ਪਾਣੀ ਪੰਜਾਂ ਦਰਿਆਵਾਂ ਵਾਲਾ ਜਹਿਰੀ ਹੋ ਗਿਆ.. ਪਾਣੀ ਹੀ ਨਹੀਂ ਵਾਤਾਵਰਣ ਵੀ?

ਪੰਜਾਬੀ ਦੇ ਗਾਇਕ ਸਤਿੰਦਰ ਸਰਤਾਜ ਦਾ ਗਾਇਆ ਗੀਤ ਪਾਣੀ ਪੰਜਾਂ ਦਰਿਆਵਾਂ ਵਾਲਾ ਜਹਿਰੀ ਹੋ ਗਿਆ… ਪਰ ਅਸਲ ਗੱਲ ਤਾਂ ਇਹ ਹੈ ਕਿ ਇਥੋਂ ਦਾ ਤਾਂ ਵਾਤਾਵਰਣ ਹੀ ਜਹਿਰੀ ਹੋ ਗਿਆ। ਪਾਣੀ, ਬਾਣੀ ਅਤੇ ਸਭਿਆਚਾਰ ਦਾ ਜਿਸ ਤਰ੍ਹਾਂ ਪੰਜਾਬ ਵਿਚ ਉਜਾੜਾ ਹੋਇਆ ਹੈ ਤੇ ਉਹ ਵੀ ਉਹਨਾਂ ਨੇ ਕੀਤਾ ਹੈ ਜੋ ਕਿ ਇਸ ਦੇ ਆਪਣੇ ਸਨ । ਜਿੰਨ੍ਹਾਂ ਤੇ ਪੰਜਾਬ ਦੀ ਮਾਂ ਬੋਲੀ ਤੇ ਮਾਂ ਧਰਤੀ ਨੂੰ ਮਾਣ ਸੀ। ਪੰਥਕ ਆਗੂ ਕਹਾਉਣ ਵਾਲਿਆਂ ਨੇ ਨਿੱਜੀ ਹਿੱਤਾਂ ਦੇ ਲਈ ਜੋ ਕੱੁਝ ਪੰਜਾਬ ਨਾਲ ਕੀਤਾ ਉਸ ਦੀਆਂ ਮਿਸਾਲਾਂ ਚਿੱਟੇ ਦਿਨ ਞਾਂਗੂੰ ਸਾਹਮਣੇ ਹਨ। ਅੱਜ ਭਾਵੇਂ ਕਿ ਪੰਜਾਬ ਦੇ ਪਾਣੀਆਂ ਤੇ ਨੀਯਤ ਵਿਰੋਧੀਆਂ ਦੀ ਉਂਵੇਂ ਹੀ ਬਰਕਰਾਰ ਹੈ ਜਿਵੇਂ ਕਿ ਪਹਿਲੇ ਦਿਨ ਤੋਂ ਸੀ ਪਰ ਫਿਰ ਪੰਜਾਬੀਆਂ ਦਾ ਜਿਗਰਾ ਸੀ ਕਿ ਉੇਹਨਾਂ ਨੇ ਅੱਜ ਤੱਕ ਇਸ ਦੀ ਲੱੁਟ ਹੋਣ ਨਹੀਂ ਸੀ ਦਿੱਤੀ। ਪਰ ਹੁਣ ਤਾਂ ਇੰਝ ਲੱਗਦਾ ਹੈ ਕਿ ਪਾਣੀ ਕਿਵੇਂ ਬਚਣਗੇ ਜਦੋਂ ਪੰਜਾਬ ਦੀ ਸਰਜ਼ਮੀਨ ਹੀ ਲੱੁਟੀ ਜਾ ਰਹੀ ਹੈ। ਕੌਣ ਕਰੇ ਇਸ ਦੀ ਜਾਂਚ-ਪੜਤਾਲ ਤੇ ਕੌਣ ਰੋਵੇ ਉਹਨਾਂ ਰੋਣਿਆਂ ਨੂੰ ਜੋ ਹੁਣ ਪੰਜਾਬ ਨਾਲ ਕਾਰੇ ਹੋ ਰਹੇ ਹਨ। ਲਗਦਾ ਤਾਂ ਇੰਝ ਹੈ ਕਿ ਆਪਣਾ ਪੰਜਾਬ ਤਾਂ ਖਾਲੀ ਹੋ ਰਿਹਾ ਹੈ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਵਿਚ ਜਾ ਰਿਹਾ ਹੈ ਅਤੇ ਕੈਨੇਡਾ ਵਰਗੇ ਦੇਸ਼ ਵਿਚ ਇੱਕ ਨਵਾਂ ਪੰਜਾਬ ਵੱਸ ਰਿਹਾ ਹੈ ਜੋ ਕਿ ਜ਼ਮੀਨ ਵੀ ਬਗਾਨੀ ਤੇ ਆਬੋ-ਹਵਾ ਵੀ ਬਗਾਨੀ ਵਿਚ ਵਸਾਇਆ ਜਾ ਰਿਹਾ ਹੈ।ਦਰਿਆਵਾਂ ਦੇ ਪਾਣੀ ਲਈ ਸੰਸਾਰ ਭਰ ਵਿਚ ਦਰਿਆਵਾਂ ਦੁਆਲੇ ਵਸੇ ਲੋਕਾਂ ਲਈ ਰਾਏਪੇਰੀਅਨ ਸਿਧਾਂਤ ਬਣਾਏ ਹੋਏ ਹਨ। ਸਾਡੇ ਸੰਵਿਧਾਨ ਵਿੱਚ ਵੀ ਰਾਜ ਸੂਚੀ ਦੇ ਲੜੀ ਨੰਬਰ 17 ‘ਤੇ ਪਾਣੀ ਸਪਲਾਈ, ਸਿੰਚਾਈ ਆਦਿ ਲਈ ਅਤੇ ਦਰਿਆਵਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਵਸਦੇ ਲੋਕਾਂ ਲਈ ਪਾਣੀ ਨੂੰ ਰਾਜਾਂ ਦਾ ਵਿਸ਼ਾ ਮੰਨਿਆ ਗਿਆ ਹੈ।

ਪਰ ਸਰਕਾਰਾਂ ਨੇ ਪਾਣੀ ਨੂੰ ਵੀ ਹਮੇਸ਼ਾ ਇਕ ਹਥਿਆਰ ਵਜੋਂ ਵਰਤਿਆ ਹੈ। ਪੰਜਾਬ ਵਿਚ ਵਸਦੇ ਲੋਕ ਅਲੱਗ ਸੁਭਾਅ ਦੇ ਮਾਲਕ ਹਨ। ਇਹ ਜਿੱਥੇ ਮਿਹਨਤੀ ਹਨ, ਉੱਥੇ ਕਿਸੇ ਦੀ ਈਨ ਵੀ ਨਹੀਂ ਮੰਨਦੇ। ਇਹ ਲੜਾਕੇ ਅਤੇ ਕੁਰਬਾਨੀ ਦੇਣ ਵਿਚ ਹਮੇਸ਼ਾ ਮੂਹਰਲੀਆਂ ਕਤਾਰਾਂ ਵਿਚ ਰਹਿੰਦੇ ਹਨ। ਇਸੇ ਲਈ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਭਾਰਤ ਦੀ ਆਜ਼ਾਦੀ ਲਈ ਪੰਜਾਬ ਨੇ 10 ਲੱਖ ਲੋਕਾਂ ਦੀਆਂ ਜਾਨਾਂ ਕੁਰਬਾਨ ਕੀਤੀਆਂ। ਪਰ ਆਜ਼ਾਦ ਭਾਰਤ ਵਿਚ ਪੰਜਾਬੀਆਂ ਨਾਲ ਕਦੀ ਵੀ ਇਨਸਾਫ਼ ਨਹੀਂ ਹੋਇਆ। ਭਾਰਤ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਪੰਜਾਬੀਆਂ ਨੇ ਫ਼ੌਜ ਵਿਚ ਹਿੱਕ ਡਾਹ ਕੇ ਸਰਹੱਦਾਂ ਦੀ ਰਾਖੀ ਕੀਤੀ। ਦੇਸ਼ ਦਾ ਅੰਨ ਸੰਕਟ ਦੂਰ ਕਰਨ ਲਈ ਵੀ ਪੰਜਾਬੀਆਂ ਨੇ ਮੋਹਰੀ ਰੋਲ ਨਿਭਾਇਆ। ਅਸੀਂ ਆਪਣਾ ਅਣਮੁੱਲਾ ਪਾਣੀ ਅੰਨ ਪੈਦਾ ਕਰਦਿਆਂ ਮੁਕਾ ਲਿਆ। ਕਿਸੇ ਨੇ ਭਾਅ ਮਿੱਥਣ ਵੇਲੇ ਕਦੀ ਵੀ ਪਾਣੀ ਦੀ ਕੀਮਤ ਹਿਸਾਬ ਵਿਚ ਨਹੀਂ ਲਾਈ। ਕੇਂਦਰ ਦੇ ਸ਼ਾਤਰ ਦਿਮਾਗ ਹੁਕਮਰਾਨਾਂ ਨੇ ਪੰਜਾਬ ਨਾਲ ਕਦੀ ਇਨਸਾਫ਼ ਨਹੀਂ ਕੀਤਾ। ਸਾਡੇ ਦਰਿਆਈ ਪਾਣੀ ਦੀ ਹਮੇਸ਼ਾ ਬਾਂਦਰ ਵੰਡ ਕੀਤੀ ਗਈ। ਰਾਜਸਥਾਨ ਅਤੇ ਦਿੱਲੀ ਵਰਗੇ ਰਾਜਾਂ ਨੂੰ ਪੰਜਾਬ ਤੋਂ ਖੋਹ ਕੇ ਮੁਫ਼ਤ ਪਾਣੀ ਦਿੱਤਾ ਗਿਆ। ਲੰਮਾ ਸਮਾਂ ਮੁਫ਼ਤ ਪਾਣੀ ਲੈਣ ਵਾਲੇ ਇਨ੍ਹਾਂ ਰਾਜਾਂ ਦੀ ਮਾਨਸਿਕਤਾ ਹੀ ਬਦਲ ਗਈ। ਉਹ ਇਸ ਵੇਲੇ ਪੰਜਾਬ ਦਾ ਪਾਣੀ ਮੁਫ਼ਤ ਲੈਣਾ ਆਪਣਾ ਅਧਿਕਾਰ ਸਮਝਣ ਲੱਗੇ ਹਨ। ਅੱਜ ਪੰਜਾਬ ਖ਼ੁਦ ਪਿਆਸਾ ਹੈ। ਇਸੇ ਲਈ ਕੇਂਦਰ ਅਤੇ ਇਨ੍ਹਾਂ ਰਾਜਾਂ ਦੇ ਵਤੀਰੇ ਵਿਰੁੱਧ ਪੰਜਾਬੀ ਗੁੱਸੇ ਵਿਚ ਉੱਸਲਵੱਟੇ ਲੈ ਰਹੇ ਹਨ।

ਘੱਟ ਆਪਣਿਆਂ ਨੇ ਵੀ ਨਹੀਂ ਕੀਤੀ। ਕੁਝ ਨੇਤਾਵਾਂ ਨੇ ਆਪਣੀ ਕੁਰਸੀ ਲਈ ਪੰਜਾਬ ਦੇ ਹਿਤ ਹੀ ਕੁਰਬਾਨ ਕਰ ਦਿੱਤੇ। ਕੁਝ ਨੇ ਰਾਜਨੀਤਕ ਫ਼ੈਸਲਿਆਂ ਰਾਹੀਂ ਪੰਜਾਬ ਰੋਲ ਦਿੱਤਾ। ਸਾਡੀ ਭ੍ਰਿਸ਼ਟ ਮਸ਼ੀਨਰੀ ਨੇ ਆਪਣਾ ਮਾਲ ਬਣਾਉਣ ਲਈ ਸਾਡੇ ਪੰਜਾਬ ਦੇ ਹਿੱਸੇ ਦੇ ਪਾਣੀ ਨੂੰ ਸਾਡੇ ਖੇਤਾਂ ਵਲੋਂ, ਹਰਿਆਣੇ ਅਤੇ ਰਾਜਸਥਾਨ ਵੱਲ ਮੋੜ ਦਿੱਤਾ। ਯਾਦ ਕਰੋ 60 ਕੁ ਸਾਲ ਪਹਿਲਾਂ ਸਾਡੇ ਹਰ ਖੇਤ ਨੂੰ ਨਹਿਰੀ ਪਾਣੀ ਲਗਦਾ ਸੀ। ਨਹਿਰੀ ਪਾਣੀ ਲਈ ਸਰਕਾਰ ਨੇ ਖਾਲੇ ਪੱਕੇ ਕਰਵਾਏ। ਪਰ ਜਦੋਂ ਸਾਡੇ ਅਫ਼ਸਰ ਨਹਿਰਾਂ ਅਤੇ ਰਜਵਾਹਿਆਂ ਦੀ ਸਫ਼ਾਈ ਕਾਗਜ਼ਾਂ ਵਿਚ ਕਰਵਾਉਣ ਲੱਗ ਪਏ, ਇੰਜ ਸਾਡੇ ਰਜਵਾਹਿਆਂ ਵਿਚ ਸਿਲਟ ਹੇਠਾਂ ਬੈਠ ਗਈ। ਰਜਵਾਹਿਆਂ ਦੀ ਆਪਣੀ ਮਨਜ਼ੂਰਸ਼ੁਦਾ ਸਮਰੱਥਾ ਪਾਣੀ ਲੈ ਕੇ ਟੇਲ ਤੱਕ ਪਹੁੰਚਾਉਣ ਲਈ ਘਟ ਕੇ ਅੱਧੀ ਰਹਿ ਗਈ। ਸਾਨੂੰ ਟਿਊਬਵੈੱਲਾਂ ਦੇ ਕੁਨੈਕਸ਼ਨ ਮਿਲ ਗਏ। ਨਹਿਰੀ ਪਾਣੀ ਦੀ ਲੋੜ ਸਾਨੂੰ ਮਹਿਸੂਸ ਹੋਣੋਂ ਹਟ ਗਈ। ਅੱਜ ਪੰਜਾਬ ਦਾ ਹਰ ਰਜਵਾਹਾ ਕਾਗਜ਼ਾਂ ਵਿਚ ਮਿੱਥੇ ਆਪਣੇ ਆਖਰੀ ਪੜਾਅ ਅਰਥਾਤ ਟੇਲ ਐਂਡ ਤੋਂ ਪੰਜ ਕਿਲੋਮੀਟਰ ਪਿੱਛੇ ਹੀ ਖ਼ਤਮ ਹੋ ਚੁੱਕਾ ਹੈ। ਲੋਕਾਂ ਨੇ ਰਜਵਾਹਿਆਂ ਅਤੇ ਖੇਤਾਂ ਦੇ ਖਾਲਿਆਂ ਵਾਲੀ ਥਾਂ ‘ਤੇ ਨਾਜਾਇਜ਼ ਕਬਜ਼ੇ ਕਰ ਲਏ। ਅੱਜ ਸਾਡੇ ਰਜਵਾਹਿਆਂ ਅਤੇ ਨਹਿਰਾਂ ਵਿਚ ਬੇਥਾਹ ਝਾੜੀਆਂ ਖੜ੍ਹੀਆਂ ਹਨ। ਰਜਵਾਹਾ ਆਪਣੀ ਸਮਰੱਥਾ ਤੋਂ ਅੱਧਾ ਪਾਣੀ ਵੀ ਲੈਣ ਦੇ ਯੋਗ ਨਹੀਂ ਰਿਹਾ। ਇੰਜ ਸਾਡੇ ਹਿੱਸੇ ਦਾ ਘੱਟੋ-ਘੱਟ ਅੱਧਾ ਪਾਣੀ ਮੁਫ਼ਤ ਵਿਚ ਹਰਿਆਣੇ ਅਤੇ ਰਾਜਸਥਾਨ ਨੂੰ ਜਾ ਰਿਹਾ ਹੈ।

ਹੁਣ ਜਦੋਂ ਪੰਜਾਬ ਨਾਲ ਅੱਤ ਦੀ ਹੱਦ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਇਥੋ ਦੀ ਖੇਤਰੀ ਪਾਰਟੀਆਂ ਨੂੰ ਨਕਾਰ ਦਿੱਤਾ ਹੈ ਪਰ ਉਹਨਾਂ ਨੇ ਜਿੰਨ੍ਹਾ ਦੇ ਹੱਥ ਪੰਜਾਬ ਦੀ ਕਮਾਂਡ ਦਿੱਤੀ ਹੈ ਕੀ ੳੇੁਹ ਪੰਜਾਬ ਦਾ ਭਲਾ ਚਾਹ ਰਹੇ ਹਨ, ਕੀ ਉਹ ਪੰਜਾਬ ਦੇ ਲਈ ਸੱਚੇ ਦਿਲੋਂ ਹਮਦਰਦ ਹਨ । ਅੱਜ ਪੰਜਾਬ ਦਾ ਇੱਕ-ਇੱਕ ਪੈਸਾ ਅਤੇ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਦੀ ਲੋੜ ਹੈ ਪਰ ਕਿਸੇ ਦਾ ਵੀ ਧਿਆਨ ਨਹੀਂ । ਕਿੰਨਾ ਹੈਰਾਨੀਜਨਕ ਤੱੱਥ ਹੈ ਕਿ ਪੰਜਾਬ ਵਿਚ ਅੱਜ ਵਿਕਾਸ ਦੇ ਨਾਂ ਤੇ ਜੋ ਹਾਲ ਹੋ ਰਿਹਾ ਹੈ ਉਸ ਦੀਆਂ ਮਿਸਾਲਾਂ ਸ਼ਹਿਰਾਂ, ਪਿੰਡਾਂ ਕਸਬਿਆਂ ਅਤੇ ਹਰ ਗਲੀ ਵਿਚ ਮਿਲ ਰਹੀਆਂ ਹਨ। ਬਰਸਾਤ ਦਾ ਇੱਕ ਘੰਟਾ ਜਿੱਥੇ ਸ਼ਹਿਰਾਂ ਦਾ ਬੁਰਾ ਹਾਲ ਕਰ ਦਿੰਦਾ ਹੈ ਉਥੇ ਹੀ ਉਹ ਪਿੰਡਾਂ ਵਿਚ ਗਲੀਆਂ ਦੀ ਹਾਲਤ ਇਹੋ ਜਿਹੀ ਕਰ ਦਿੰਦਾ ਹੈ ਕਿ ਜਿਵੇਂ ਇੱਥੇ ਇਨਸਾਨ ਨੇ ਨਹੀਂ ਇਨਸਾਨੀ ਜਾਮਿਆਂ ਵਿਚ ਡੱਡੂਆਂ ਨੇ ਵਾਸ ਕਰਨ ਹੋਵੇ। ਲੋਕ ਨਿਰਮਾਣ ਵਿਭਾਗ ਦੇ ਵਿਕਾਸ ਕਾਰਜਾਂ ਨੂੰ ਤਾਂ ਗ੍ਰਹਿਣ ਲੱਗਾ ਹੀ ਹੋਇਆ ਹੈ ਕਿ ਉਸ ਨੂੰ ਆਪਣੀ ਹੀ ਕਾਰਗੁਜ਼ਾਰੀ ਦੀ ਹਾਲਤ ਨਜ਼ਰ ਨਹੀਂ ਆਉਂਦੀ। ਜਦਕਿ ਅੱਜ ਸ਼ਹਿਰ ਵਿੱਚ ਦੌੜਣ ਵਾਲੀ ਹਰ ਗੱਡੀ ਰੋਡ ਟੈਕਸ ਦਿੰਦੀ ਹੈ ਅਤੇ ਉਸ ਦੇ ਦਿੱਤੇ ਟੈਕਸ ਨਾਲ ਜੋ ਸੜਕਾਂ ਦਾ ਹਾਲ ਹੈ। ਇਸ ਦੇ ਉਲਟ ਜੇਕਰ ਸ਼ਹਿਰਾਂ ਤੋਂ ਬਾਹਰ ਦੀਆਂ ਸੜਕਾਂ ਜੋ ਕਿ ਟੋਲ ਪਲਾਜ਼ਾ ਦੇ ਅਧੀਨ ਬਣਦੀਆਂ ਹਨ ਉਹਨਾਂ ਦੀ ਹਾਲਤ ਦੇਖੀ ਜਾਵੇ ਤਾਂ ਫਰਕ ਸਾਫ ਨਜ਼ਰ ਆਉਂਦਾ ਹੈ। ਕੀਮਤ ਤੇ ਕਦਰ ਵਿਚਲਾ ਫਰਕ ਇਸ ਤੋਂ ਹੀ ਪਛਾਣ ਹੁੰਦਾ ਹੈ।

ਹੁਣ ਜਦੋਂ ਇਹਨਾਂ ਸਮੱਸਿਆਵਾਂ ਦਾ ਹੱਲ ਕੋਈ ਨਿਕਲ ਹੀ ਨਹੀਂ ਰਿਹਾ ਤਾਂ ਫਿਰ ਉਸ ਸਮੇਂ ਤਾਂ ਕੋਈ ਅਜਿਹਾ ਕਲਯੱੁਗੀ ਅਵਤਾਰ ਆਵੇ ਜੋ ਕਿ ਇਸ ਧਰਤੀ ਤੇ ਲੱਗੇ ਗ੍ਰਹਿਣ ਨੂੰ ਹਟਾ ਕੇ ਇੱਕ ਨਵਾਂ ਪੰਜਾਬ ਵਸਾਵੇ। ਕਿਉਂਕਿ ਅੱਜ ਦਾ ਜ਼ਮਾਨਾ ਭ੍ਰਿਸ਼ਟਾਚਾਰ ਭਰਪੂਰ ਹੈ ਅਤੇ ਇਸ ਤੋਂ ਮੁਕਤੀ ਪਾ ਕੇ ਹੀ ਜੀਵਨ ਸਰਲ ਹੋ ਸਕਦਾ ਹੈ। ਇਸ ਸੰਬੰਧੀ ਹਰ ਸਰਕਾਰ ਨੇ ਕੋਸ਼ਿਸ਼ ਤਾਂ ਜਰੂਰ ਕੀਤੀ ਹੈ ਅਤੇ ਮੌਜੂਦਾ ਸਰਕਾਰ ਕਰ ਵੀ ਰਹੀ ਹੈ ਪਰ ਹਾਲੇ ਤੱਕ ਪੈਸਾ ਬਚਾਉਣ ਦੀਆਂ ਉਹ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਜਿਸ ਦੇ ਦਾਅਵੇ ਕੀਤੇ ਜਾ ਰਹੇ ਸਨ। ਜਦਕਿ ਸਰਕਾਰ ਦਾ ਮੌਜੂਦਾ ਸਮੇਂ ਇੱਕ ਹੀ ਮੋਟੋ ਚਾਹੀਦਾ ਹੈ ਕਿ ਹਰ ਪਾਸੇ ਤੇ ਹਰ ਮਾਮਲੇ ਵਿਚ ਬਚਾਓ ਹੀ ਬਚਾਓ ਦੀ ਲਹਿਰ ਨੂੰ ਅਂੰਜਾਮ ਦੇਣਾ ਚਾਹੀਦਾ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d