ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 4 ਸਤੰਬਰ ਤੋਂ 27 ਸਤੰਬਰ ਤੱਕ ਲੱਗਣਗੇ ਜਨ ਸੁਣਵਾਈ ਕੈਂਪ

ਮੋਗਾ /////
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਰਹਿ ਰਿਹਾ ਹੈ।ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਿੰਡ-ਪਿੰਡ ਕੈਂਪ ਲਗਾਏ ਜਾ ਰਹੇ ਹਨ ਅਤੇ ਅਧਿਕਾਰੀ ਖੁਦ ਕੈਂਪਾ ਦਾ ਦੌਰਾ ਕਰ ਰਹੇ ਹਨ।ਸਰਕਾਰੀ ਦਫ਼ਤਰਾਂ ਵਿੱਚ ਵੀ ਆਮ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਵੀ ਵਿਭਾਗਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 4 ਸਤੰਬਰ ਤੋਂ 27 ਸਤੰਬਰ ਤੱਕ ਜਨ ਸੁਣਵਾਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ਉਹ ਖੁਦ ਕਰਨਗੇ।

ਪਿੰਡਾਂ ਦੇ ਕਲੱਸਟਰ ਬਣਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ  ਮਿਤੀ 4 ਸਤੰਬਰ ਦਿਨ ਬੁੱਧਵਾਰ ਨੂੰ ਤਹਿਸੀਲ ਧਰਮਕੋਟ ਦੇ ਪਿੰਡ ਭਿੰਡਰ ਖੁਰਦ, ਭਿੰਡਰ ਕਲਾਂ, ਦਾਤਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਕੋਆਪਰੇਟਿਵ ਸੁਸਾਇਟੀ ਭਿੰਡਰ ਖੁਰਦ ਵਿਖੇ ਸੁਣੀਆਂ ਜਾਣਗੀਆਂ। ਮਿਤੀ 6 ਸਤੰਬਰ ਦਿਨ ਸ਼ੁੱਕਰਵਾਰ ਨੂੰ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਵੈਰੋਕੇ, ਰਾਜਿਆਣਾ, ਉੱਗੇ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੈਰੋਕੇ ਗੁਰਦੁਆਰਾ ਭਾਈ ਦਰਬਾਰੀ ਦਾਸ ਵਿਖੇ ਸੁਣੀਆਂ ਜਾਣਗੀਆਂ। ਮਿਤੀ 11 ਸਤੰਬਰ ਨੂੰ  ਦਿਨ ਬੁੱਧਵਾਰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ, ਦੀਨਾ, ਰੌਂਤਾ, ਬੁਰਜ ਹਮੀਰਾ, ਗਾਜਿਆਣਾ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਰੌਂਤਾ ਵੱਡਾ ਗੁਰਦੁਆਰਾ ਸਾਹਿਬ ਵਿਖੇ ਸੁਣੀਆਂ ਜਾਣਗੀਆਂ। 13 ਸਤੰਬਰ ਦਿਨ ਸੁ਼ੱਕਰਵਾਰ ਨੂੰ ਤਹਿਸੀਲ ਮੋਗਾ ਦੇ ਪਿੰਡ ਢੁੱਡੀਕੇ, ਡਾਲਾ, ਦੌਧਰ ਗਰਬੀ, ਦੌਧਰ ਸ਼ਰਕੀ, ਤਖਾਣਵੱਧ, ਮੱਲੇਆਣਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਢੁੱਡੀਕੇ ਕਮਿਊਨਿਟੀ ਹਾਲ ਵਿਖੇ ਸੁਣੀਆਂ ਜਾਣਗੀਆਂ। ਮਿਤੀ 18 ਸਤੰਬਰ ਦਿਨ ਬੁੱਧਵਾਰ ਨੂੰ ਤਹਿਸੀਲ ਮੋਗਾ ਦੇ ਪਿੰਡ ਅਜੀਤਵਾਲ, ਨੱਥੂਵਾਲ ਜਦੀਦ, ਚੂਹੜ੍ਹ ਚੱਕ, ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਅਜੀਤਵਾਲ ਸਬ ਤਹਿਸੀਲ ਕੰਪਲੈਕਸ ਵਿਖੇ ਸੁਣੀਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 20 ਸਤੰਬਰ ਦਿਨ ਸ਼ੁੱਕਰਵਾਰ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਲੋਪੋ, ਬੱਧਨੀ ਕਲਾਂ, ਬੱਧਨੀ ਖੁਰਦ, ਰਾਉਕੇ ਕਲਾਂ, ਬੀਰ ਰਾਉਕੇ, ਬੌਡੇ, ਬੀਰ ਬੱਧਨੀ, ਮੀਨੀਆਂ, ਨੰਗਲ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਰਾਉਕੇ ਕਲਾਂ ਗੁਰਦੁਆਰਾ ਜੰਡ ਸਾਹਿਬ ਵਿਖੇ ਸੁਣੀਆਂ ਜਾਣਗੀਆਂ। ਮਿਤੀ 25 ਸਤੰਬਰ ਦਿਨ ਬੁੱਧਵਾਰ ਨੂੰ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ, ਗੁਲਾਬ ਸਿੰਘ ਵਾਲਾ, ਕਾਲੇਕੇ, ਨੱਥੋਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਘੋਲੀਆ ਕਲਾਂ ਕਲੱਬ ਘਰ ਫੂਲਾ ਸਿੰਘ ਪੱਤੀ ਵਿਖੇ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਮਿਤੀ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਤਹਿਸੀਲ ਧਰਮਕੋਟ ਦੇ ਪਿੰਡ ਲੁਹਾਰਾ, ਜਨੇਰ ਗਲੋਟੀ, ਦਾਤੇਵਾਲ, ਨਿਹਾਲਗੜ੍ਹ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਫੱਕਰ ਬਾਬਾ ਦਾਮੂੰਸ਼ਾਹ ਲੁਹਾਰਾ ਵਿਖੇ ਸੁਣੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਸਮੂਹ ਵਿਭਾਗ ਇਨ੍ਹਾਂ ਜਨ ਸੁਣਵਾਈ ਕੈਂਪਾਂ ਵਿੱਚ ਹਾਜ਼ਰ ਹੋ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ  ਤੁਰੰਤ ਨਿਪਟਾਰਾ ਕਰਨ ਨੂੰ ਯਕੀਨੀ ਬਣਾਏਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਪਿੰਡਾਂ ਦੇ ਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।

Leave a Reply

Your email address will not be published.


*