August 17, 2026

Justice News

ਅਵਾਮ ਦੀ ਆਵਾਜ਼

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਪਾਉਣ ਦੀਆਂ ਹਦਾਇਤਾਂ

ਅੰਮਿ੍ਤਸਰ   (ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ) ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਤੇ ਇਸ ਦੇ ਨਿਪਟਾਰੇ ਦੇ ਮੱਦੇਨਜ਼ਰ ਪਿੰਡ ਦੇ ਪੰਚਾਂ, ਸਰਪੰਚਾਂ, ਨੰਬਰਦਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੇ ਮੱਦੇਨਜ਼ਰ ਐਸ.ਡੀ.ਐਮਜ਼ ਤੋਂ ਲੈ ਕੇ ਕਲਾਸਟਰ ਪੱਧਰ ਦੇ ਅਫ਼ਸਰਾਂ ਨੂੰ ਕਰਦੇ ਕਿਹਾ ਕਿ ਐਸ.ਡੀ.ਐਮਜ ਸਮੇਤ ਸਾਰੇ ਅਧਿਕਾਰੀ ਛੁੱਟੀਆਂ ਦੇ ਬਾਵਜ਼ੂਦ ਖੇਤਾਂ ਵਿੱਚ ਸਰਗਰਮ ਰਹਿਣ ਅਤੇ ਇਸ ਮੌਕੇ ਅੱਗ ਬੁਝਾਊ ਗੱਡੀਆਂ ਸਮੇਤ ਸਾਰਾ ਅਮਲਾ ਨਾਲ ਹੋਵੇ। ਇਸ ਤੋਂ ਇਲਾਵਾ ਹਰੇਕ ਟੀਮ ਨਾਲ ਪੁਲਿਸ ਦੇ ਮੈਂਬਰ ਵੀ ਹੋਣ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 15 ਥਾਂਵਾਂ ਤੇ ਅੱਗ ਲੱਗਣ ਦੀ ਸੂਚਨਾਂ ਪ੍ਰਾਪਤ ਹੋਈ ਸੀ ਅਤੇ ਸਬੰਧਤ ਐਸ.ਡੀ.ਐਮ ਵੱਲੋਂ ਇੰਨਾਂ ਦਾ ਨਰੀਖਣ ਕੀਤਾ ਗਿਆ। ਜਿਸ ਵਿੱਚੋਂ ਤਿੰਨ ਥਾਂਵਾਂ ਤੇ ਅੱਗ ਲੱਗੀ ਪਾਈ ਗਈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ 7500 ਰੁਪਏ ਜੁਰਮਾਨਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ -2 ਵਿੱਚ ਇੱਕ ਕਿਸਾਨ ਨੂੰ 2500 ਰੁਪਏ ਅਤੇ ਸਬ ਡਵੀਜਨ ਮਜੀਠਾ ਵਿਖੇ ਦੋ ਕਿਸਾਨਾਂ ਨੂੰ 5000 ਰੁਪਏ ਜੁਰਮਾਨੇ ਵੱਜੋਂ ਪਾਏ ਗਏ ਹਨ।
  ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸੁਖਦੇਵ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਅੰਮ੍ਰਿਤਸਰ -1, ਲੋਪੋਕੇ, ਅਜਨਾਲਾ ਵਿਖੇ 1-1 ਥਾਂ ਤੇ, ਸਬ ਡਵੀਜਨ ਅੰਮ੍ਰਿਤਸਰ -2 ਵਿਖੇ 8 ਥਾਂਵਾ ਤੇ ਅਤੇ ਮਜੀਠਾ ਵਿਖੇ 4 ਥਾਂਵਾਂ ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੇ ਤੁਰੰਤ ਸਾਡੀਆਂ ਟੀਮਾਂ ਵੱਲੋਂ ਜਾ ਕੇ ਚੈਕਿੰਗ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਮੈਡਮ ਸਾਹਨੀ ਨੇ ਕਲੱਸਟਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਰਾਲੀ ਪ੍ਰਬੰਧਨ ਸਬੰਧੀ ਲਗਾਤਾਰ ਫ਼ੀਲਡ ਵਿੱਚ ਰਹਿ ਕੇ ਪਰਾਲੀ ਸਾੜਨ ਦੇ ਕਾਰਨ ਹੋਣ ਵਾਲੇ ਦੁਰਪ੍ਰਭਾਵਾਂ ਬਾਰੇ ਜਾਣੂ ਵੀ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਪਰਾਲੀ ਦੇ ਨਾਲ-ਨਾਲ ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਉਣ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿੱਲ, ਸਰਫੇਸ ਸੀਡਰ, ਸੁਪਰ ਸੀਡਰ, ਕਟੌਪ ਰੀਪਰ ਟਰੈਕਟਰ ਮਾਊਂਟਿਡ, ਸ਼ਰੱਬ ਮਾਸਟਰ/ਰੋਟਰੀ ਸ਼ੈਲਟਰ, ਰਿਵਰਸੀਬਲ ਐਮ.ਬੀ. ਪਲੌਅ, ਕਟੌਪ ਰੀਪਰ ਸੈਲਫ-ਪ੍ਰੋਪੈਲਡ, ਰੀਪਰ-ਕਮ-ਬਾਇੰਡਰ, ਸਟਰਾਅ ਰੇਕ ਅਤੇ ਬੇਲਰ ਆਦਿ ਦੀ ਵਰਤੋਂ ਕਰਦਿਆਂ ਪਰਾਲੀ ਦਾ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਣ ਕਾਰਨ ਜੈਵਿਕ ਖਾਦ ਸੜ ਕੇ ਖ਼ਤਮ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਧਰਤੀ ਵਿਚਲੇ ਸੂਖਮ ਜੀਵ ਵੀ ਮਰ ਜਾਂਦੇ ਹਨ, ਜਿਸ ਨਾਲ ਫ਼ਸਲਾਂ ਦਾ ਝਾੜ ਘਟ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਰਾਲੀ ਦੇ ਸਾੜਣ ਕਰਕੇ ਪੈਂਦਾ ਹੋਏ ਧੂੰਏ ਕਾਰਨ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.