ ਸਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਬਾਬਾ ਬੁੱਢਾ ਜੀ ਜੇ ‘ਨਿਰਮਲ ਪੰਥ’ ਦੀ ਨਿਰਮਲਤਾ ਤੇ ਮਰਯਾਦਾ ਬਾਰੇ ਉਸਨੂੰ ਜਾਣੂ ਕਰਵਾਇਆ। ਬਾਦਸ਼ਾਹ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਅਤੇ “ਗੁਰੂ ਸੰਗਤ” ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਇਆ ਸੀ। ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ “ਰਾਮਦਾਸਪੁਰ” ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤ ਸਰੋਵਰ ਦਾ ਟੱਕ ਬਾਬਾ ਬੁੱਢਾ ਜੀ ਤੋਂ ਲਗਵਾਇਆ ਅਤੇ ਇਸ ਮਹਾਨ ਸੇਵਾ ਦੇ ਮੁੱਖ ਸੇਵਾਦਾਰ ਬਾਬਾ ਬੁੱਢਾ ਜੀ ਨੂੰ ਥਾਪਿਆ। ਜਿਸ ਅਸਥਾਨ ਤੇ ਬਾਬਾ ਬੁੱਢਾ ਜੀ ਬੈਠ ਕੇ ਸਰੋਵਰ ਦੀ ਸੇਵਾ ਕਰਿਆ ਕਰਦੇ ਸਨ ਉਹ ਥਾਂ ਦਰਬਾਰ ਸਾਹਿਬ ਵਿੱਚ ‘ਬੇਰ-ਬਾਬਾ ਬੁੱਢਾ ਜੀ’ ਦੀ ਇਤਿਹਾਸਕ ਯਾਦ ਵਜੋਂ ਅੱਜ ਵੀ ਸੁਰੱਖਿਅਤ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜਦੋਂ 1604 ਈ: ਵਿੱਚ ਕੀਤੀ ਤਾਂ ਇਸ ਪਾਵਨ ਸਰੂਪ ਦੇ ਪਹਿਲੇ ਪ੍ਰਕਾਸ਼ ਵਾਸਤੇ ਜਦੋਂ ਬਾਬਾ ਬੁੱਢਾ ਜੀ ਨੂੰ ਪੁੱਛਿਆ ਤਾਂ ਬਾਬਾ ਜੀ ਨੇ ਆਖਿਆ ਮਹਾਰਾਜ ਆਪ ਤੋਂ ਵੱਡਾ ਕੌਣ ਹੋ ਸਕਦਾ ਹੈ ਪਰ ਇਸ ਨਾਚੀਜ਼ ਦੀ ਰਾਇ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨਾਲੋਂ ਹੋਰ ਕੋਈ ਚੰਗਾ ਅਸਥਾਨ ਨਹੀਂ ਹੈ:-
ਸ੍ਰੀ ਗ੍ਰੰਥ ਲਾਇਕ ਦਰਬਾਰਾ।। ਔਰ ਅਸਥਾਨ ਨ ਕੋਇ ਮੁਰਾਰਾ।
ਇਹ ਸੁਣ ਸ੍ਰੀ ਗੁਰੂ ਭਯੋ ਅਨੰਦਾ।। ਮਾਨੋ ਦਿਖਯੋ ਦੂਜ ਕੋ ਚੰਦਾ।।(ਗੁਰ ਬਿਲਾਸ ਪਾਤਸ਼ਾਹੀ ਛੇਵੀ)
ਜਿਕਰ ਆਉਂਦਾ ਹੈ ਕਿ ਉਸ ਰਾਤ ਰਾਮਸਰ ਦੇ ਪਾਵਣ ਅਸਥਾਨ ਤੇ ਹੋਰ ਸਭ ਤਾਂ ਸੌ ਗਏ ਸਨ ਪਰ ਗੁਰੂ ਸਾਹਿਬ ਜਾਗਦੇ ਰਹੇ ਅਤੇ ਸਾਰੀ ਰਾਤ ਇਹੀ ਸੋਚਦੇ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਕਿਸ ਨੂੰ ਥਾਪਿਆ ਜਾਏ। ਅੰਤ ਗੁਰੂ ਅਰਜਨ ਸਾਹਿਬ ਜੀ ਨੇ ਨਿਰਣਾ ਕੀਤਾ ਕਿ ਹੰਕਾਰ ਰਹਿਤ, ਸੇਵਾ ਦੇ ਪੁੰਜ, ਨਿਰਮਾਣ ਸੇਵਕ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਤੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹਨ:
ਸੇਵਾ ਵਿਖੇ ਨਿਪੁੰਨ ਜੋ ਹੋਇ।। ਕਰੀਅਹਿ ਇਹਾ ਸੰਥਾਪਨਿ ਸੋਇ।।
ਸ੍ਰੀ ਨਾਨਕ ਕੈ ਦਰਸਨ ਕੀਨ।। ਅਸ ਬੁੱਢਾ ਵਿਚ ਸੇਵਾ ਪ੍ਰਵੀਨ।।28।।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸਿ 3 ਅੰਸੂ 50)
ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਮੁੱਖ ਗ੍ਰੰਥੀ ਥਾਪਿਆ ਅਤੇ ਬਾਬਾ ਜੀ ਨੂੰ ਹੁਕਮ ਕੀਤਾ-
ਬੁਢਾ ਨਿਜ ਸਿਰ ਪਰ ਧਰ ਗ੍ਰਿੰਥ।। ਆਗੈ ਚਲਹੁ ਸੁਧਾਸਰ ਪੰਥ।।
ਮਾਨਿ ਬਾਕ ਲਏ ਭਯੋ ਅਗਾਰੇ।। ਚਮਰ ਗੁਰੂ ਅਰਜਨ ਕਰ ਧਾਰੇ।।29।।…
ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਕਰਨ ਲੱਗੇ ਤਾਂ ਸਤਿਗੁਰਾਂ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ-
ਬੁਢਾ ਸਾਹਿਬ ਖੋਲਹੁ ਗ੍ਰੰਥ।। ਲੇਹੁ ਅਵਾਜ਼ ਸੁਨਹਿ ਸਭ ਪੰਥ।।(ਰਾਸਿ 2, ਅੰਸੂ 50)
ਬਾਬਾ ਬੁੱਢਾ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤਾਂ ਪਹਿਲਾ ਹੁਕਮਨਾਮਾ ਆਇਆ ਸੀ:
ਸੂਹੀ ਮਹਲਾ ੫
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ।।(ਅੰਗ 783)
ਇਸ ਤਰ੍ਹਾਂ ਪਹਿਲੇ ਗ੍ਰੰਥੀ ਦੀ ਮਹਾਨ ਸੇਵਾ ਬਾਬਾ ਬੁੱਢਾ ਜੀ ਨੇ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਜੀ ਮਾਝੇ-ਦੁਆਬੇ ਦੇ ਪ੍ਰਚਾਰ ਦੌਰੇ ‘ਤੇ ਗਏ ਤਾਂ ਗੁਰੂ ਸਾਹਿਬ ਦੀ ਆਗਿਆ ਸਦਕਾ ਬਾਬਾ ਬੁੱਢਾ ਜੀ ‘ਬੀੜ’ ਵਿੱਚ ਚਲੇ ਗਏ। ਇਹ ਬੀੜ ਗੁਰੂ ਘਰ ਦੇ ਇਕ ਸ਼ਰਧਾਲੂ ਨੇ ਗੁਰੂ-ਘਰ ਦੇ ਮਾਲ ਲਈ ਰਾਖਵੀਂ ਰੱਖੀ ਹੋਈ ਸੀ। ਮਾਤਾ ਗੰਗਾ ਜੀ ਦੀ ਖਾਹਸ਼ ਨੂੰ ਪੂਰਾ ਕਰਨ ਹਿੱਤ ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਨੂੰ ਬਾਬਾ ਬੁੱਢਾ ਜੀ ਜੀ ਸੇਵਾ ਵਿੱਚ ਹਾਜ਼ਰ ਹੋਣ ਲਈ ਕਹਿ ਬਾਬਾ ਜੀ ਦੀ ਮਹਾਨ ਸਖਸ਼ੀਅਤ ਨੂੰ ਸਤਿਕਾਰ ਬਖਸ਼ਿਆ। ਅਕਾਲ ਪੁਰਖ ਦੀ ਕਿਰਪਾ ਸਦਕਾ ਮਾਤਾ ਜੀ ਜੀ ਖਾਹਸ਼(ਗੁਰੂ) ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਨਾਲ ਪੂਰੀ ਹੋਈ।
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਪਿੱਛੋਂ ਗੁਰੂ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਗੁਰੂ ਹਰਿਗੋਬਿੰਦ ਸਾਹਿਬ ਨੂੰ ਦਿੱਤਾ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨਾਈਆਂ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹਕੂਮਤ ਨੇ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਮਾਤਾ ਗੰਗਾ ਜੀ ਦਾ ਹੁਕਮ ਪਾ ਕੇ ਬਾਬਾ ਬੁੱਢਾ ਜੀ ਗਵਾਲੀਅਰ ਚਲੇ ਗਏ ਪਰ ਉਸ ਸਮੇਂ ਦੇ ਹਾਕਮਾਂ ਨੇ ਬਾਬਾ ਜੀ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਨਾ ਦਿੱਤੀ। ਬਾਬਾ ਜੀ ਗੁਰੂ ਜਸ ਕਰਦੇ ਹੋਏ ਕਿਲ੍ਹੇ ਦੀ ਪ੍ਰਕਰਮਾ ਕਰਨ ਲੱਗ ਪਏ। ਜਦੋਂ ਸਤਿਗੁਰਾਂ ਦੀ ਰਿਹਾਈ ਹੋਈ ਤਾਂ ਬਾਬਾ ਬੁੱਢਾ ਜੀ ਨੇ ਸੰਗਤਾਂ ਦੀ ਬਿਹਬਲਤਾ ਦਰਸਾਈ। ਗੁਰੂ ਸਾਹਿਬ ਫੁਰਮਾਇਆ “ਬਾਬਾ ਜੀ, ਆਪ ਜੀ ਨੇ ਏਨੀ ਖੇਚਲ ਕਿਉਂ ਕੀਤੀ। ਅਸਾਂ ਤਾਂ ਆ ਹੀ ਜਾਣਾ ਸੀ।” ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ਤਾਜ਼ਾ ਰੱਖਣ ਲਈ ਚੌਂਕੀ ਸਾਹਿਬ ਦੀ ਰੀਤ ਚਲਾਈ ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਬਾਬਾ ਬੁੱਢਾ ਜੀ ਬਹੁਤ ਬਿਰਧ ਹੋ ਚੁੱਕੇ ਸਨ।
ਬਾਬਾ ਜੀ ਗੁਰੂ ਜੀ ਤੋਂ ਆਗਿਆ ਪਾ ਕੇ ਪਿੰਡ ਰਾਮਦਾਸ ਆ ਗਏ ਸਨ। ਬਾਬਾ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕਰਕੇ ਗੁਰੂ ਦਰਸ਼ਨਾਂ ਦੀ ਤਾਂਘ ਦੀ ਇੱਛਾ ਜਾਹਿਰ ਕਰਦਿਆ ਇਕ ਸਿੱਖ ਕੋਲੋ ਸੁਨੇਹਾ ਭਿਜਵਾਇਆ ਤਾਂ ਗੁਰੂ ਸਾਹਿਬ ਉਸ ਸਮੇਂ ਹਾਜ਼ਰ ਹੋਏ। ਪੰਜ ਗੁਰੂ ਸਹਿਬਾਨ ਨੂੰ ਆਪਣੇ ਹੱਥੀਂ ਗੁਰਿਆਈ ਦਾ ਤਿਲਕ ਅਤੇ ਅੱਠ ਗੁਰੂ ਸਹਿਬਾਨ ਦੇ ਸਾਖਿਆਤ ਦਰਸ਼ਨ ਕਰ 125 ਸਾਲ ਦੀ ਉਮਰ ਭੋਗ ਕੇ ਬਾਬਾ ਬੁੱਢਾ ਜੀ 16 ਨਵੰਬਰ 1631 ਈ: ਨੂੰ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਵਿੱਚ ਲੀਨ ਹੋ ਗਏ। ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਿਮ ਸਸਕਾਰ ਕੀਤਾ। ਸਾਨੂੰ ਬਾਬਾ ਬੁੱਢਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਅੱਜ ਵੀ ਬੀੜ ਬਾਬਾ ਬੁੱਢਾ ਜੀ ਵਿਖੇ ਬਾਬਾ ਜੀ ਦੀ ਯਾਦ ਵਿੱਚ ਸਲਾਨਾ ਜੋੜ-ਮੇਲਾ ਮਨਾਇਆ ਜਾਂਦਾ ਹੈ। ਲੱਖਾਂ ਦੀ ਤਦਾਦ ਵਿੱਚ ਸੰਗਤਾਂ ਇਸ ਅਸਥਾਨ ਪੁਰ ਨਤਮਸਤਕ ਹੋ ਕੇ ਬਾਬਾ ਬੁੱਢਾ ਜੀ ਨੂੰ ਯਾਦ ਕਰਦੀਆਂ ਹਨ।
ਸੁਰਜੀਤ ਸਿੰਘ ਦਿਲਾ ਰਾਮ
ਖੋਜਾਰਥੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਸ੍ਰੀ ਫਤਹਿਗੜ੍ਹ ਸਾਹਿਬ
ਸੰਪਰਕ 99147-22933

Leave a Reply

Your email address will not be published.


*