ਲੁਧਿਆਣਾ //// ਪੰਜ ਮਹੀਨਿਆਂ ਤੋਂ ਲੁਧਿਆਣਾ ਜਿਲੇ ‘ਚ ਅਖਾੜਾ, ਭੂੰਦੜੀ, ਮੁਸ਼ਕਾਬਦ, ਘੁੰਗਰਾਲੀ ਰਾਜਪੂਤਾਂ ਤੇ ਜਲੰਧਰ ਜਿਲੇ ਚ ਭੋਗਪੁਰ , ਕੰਧੋਲਾ, ਬਿੰਜੋ ਆਦਿ ਥਾਵਾਂ ਤੇ ਉਸਾਰੀ ਅਧੀਨ ਅਤੇ ਇੱਕ ਥਾਂ ਤੇ ਚੱਲ ਰਹੀ ਕੈਂਸਰ ਪੈਦਾ ਕਰਨ ਵਾਲੀਆਂ ਬਾਇਓ ਗੈਸ ਫ਼ੈਕਟਰੀਆਂ ਪੱਕੇ ਤੋਰ ਤੇ ਬੰਦ ਕਰਾਉਣ ਲਈ ਸੰਘਰਸ਼ ਸਿਖਰਾਂ ਵੱਲ ਵੱਧ ਰਿਹਾ ਹੈ।
ਲੁਧਿਆਣਾ ਜਿਲੇ ਦੀਆਂ ਚਾਰ ਉਪਰੋਕਤ ਵੱਖ ਵੱਖ ਥਾਵਾਂ ਤੇ ਚੱਲ ਰਹੇ ਸੰਘਰਸ਼ ਮੋਰਚਿਆਂ ਦੀ ਤਾਲਮੇਲ ਕਮੇਟੀ ਵੱਲੋਂ 10 ਸਤੰਬਰ ਨੂੰ ਕੌਮੀ ਮੁੱਖ ਮਾਰਗ ਦਿੱਲੀ ਰੋਡ ਤੇ ਸਰਕਾਰ ਦੇ ਸੰਘਰਸ਼ ਵਿਰੋਧੀ ਰਵੱਈਏ ਖਿਲਾਫ ਦੋ ਘੰਟੇ ਲਈ ਚੱਕਾ ਜਾਮ ਕੀਤਾ ਜਾ ਰਿਹਾ ਹੈ। ਅੱਜ ਇੱਥੇ ਤਾਲਮੇਲ ਕਮੇਟੀ ਦੀ ਕੋਆਰਡੀਨੇਟਰ ਸੁਖਦੇਵ ਸਿੰਘ ਭੂੰਦੜੀ ਦੀ ਅਗਵਾਈ ਚ ਹੋਈ ਮੀਟਿੰਗ ਦੋਰਾਨ ਚੱਕਾ ਜਾਮ ਐਕਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕਮੇਟੀ ਦੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟਿੰਗ ਵਿੱਚ ਜਿੱਥੇ ਇੰਨਾਂ ਕੈਂਸਰ ਫ਼ੈਕਟਰੀਆਂ ਨੂੰ ਬੰਦ ਕਰਾਉਣ ਲਈ ਕਨੂੰਨੀ ਚਾਰਾਜੋਈ ਦੇ ਨੁਕਤੇ ਵਿਚਾਰੇ ਗਏ। ਉੱਥੇ ਇਸ ਚੱਕਾ ਜਾਮ ਦੇ ਰੋਸ ਐਕਸ਼ਨ ਨੂੰ ਸਫਲ ਬਣਾਉਣ ਲਈ ਹਫ਼ਤਾ ਭਰ ਲੰਬੀ ਲੋਕ ਲਾਮਬੰਦੀ ਮੁਹਿੰਮ ਵੱਖ ਵੱਖ ਇਲਾਕਿਆਂ/ਪਿੰਡਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਐਕਸ਼ਨ ਚ ਵੱਡੀ ਗਿਣਤੀ ਚ ਸ਼ਾਮਲ ਹੋੱਣ ਦਾ ਭਰੋਸਾ ਦਿਵਾਇਆ। ਉਨਾਂ ਕਿਹਾ ਕਿ ਦਸ ਸਤੰਬਰ ਨੂੰ ਹਜ਼ਾਰਾਂ ਦੀ ਗਿਣਤੀ ਚ ਮਰਦ ਔਰਤਾਂ ਬੀਜਾ (ਖੰਨਾ) ਵਿਖੇ ਸਰਕਾਰ ਖ਼ਿਲਾਫ਼ ਚੱਕਾ ਜਾਮ ਰੋਸ ਐਕਸ਼ਨ ਚ ਸ਼ਾਮਲ ਹੋਣਗੇ। ਉੱਨਾਂ ਕਿਹਾ ਕਿ ਪੰਜਾਬ ਦੇ ਮੁੱਖ ਸੱਕਤਰ ਵੀ ਕੇ ਸਿੰਘ ਨਾਲ ਦੋ ਮੀਟਿੰਗਾਂ ਹੋਣ, ਮੀਟਿੰਗਾਂ ਚ ਕਮੇਟੀ ਵੱਲੋਂ ਤੱਥਾਂ ਤੇ ਦਲੀਲਾਂ ਸਹਿਤ ਇਹ ਸਾਬਤ ਕਰਨ ਕਿ ਗਰੀਨ ਐਨਰਜੀ ਦੀ ਆੜ ਚ ਲਗਾਈਆਂ ਜਾ ਰਹੀਆਂ ਇਹ ਬਾਇਓ ਗੈਸ ਫ਼ੈਕਟਰੀਆਂ ਅਸਲ ਚ ਕੈਂਸਰ ਫ਼ੈਕਟਰੀਆਂ ਹਨ।
ਦੂਜੀ ਮੀਟਿੰਗ ਵਿੱਚ ਮੁੱਖ ਸੱਕਤਰ ਕੋਈ ਭਰੋਸਾ ਜਾਂ ਦਲੀਲ ਦਿੱਤੇ ਤੋ ਬਿਨਾਂ ਮੀਟਿੰਗ ਅੱਧ ਵਿਚਾਲੇ ਛੱਡ ਕੇ ਚਲੇ ਗਏ। ਪੰਜਾਬ ਸਰਕਾਰ ਦੇ ਇਸ ਢੀਠਪੂਰਨ ਵਤੀਰੇ ਖ਼ਿਲਾਫ਼ “ਇਨਕਲਾਬੀ ਸਰਕਾਰ“ ਹੋਣ ਦੇ ਜੁਮਲੇ ਸੁੱਟਦੀ ਭਗਵੰਤ ਮਾਨ ਸਰਕਾਰ ਨੂੰ ਇਹ ਦੱਸਣ ਲਈ ਕਿ ਤੁਸੀਂ ਲੋਕਾਂ ਤੋ ਉੱਪਰ ਨਹੀਂ ਹੋ ਲੋਕ ਤਾਕਤ ਦਾ ਜਲਵਾ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਹੀ ਪਿੰਡਾਂ ਦੇ ਲੋਕਾਂ ਨੇ ਇੱਕ ਜੂਲਾਈ ਨੂੰ ਡੀ ਸੀ ਲੁਧਿਆਣਾ ਦਾ ਘਿਰਾਓ ਕਰਕੇ, ਇੱਕ ਜੂਨ ਨੂੰ ਲੋਕ ਸਭਾ ਚੋਣਾਂ ਦਾ ਪੂਰਨ ਬਾਈਕਾਟ ਕਰਕੇ, ਐੱਸ਼ ਡੀ ਐੱਮਜ ਨੂੰ ਮੁਜ਼ਾਹਰਿਆਂ ਰਾਹੀਂ ਮਿਲਕੇ, ਵਿਧਾਇਕਾਂ ਨੂੰ ਮੰਗ-ਪੱਤਰ ਦੇ ਕੇ ਪ੍ਰਦੁਸ਼ਣ ਤੇ ਕੈਂਸਰ ਫੈਲਾਉਣ ਵਾਲੀਆ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਲਾਈਆਂ ਜਾ ਰਹੀਆਂ ਇੰਨਾਂ ਫ਼ੈਕਟਰੀਆਂ ਨੂੰ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਦੀ ਮਨਜ਼ੂਰੀ ਤੋਂ ਬਿਨਾਂ ਅਬਾਦੀ ਵਾਲੇ ਖੇਤਰਾਂ ਚ ਲਗਾਉਣ ਨੂੰ ਪੱਕੇ ਤੋਰ ਤੇ ਬੰਦ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। ਹੁਣ ਅੱਕ ਕੇ ਤਾਲਮੇਲ ਕਮੇਟੀ ਨੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਦੀ ਸੁਰਤ ਟਿੱਕਾਣੇ ਲਿਆਉਣ ਦਾ ਫੈਸਲਾ ਕੀਤਾ ਹੈ। ਉੱਨਾਂ ਸਮੂਹ ਮਜ਼ਦੂਰ ਕਿਸਾਨ ਜਥੇਬੰਦੀਆਂ ਨੂੰ ਇਸ ਐਕਸ਼ਨ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਮੀਟਿੰਗ ਚ ਉਪਰੋਕਤ ਤੋਂ ਬਿਨਾਂ ਬਲਵਿੰਦਰ ਸਿੰਘ ਔਲਖ, ਗੁਰਤੇਜ ਸਿੰਘ ਪ੍ਰਧਾਨ ਅਖਾੜਾ, ਸੁਖਦੇਵ ਸਿੰਘ ਅਖਾੜਾ, ਬਲਵੰਤ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਗੁਰੀ, ਕਰਮਜੀਤ ਸਹੋਤਾ, ਹਰਦੀਪ ਸਿੰਘ, ਮਲਵਿੰਦਰ ਸਿੰਘ ਮੁਸ਼ਕਾਬਾਦ, ਭਿੰਦਰ ਸਿੰਘ ਭੂੰਦੜੀ, ਚਰਨਜੀਤ ਸਿੰਘ ਭੋਗਪੁਰ, ਹਰਮਿੰਦਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
Leave a Reply