ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜ਼ਮੀਨੀ ਘੋਲ ਮਘਾਉਣ ਲਈ ਵਿਉਂਤਬੰਦੀ 

ਸੰਗਰੂਰ,;;;;;;;;;;;;;;;;;ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਸੂਬਾ ਕਮੇਟੀ ਦੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨੀ ਸੰਘਰਸ਼ ਨੂੰ ਮਘਾਉਣ, 1 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਮਨਾਉਣ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ  ਸੰਗਰੂਰ ਵਿਖੇ ਅਹਿਮ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੀ ਜਾਣਕਾਰੀ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਧਰਮਪਾਲ ਸਿੰਘ ਨੇ ਦੱਸਿਆ ਕਿ ਆਏ ਸਾਲ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਾਂਦਾ ਹੈ ਤੇ ਇਸ ਸਾਲ ਵੀ ਜ਼ਮੀਨੀ ਘੋਲ ਮਘਾਉਣ ਲਈ ਵਿਉਂਤਬੰਦੀ ਕੀਤੀ ਗਈ। ਇਸ ਤੋਂ ਇਲਾਵਾ ਜਿਨ੍ਹਾਂ ਘਰਾਂ ਵਿੱਚ ਦਲਿਤ ਰਹਿੰਦੇ ਹਨ, ਉਸਦੇ ਮਾਲਕਾਨਾ ਹੱਕ ਦਿਵਾਉਣ, ਪੰਜ-ਪੰਜ ਮਰਲੇ ਪਲਾਟ, ਕਰਜ਼ਾ ਮੁਆਫ਼ੀ ਆਦਿ ਮੰਗਾਂ ਦੀ ਪ੍ਰਾਪਤੀ ਲਈ ਵਿਚਾਰ- ਵਟਾਂਦਰਾ ਕੀਤਾ ਗਿਆ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸਿਤਮਜ਼ਰੀਫੀ ਦੀ ਹੱਦ ਦੇਖੋ ਕਿ ਅਖੌਤੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਵੀ ਦਲਿਤ ਭਾਈਚਾਰਾ ਹਰੇਕ ਤਰ੍ਹਾਂ ਦੇ ਪੈਦਾਵਾਰੀ ਸਾਧਨਾਂ ਤੋਂ ਵਾਂਝੇ ਹਨ, ਇਥੋਂ ਤੱਕ ਕਿ ਦਲਿਤ ਘਰਾਂ ਦੇ ਮਾਲਕਾਨਾ ਹੱਕਾਂ ਤੋਂ ਵਾਂਝੇ ਹਨ, ਪੰਜ-ਪੰਜ ਮਰਲੇ ਪਲਾਟ ਤੱਕ ਵੀ ਨਹੀਂ ਮਿਲੇ। ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਪ੍ਰਾਪਤੀ ਲਈ 1966 ‘ਚ ਬਣੇ ਕਾਨੂੰਨ ਮੁਤਾਬਕ ਇਸ ਜ਼ਮੀਨ ਦੀ ਬੋਲੀ ਦੇਣ ਦਾ ਹੱਕ ਸਿਰਫ਼ ਦਲਿਤਾਂ ਲਈ ਰਾਖਵਾਂ ਹੈ, ਪਰ ਇਸ ਦੇ ਬਾਵਜੂਦ ਦਲਿਤ ਇਸ ਤੋਂ ਵਾਂਝੇ ਹਨ ਤੇ ਇਨ੍ਹਾਂ ਨੂੰ ਮੋਹਰਾ ਬਣਾ ਕੇ ਘੜੰਮ ਚੌਧਰੀ ਜ਼ਮੀਨ ਹੜੱਪ ਲੈਂਦੇ ਹਨ। ਇਹ ਜਮੀਨ ਲੈਣ ਲਈ ਵੀ ਦਲਿਤਾਂ ਨੂੰ ਜਥੇਬੰਦੀ ਦੀ ਅਗਵਾਈ ਹੇਠ ਤਿੱਖੇ ਸੰਘਰਸ਼ ਵਿੱਚੋਂ ਗੁਜ਼ਰਨਾ ਪੈਂਦਾ ਹੈ।  ਪੁਲਿਸ, ਸਿਆਸੀ, ਗੁੰਡਾ ਗਠਜੋੜ ਅਤੇ ਪਿੰਡਾਂ ਦੇ ਘੜੰਮ ਚੌਧਰੀ ਨਹੀਂ ਚਾਹੁੰਦੇ ਕਿ ਦਲਿਤ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਪ੍ਰਾਪਤ ਕਰਨ। ਇਸੇ ਕਰਕੇ ਉਹ ਮੀਮਸਾ, ਜਲੂਰ ਆਦਿ ਵਰਗੇ ਖੂਨੀ ਕਾਂਡ ਰਚਾ ਕੇ ਦਲਿਤਾਂ ਉੱਪਰ ਦਹਿਸ਼ਤ ਪਾਉਂਦੇ ਹਨ। ਪਰ ਇਸਦੇ ਬਾਵਜੂਦ ਇਹ ਘੋਲ ਅੱਗੇ ਵੱਧ ਰਿਹਾ ਹੈ। ਇਹ ਘੋਲ ਦਲਿਤਾਂ ਖਾਸਕਰ ਦਲਿਤ ਔਰਤਾਂ ਦੇ ਮਾਣ ਸਨਮਾਨ ਨਾਲ ਜੁੜਿਆ ਹੋਇਆ ਹੈ। ਸਾਮਰਾਜ ਦੇ ਦਲਾਲ ਹਾਕਮਾਂ (ਸਮੇਤ ਆਮ ਆਦਮੀ ਪਾਰਟੀ) ਦਾ ਕਾਰਜ ਲਾਰੇ-ਲੱਪੇ ਦੀ ਸਿਆਸਤ ਕਰਕੇ ਮਿਹਨਤਕਸ਼ ਲੋਕਾਈ ਨੂੰ ਗੁਮਰਾਹ ਕਰਨਾ ਹੈ। ਇਸ ਲਈ ਮਿਹਨਤਕਸ਼ ਲੋਕਾਈ ਖਾਸ ਕਰਕੇ ਦਲਿਤਾਂ ਦੀ ਮੁਕਤੀ ਦਾ ਸਵਾਲ ਏਕੇ ਅਤੇ ਤਿੱਖੇ ਸੰਘਰਸ਼ਾਂ ਨਾਲ ਜੁੜਿਆ ਹੋਇਆ ਹੈ।
ਆਗੂਆਂ ਨੇ ਅਖੀਰ ਤੇ ਕਿਹਾ ਕਿ ਪਿੰਡਾਂ ਵਿੱਚ 1 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਮਨਾਉਣ, ਜਮੀਨੀ ਘੋਲ ਨੂੰ ਮਘਾਉਣ, ਮਾਲਕਾਨਾ ਹੱਕ ਦਿਵਾਉਣ ਅਤੇ ਪੰਜ-ਪੰਜ ਮਰਲੇ ਪਲਾਟਾਂ, ਕਰਜ਼ਾ ਮੁਆਫ਼ੀ ਆਦਿ ਮੰਗਾਂ ਦੀ ਪ੍ਰਾਪਤੀ ਲਈ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਕਰਨ ਦਾ ਐਲਾਨ ਕੀਤਾ।

Leave a Reply

Your email address will not be published.


*


%d