ਮਸਲਾ-ਏ- ਸਮਾਜ* *ਕਾਸ਼! ਸੜਕਾਂ ਦੇ ਢਿੱਡ ਹੁੰਦੇ ?*

ਸਿਆਣੇ ਆਖਦੇ ਹਨ ਕਿ -ਢਿੱਡ ਨੀਤ ਨਾਲ ਭਰਦਾ ਹੈ, ਖਾਣੇ ਪੀਣ ਨਾਲ ਨਹੀਂ। ਇਸ ਦੁਨੀਆਂ ਉੱਤੇ ਬਹੁਤ ਲੋਕ ਅਜਿਹੇ ਹਨ, ਜਿਹਨਾਂ ਦਾ ਨਾਂ ਕਦੇ ਢਿੱਡ ਭਰਿਆ ਤੇ ਨਾ ਘਰ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਜ ਪੀੜ੍ਹੀਆਂ ਦੀਆਂ ਵਸਤੂਆਂ ਇਕੱਠੀਆਂ ਕਰ ਲਈਆਂ ਹਨ। ਉਹਨਾਂ ਦਾ ਅਜੇ ਵੀ ਢਿੱਡ ਨਹੀਂ ਭਰਿਆ। ਜ਼ਿੰਦਗੀ ਦੇ ਵਿੱਚ ਬੰਦਾ ਖਾਲ਼ੀ ਹੱਥ ਆਇਆ ਹੈ ਤੇ ਗੁਨਾਹ ਲੈਣ ਕੇ ਵਾਪਸ ਜਾਂਦਾ ਹੈ। ਧਰਤੀ ਉੱਤੇ ਅੱਸੀ ਪ੍ਰਤੀਸ਼ਤ ਲੋਕ ਆਟੇ ਦਾਲ ਲਈ ਜੱਦੋਜਹਿਦ ਕਰ ਰਹੇ ਹਨ। ਉਹਨਾਂ ਕੋਲ ਦੋ ਡੰਗ ਦੀ ਰੋਟੀ ਵੀ ਨਹੀਂ। ਉਹ ਧਰਤੀ ਉਤੇ ਆਉਂਦੇ ਹਨ ਤੇ ਰੀਂਗ ਦੇ ਰੀਂਗ ਦੇ ਮਰ ਜਾਂਦੇ ਹਨ। ਦੁਨੀਆਂ ਮੁਸਾਫ਼ਿਰ ਖ਼ਾਨਾ ਹੈ। ਕੋਈ ਆ ਰਿਹਾ ਤੇ ਕੋਈ ਜਾ ਰਿਹਾ ਹੈ।

ਤੁਰਦੇ ਰਹਿਣਾ ਖੂਬਸੂਰਤ ਜ਼ਿੰਦਗੀ ਦਾ ਨਾਂ ਹੈ। ਜ਼ਿੰਦਗੀ ਨੇ ਮੁੱਢ ਕਦੀਮੋਂ ਹੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਪਹਿਲਾਂ ਪਸ਼ੂਆਂ ਨਾਲ ਤੇ ਫਿਰ ਪਹੀਏ ਦੀ ਕਾਢ ਨਾਲ ਆਪਣਾ ਸਫਰ ਜਾਰੀ ਰੱਖਿਆ। ਇਹ ਹੁਣ ਸਫ਼ਰ ਏਨਾ ਤੇਜ ਤੇ ਸਹਿਜ ਹੋ ਗਿਆ ਹੈ। ਜਦੋਂ ਅਸੀਂ ਹਵਾਈ ਜਹਾਜ਼ ਜਾਂ ਰਾਕਟ ਵਿੱਚ ਬੈਠ ਕੇ ਅਤੀਤ ਵੱਲ ਵੇਖਦੇ ਹਾਂ ਤਾਂ ਇੱਝ ਲਗਦਾ ਹੈ ਕਿ ਜਿਵੇਂ ਪਹਿਲੀ ਜ਼ਿੰਦਗੀ ਤੁਰਦੀ ਨਹੀਂ ਸੀ, ਸਗੋਂ ਰੀਂਗਦੀ ਸੀ। ਸਫ਼ਰ ਕਰਨਾ ਬੜਾ ਹੀ ਦੁੱਖਾਂ ਭਰਿਆ ਹੁੰਦਾ ਸੀ, ਉਦੋਂ ਜੰਗਲੀ ਖੂੰਖਾਰ ਜਾਨਵਰਾਂ ਦਾ ਡਰ ਤਾਂ ਹਰ ਵੇਲੇ ਨਾਲ-ਨਾਲ ਤੁਰਦਾ ਸੀ, ਪਰ ਸਫਰ ਦੌਰਾਨ ਦੂਸਰਿਆਂ ਹੱਥੋਂ ਲੁੱਟੇ ਜਾਣ ਦਾ ਭੈਅ ਵੀ ਬਣਿਆ ਰਹਿੰਦਾ ਸੀ, ਪਰ ਸਫਰ ਜਾਰੀ ਸੀ।
ਜ਼ਿੰਦਗੀ ਨੇ ਇਹ ਮੁਸ਼ਕਿਲਾਂ ਭਰਿਆ ਸਫ਼ਰ ਸੁਖਾਵਾਂ ਬਨਾਉਣ ਲਈ ਵੱਖ ਵੱਖ ਤਰ੍ਹਾਂ ਦੇ ਸਾਧਨ ਈਜਾਦ ਕੀਤੇ । ਰਸਤੇ ਬਣਾਏ, ਮੋਟਰ ਗੱਡੀਆਂ ਬਣਾਈਆਂ, ਹਵਾਈ ਤੇ ਸਮੁੰਦਰੀ ਜਹਾਜ਼ ਬਣਾਏ, ਅੱਗੇ ਜਿੱਥੇ ਪਹਿਲਾਂ ਮਹੀਨੇ, ਸਾਲ  ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣ ਲਈ ਲੱਗਦੇ ਸਨ, ਪਰ ਹੁਣ ਮਨੁੱਖ ਨੇ ਇਹ ਸਫ਼ਰ ਕੁੱਝ ਘੰਟਿਆਂ ਤੇ ਦਿਨਾਂ ਤੱਕ ਸੀਮਤ ਕਰ ਲਿਆ ਹੈ।
ਤੇਜ ਰਫਤਾਰ ਨਾਲ ਚੱਲਣ ਵਾਲੀਆਂ ਮੋਟਰ ਗੱਡੀਆਂ, ਰੇਲਾਂ, ਹਵਾਈ ਜਹਾਜ਼ ਬਣਾ ਲਏ ਹਨ। ਸੜਕਾਂ, ਰੇਲਵੇ ਲਾਈਨਾਂ, ਹਵਾਈ ਤੇ ਸਮੁੰਦਰੀ ਮਾਰਗ ਬਣਾ ਲਏ ਹਨ। ਜੇ ਕੁੱਝ ਬਣ ਨਹੀਂ ਸਕਿਆ ਤਾਂ ਉਹ ਮੌਤ ਦਾ ਬਦਲ ਨਹੀਂ ਬਣ ਸਕਿਆ। ਮਨੁੱਖ ਨੇ ਸਭ ਕੁੱਝ ਉੱਤੇ ਜਿੱਤ ਪਾ ਲਈ ਹੈ, ਪਰ ‘ਮੌਤ’ ਉੱਪਰ ਉਸ ਦੀ ਅਜੇ ਜਿੱਤ ਨਹੀਂ ਹੋਈ ਭਾਵੇਂ ਬਦਲ ਪ੍ਰਕਿਰਤੀ ਦਾ ਨਿਯਮ ਹੈ, ਸੰਸਾਰ ਦਾ ਸਫਰ ਜਾਰੀ ਹੈ, ਸੰਸਾਰ ਵਿੱਚ ਨਵੀਂ ਜ਼ਿੰਦਗੀ ਜਨਮ ਲੈ ਰਹੀ ਹੈ, ਲੋਕ ਜ਼ਿੰਦਗੀ ਜਿਉਂ ਵੀ ਰਹੇ ਹਨ ਤੇ ਲੋਕ ਮਰ ਵੀ ਰਹੇ ਹਨ। ਪ੍ਰਕਿਰਤੀ ਦੇ ਅਸੂਲ ਅਨੁਸਾਰ ਜਿਹੜਾ ਜਨਮਿਆ ਹੈ, ਉਸ ਨੇ ਇੱਕ ਦਿਨ ਮਰਨਾ ਹੈ। ਨਵੇਂ ਪੱਤਿਆਂ ਨੇ ਉਗਣਾ ਹੈ, ਪੁਰਾਣੇ ਪੱਤਿਆਂ ਨੇ ਝੜਨਾ ਹੈ। ਇਹ ਝੜਨਾ ਤੇ ਮਰਨਾ ਕਦੋਂ, ਕਿੱਥੇ ਤੇ ਕਿਵੇਂ ਹੈ, ਇਸ ਦਾ ਅਜੇ ਤੀਕ ਕੋਈ ਭੇਤ ਨਹੀਂ ਤੁਰੀ ਜਾਂਦੀ ਜਿੰਦਗੀ ਕਦੋਂ ਮੁੱਕ ਜਾਣੀ ਹੈ? ਇਸ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਭਾਵੇਂ ਮਨੁੱਖ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਕੁੱਝ ਬਣਾ ਲਿਆ ਹੈ। ਪਰ ਕਾਲ ਦਾ ਕੁੱਝ ਪਤਾ ਨਹੀਂ।
ਹੁਣ ਜਿਸ ਤਰ੍ਹਾਂ ਤੇਜ਼ ਰਫਤਾਰ ਜ਼ਿੰਦਗੀ ਦਾ ਦੌਰ ਜਾਰੀ ਹੈ, ਸਾਧਨ ਵੀ ਬਹੁਤ ਹਨ, ਪਰ ਅਜੇ ਤੱਕ ਸੜਕਾਂ ਦੇ ਪੇਟ ਦੀ ਤਲਾਸ਼ ਨਹੀਂ ਹੋਈ। ਭਾਵੇਂ ਸੜਕਾਂ ਕਦੇ ਵੀ ਖੂਨੀ ਜਾਂ ਜ਼ਿੰਦਗੀ ਨੂੰ ਨਿਗਲਣ ਲਈ ਨਹੀਂ ਹੁੰਦੀਆਂ ਪਰ ਸੜਕਾਂ ਉੱਤੇ ਮੌਤ ਦਾ ਜਿਹੜਾ ਤਾਂਡਵ ਅੱਜ ਕੱਲ੍ਹ ਸਿਖ਼ਰ ਵੱਲ ਵਧ ਰਿਹਾ ਹੈ, ਇਸ ਦਾ ਦੋਸ਼ ਅਸੀਂ ਸੜਕਾਂ ਨੂੰ ਦੇ ਕੇ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੇ।
ਅਸਲ ਵਿੱਚ ਇਸ ਸਭ ਕੁੱਝ ਦੇ ਦੋਸ਼ੀ ਅਸੀਂ ਹਾਂ ਤੇ ਇਸ ਦੀ ਸਜ਼ਾ ਵੀ ਅਸੀਂ ਹੀ ਭੁਗਤਦੇ ਹਾਂ, ਪਰ ਦੋਸ਼ ਅਸੀਂ ਸੜਕਾਂ ਨੂੰ ਦਿੰਦੇ ਹਾਂ। ਹਾਦਸੇ ਤਾਂ ਅਸਮਾਨ, ਸਮੁੰਦਰ ਵਿੱਚ ਹੀ ਨਹੀਂ ਘਰਾਂ, ਦਫਤਰਾਂ, ਫੈਕਟਰੀਆਂ, ਖੇਤਾਂ ਆਦਿ ਵਿੱਚ ਹੁੰਦੇ ਹਨ। ਇਨਾਂ ਹਾਦਸਿਆਂ ਦਾ ਕਸੂਰਵਾਰ ਮਨੁੱਖ ਹੁੰਦਾ ਹੈ ਨਾਂ ਕਿ ਉਹ ਥਾਂ ਜਿੱਥੇ ਕੋਈ ਹਾਦਸਾ ਵਾਪਰਦਾ ਹੈ।
ਹੁਣ ਭਾਵੇਂ ਅਸੀਂ ਤਕਨਾਲੋਜੀ ਦੇ ਦੌਰ ਵਿਚੋਂ ਲੰਘ ਰਹੇ ਹਾਂ, ਵਿਗਿਆਨ, ਮਨੋਵਿਗਿਆਨ ਦੇ ਰਾਂਹੀ ਅਸੀਂ ਮਨੁੱਖ ਦੀ ਅੰਦਰਲੀ ਦੁਨੀਆਂ ਨੂੰ ਸਮਝ ਸਕਦੇ ਹਾਂ, ਪਰ ਅਸੀਂ ਅਜੇ ਵੀ ਉਨ੍ਹਾਂ ਰੂੜੀਵਾਦੀ ਸੋਚਾਂ ਦੇ ਪਿੱਛੇ ਲੱਗੇ ਹਾਂ, ਜਿਹੜੀਆਂ ਸਾਨੂੰ ਮਾਨਸਿਕ ਸਕੂਨ ਨਹੀਂ ਸਗੋਂ ਦੁੱਖ ਤਕਲੀਫਾਂ ਦਿੰਦੀਆਂ ਹਨ।
ਮਨੁੱਖ ਦੀ ਹੋਂਦ ਤੋਂ ਬਾਅਦ ਇੰਨੇ ਧਾਰਮਿਕ ਅਸਥਾਨ ਨਹੀਂ ਸੀ ਬਣੇ, ਜਿੰਨੇ ਇਸ ਸਦੀ ਵਿੱਚ ਬਣ ਗਏ ਹਨ। ਅਸੀਂ ਧਰਮ ਦੇ ਅਰਥ ਭੁੱਲ ਕੇ ਸੋਚਣ ਸਮਝਣ ਤੇ ਤਰਕ ਦੀ ਕਸਵੱਟੀ ਵਰਤਣ ਦੀ ਬਜਾਏ, ਮੱਥੇ ਰਗੜਨ, ਡੰਡੋਤਾਂ ਕਰਨ, ਝੜਾਵੇ ਚੜ੍ਹਾਉਣ ਤੱਕ ਹੀ ਸੀਮਤ ਹੋ ਗਏ, ਇਸੇ ਕਰਕੇ ਜਿੰਨੇ ਵੀ ਹਾਦਸੇ ਹੁੰਦੇ ਹਨ, ਉਨ੍ਹਾਂ ਵਿੱਚ ਧਰਮ ਦੀ ਆਸਥਾ ਵਧੇਰੇ ਭਾਰੂ ਹੁੰਦੀ ਹੈ।
ਅਸੀਂ ਧਰਮੀਂ ਨਹੀਂ ਬਣਦੇ, ਸਗੋਂ ਧਾਰਮਿਕ ਬਣ ਕੇ ਧਰਮ ਦੀ ਆੜ ਵਿੱਚ ਮਨੁੱਖ ਦੀ ਭਾਵਨਾਵਾਂ ਤੇ ਜਮੀਨ ਜਾਇਦਾਦ ਲੁੱਟਣ ਲੱਗ ਪਏ ਹਾਂ। ਜਿਹੜੇ ਧਰਮਕਾਂਡਾ ਵਿੱਚੋਂ ਸਾਡੇ ਪੁਰਖਿਆਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਲਿਖਤਾਂ ਦੇ ਰਾਂਹੀ ਸਾਡੇ ਤੱਕ ਪੁਜਦਾ ਕੀਤਾ ਸੀ। ਅੱਜ ਅਸੀਂ ਉਹ ਸਭ ਕੁੱਝ ਭੁੱਲ ਗਏ ਹਾਂ। ਅਸੀਂ ਉਨ੍ਹਾਂ ਲਿਖਤਾਂ ਨੂੰ ਪੜ੍ਹ ਦੇ ਹਾਂ, ਪਰ ਅਮਲ ਨਹੀਂ ਕਰਦੇ । ਇਸੇ ਕਰਕੇ ਅਣ ਆਈ ਮੌਤ ਮਰਦੇ ਹਾਂ।
ਅਸੀਂ ਗਿਆਨ ਤੇ ਵਿਗਿਆਨ ਦੇ ਉਨਾਂ ਭੰਡਾਰਾਂ ਨੂੰ ਖੂਬਸੂਰਤ ਵਸਤਰਾਂ ਵਿੱਚ ਲਪੇਟ ਰੱਖ ਲਿਆ ਹੈ। ਪੱਥਰ ਯੁੱਗ ਦੇ ਵਿੱਚ ਪੁੱਜ ਕੇ ਅਸੀਂ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ। ਇਸ ਪੂਜਾ ਨੇ ਸਾਡੀ ਸੋਚ ਐਨੀ ਖੂੰਡੀ ਕਰ ਦਿੱਤੀ ਹੈ ਕਿ ਅਸੀਂ ਕਿਸੇ ਸਰੀਰਿਕ ਦੁੱਖ ਦੇ ਛੁਟਕਾਰੇ ਲਈ ਡਾਕਟਰ, ਮਨੋਵਿਗਿਆਨ ਦੇ ਕੋਲ ਜਾਣ ਦੀ ਬਜਾਏ , ਉਨਾਂ ਦੇਹਧਾਰੀ ਸਾਧਾਂ ਦੇ ਕੋਲ ਜਾਂਦੇ ਹਾਂ, ਜਿਹੜੇ ਸਾਨੂੰ ਦੁੱਖਾਂ ਵਿਚੋਂ ਕੱਢਣ ਦੀ ਬਜਾਏ ਅਜਿਹੇ ਵਹਿਮਾਂ-ਭਰਮਾਂ ਵਿੱਚ ਫਸਾ ਦਿੰਦੇ ਹਨ ਕਿ ਅਸੀਂ ਉਨ੍ਹਾਂ ਦੀ ਪ੍ਰਕਰਮਾ ਹੀ ਨਹੀਂ ਕਰਦੇ ਸਗੋਂ ਆਪਣਾ ਸਮਾਂ, ਧਨ, ਤਨ ਸਭ ਕੁੱਝ ਉਨ੍ਹਾਂ ਨੂੰ ਭੇਂਟ ਕਰ ਦਿੰਦੇ ਹਾਂ।
ਹੁਣ ਅਸੀਂ ਸਿੱਧੇ ਰਸਤੇ ਦੀ ਬਜਾਏ, ਟੇਡੇ ਰਸਤਿਆਂ ਨੂੰ ਪਹਿਲ ਦੇਣ ਲੱਗ ਪਏ ਹਾਂ, ਇਸ ਅੰਨ੍ਹੀ ਦੌੜ ਵਿੱਚ ਅਸੀਂ ਕਿੰਨੇ ਹਾਦਸੇ ਕਰ ਰਹੇ ਹਾਂ, ਜਿਨਾਂ ਦੇ ਬਾਰੇ ਸਾਨੂੰ ਗਿਆਨ ਵੀ ਹੁੰਦਾ ਹੈ, ਪਰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣ ਲਈ ਉਨਾਂ ਰਸਤਿਆਂ ਨੂੰ ਵਰਤਦੇ ਹਾਂ, ਜਿਹੜੇ ਰਸਤਿਆਂ ਉੱਤੇ ਜਿੱਥੇ ਸਾਡੇ ਸਮਾਜਕ ਰਿਸ਼ਤਿਆਂ ਤੇ ਜਿੰਦਗੀ ਦੀ ਮੌਤ ਵੀ ਹੁੰਦੀ ਹੈ, ਜੇ ਉਹ ਮੌਤ ਨੂੰ ਝਕਾਨੀ ਦੇ ਕੇ ਲੰਘ ਗਏ ਤਾਂ ਉਹ ਆਪਣੇ ਕੀਤੇ ਕਰਮ ਦੀ ਸਜ਼ਾ ਭੁਗਤਦੇ ਹਨ।
ਸੜਕਾਂ ਦੇ ਉੱਤੇ ਹੁੰਦੇ ਹਾਦਸੇ ਤਾਂ ਸਾਡੀਆਂ ਨਜ਼ਰਾਂ ਵਿੱਚ ਹਨ, ਪਰ ਜਿਹੜੇ ਹਾਦਸੇ ਅਸੀਂ ਪੰਜਾਬੀਆਂ ਨੇ ਆਪਣੇ ਰਿਸ਼ਤਿਆਂ ਦੇ ਨਾਲ ਕੀਤੇ ਹਨ ਤੇ ਕਰ ਰਹੇ ਹਨ, ਸ਼ਾਇਦ ਇਹ ਹਾਦਸੇ ਸੜਕਾਂ ਉੱਤੇ ਹੁੰਦੇ ਭਿਆਨਕ ਹਾਦਸਿਆਂ ਦੇ ਨਾਲੋਂ ਵੀ ਵਧੇਰੇ ਖਤਰਨਾਕ ਹਨ। ਉਂਝ ਅਸੀਂ ਆਪਣੇ ਆਪ ਨੂੰ ਸ਼ੇਰਾਂ ਦੀ ਕੌਮ, ਸੂਰਬੀਰ, ਯੋਧੇ, ਸ਼ਹੀਦੀਆਂ ਪਾਉਣ ਵਾਲੇ ਉਨ੍ਹਾਂ ਦੇਸ਼ ਭਗਤਾਂ ਦੇ ਵਾਰਿਸ ਆਖਦੇ ਹਾਂ, ਜਿੰਨ੍ਹਾਂ ਨੇ ਆਪਣਾ ਧਰਮ ਤੇ ਸਿਦਕ ਨਿਭਾਇਆ  ਪਰ ਅੱਜ ਅਸੀਂ ਧਰਮ ਤੇ ਰਿਸ਼ਤਿਆਂ ਨੂੰ ਗ਼ਲਤ ਵਰਤ ਕੇ ਜਿਹੜੇ ਹਾਦਸੇ ਕਰ ਰਹੇ ਹਾਂ, ਜਦੋਂ ਅਸੀਂ ਇਨ੍ਹਾਂ ਹਾਦਸਿਆਂ ਦੀ ਕਹਾਣੀ ਸੁਣਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁਕਦਾ ਨਹੀਂ।
ਅਸੀਂ ਕਿਵੇਂ ਆਪਣੀ ਧੀਆਂ ਨੂੰ ਪੌੜੀ ਬਣਾ ਕੇ ਦੇਸ਼ ਵਿਦੇਸ਼ ਪੁੱਜਣ ਲਈ ਸਮਾਜ ਵੱਲੋਂ ਸਿਰਜੇ ਰਿਸ਼ਤਿਆਂ ਦਾ ਘਾਣ ਕਰ ਰਹੇ ਹਾਂ, ਆਪਣੀਆਂ ਸਕੀਆਂ ਮਾਵਾਂ, ਭੈਣਾਂ, ਭੂਆ , ਚਾਚੀਆਂ, ਤਾਈਆਂ, ਮਾਮੀਆਂ , ਮਾਸੀਆਂ, ਨਾਨੀਆਂ ਤੇ ਦਾਦੀਆਂ ਦੇ ਨਾਲ ਵਿਆਹ ਕਰਵਾ ਕੇ ਠੰਢੇ ਮੁਲਕਾਂ ਵਿੱਚ ਜਾਣ ਲਈ ਸਾਧਨ ਵਰਤਦੇ ਰਹੇ ਹਾਂ। ਇਹ ਉਨਾਂ ਹਾਦਸਿਆਂ ਤੋਂ ਵਧੇਰੇ ਖਤਰਨਾਕ ਹਨ, ਜਿਹੜੇ ਸੜਕਾਂ ਉੱਤੇ ਵਾਪਰਦੇ ਹਨ। ਸੜਕਾਂ ਉੱਤੇ ਵਾਪਰਦੇ ਹਾਦਸਿਆਂ ਵਿੱਚ ਕਸੂਰ ਸੜਕਾਂ ਦਾ ਨਹੀਂ, ਸਾਡਾ, ਤੇ ਉਸ ਬੁਨਿਆਦੀ ਢਾਂਚੇ ਦਾ ਹੁੰਦਾ ਹੈ। ਜਿਹੜਾ ਸਾਨੂੰ ਅਜਿਹੇ ਹਾਦਸੇ ਕਰਨ ਦੀ ਖੁੱਲ੍ਹ ਦਿੰਦਾ ਹੈ।
ਸੜਕਾਂ ਰਾਤ ਨੂੰ ਜਦੋਂ ਨਸ਼ੇ’ ਚ ਟੁੰਨ ਹੋ ਕੇ, ਮੌਤ ਦਾ ਤਾਂਡਵ ਨਾਚ ਕਰਦੀਆਂ ਹਨ ਤਾਂ ਕਾਨੂੰਨ ਦੇ ਰਖਵਾਲੇ ਵੀ ਆਪਣੇ ਫਰਜ ਭੁੱਲ , ਇਸ ਨਾਲ ਸ਼ਾਮਿਲ ਹੁੰਦੇ ਹਨ। ਇਹ ਤਾਂਡਵ ਨਾਚ ਬਹੁਤਾ ਉਸ ਅੰਨ੍ਹੀ ਤੇ ਵਿਹੂਣੀ ਸੋਚ ਦੇ ਲੋਕਾਂ ਦਾ ਹੁੰਦਾ ਹੈ, ਜਿਹੜੇ ਆਸਥਾ ਨੂੰ ਜ਼ਿੰਦਗੀ ਤੋਂ ਪਾਰ ਜਾਣ ਦਾ ਭੁਲੇਖਾ ਸਿਰਜਦੇ ਹਨ। ਇਸੇ ਕਰਕੇ ਬਹੁਤੇ ਮੌਤ ਦੇ ਤਾਂਡਵ ਨਾਚ ਇਨਾਂ ਅਖੌਤੀ ਡੇਰਿਆਂ, ਧਾਰਮਿਕ ਅਸਥਾਨਾਂ ਦੀ ਪ੍ਰਕਰਮਾਂ ਕਰਦਿਆਂ ਹੁੰਦੇ ਹਨ। ਪਸ਼ੂ ਬਿਰਤੀ ਜਦੋਂ ਮਨੁੱਖ ‘ਤੇ ਭਾਰੂ ਹੁੰਦੀ ਹੈ, ਤਾਂ ਅਸੀਂ ਇਹ ਭੁੱਲ ਜਾਂਦੇ ਕਿ ਜਿਹੜੇ ਸਾਧਨ ਵਸਤੂਆਂ ਨੂੰ ਢੋਣ ਲਈ ਬਣਾਏ ਹਨ, ਉਨਾਂ ਵਿੱਚ ਅਸੀਂ ਉਹ ਜ਼ਿੰਦਗੀਆਂ ਵਸਤੂਆਂ ਵਾਂਗ ਲੱਦ ਕੇ ਤੁਰ ਪੈਂਦੇ ਹਾਂ। ਜਿੰਨ੍ਹਾਂ ਨੇ ਇਨ੍ਹਾਂ ਵਾਹਨਾਂ ਨੂੰ ਸੜਕਾਂ ਉਤੇ ਰੋਕ ਕੇ ਜਾਂਚ ਪੜਤਾਲ ਕਰਨੀ ਹੁੰਦੀ ਹੈ, ਉਹ ਵੀ ਸੋਮਰਸ ਦਾ ਸੇਵਨ ਕਰਕੇ ਅੰਗੂਰੀ ਹੋ ਕੇ ਕਿਸੇ ਸੁਰੱਖਿਅਤ ਥਾਂ ‘ਤੇ ਸੌਂ ਜਾਂਦੇ ਹਨ।
ਭਾਵੇਂ ਉਨਾਂ ਨੂੰ ਤਨਖਾਹ ਸੌਣ ਦੀ ਨਹੀਂ, ਸਗੋਂ ਸੜਕ ‘ਤੇ ਵਾਹਨਾਂ ਨੂੰ ਚੈੱਕ ਕਰਨ ਦੀ ਮਿਲਦੀ ਹੈ, ਉਹ ਮਿਲਣ ਵਾਲੀ ਤਨਖਾਹ ਦੇ ਨਾਲੋਂ ਉਪਰਲੀ ਕਮਾਈ ਵੱਧ ਕਰ ਲੈਂਦੇ ਹਨ, ਇਸੇ ਕਰਕੇ ਉਨਾਂ ਦੇ ਢਿੱਡ ਤੂੜੀ ਵਾਲੇ ਟਰੱਕ ਵਾਂਗ ਬਾਹਰ ਨੂੰ ਨਿਕਲ ਆਉਂਦੇ ਹਨ। ਜਦੋਂ ਕਿਧਰੇ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਫਿਰ ਜਿਹੜੀ ਸਰਕਾਰੀ ਮਸ਼ੀਨਰੀ ਲੰਮੀਆਂ ਤਾਣ ਕੇ ਸੁੱਤੀ ਪਈ ਹੁੰਦੀ ਹੈ, ਉਹ ਹਰਕਤ ਵਿੱਚ ਆ ਜਾਂਦੀ ਹੈ, ਫਿਰ ਕਾਨੂੰਨ ਦਾ ਪਾਠ ਪੜ੍ਹਾਇਆ ਹੀ ਨਹੀਂ ਜਾਂਦਾ, ਸਗੋਂ ਉਸਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਮਰਨ ਵਾਲਿਆਂ ਦੇ ਵਾਰਸਾਂ ਨੂੰ ਮੱਦਦ ਦੇਣ ਦੇ ਹੁਕਮ ਹੁੰਦੇ ਹਨ, ਜ਼ਖ਼ਮੀਆਂ ਦਾ ਇਲਾਜ ਸਰਕਾਰੀ ਪੱਧਰ ਉੱਤੇ ਕਰਨ ਦੀਆਂ ਹਦਾਇਤਾਂ ਹੁੰਦੀਆਂ ਹਨ। ਅਜਿਹੇ ਹਾਦਸੇ ਮੁੜ ਨਾ ਹੋਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਹੁੰਦੀਆਂ ਹਨ, ਪਰ ਜਿਹੜੇ ਅਣਆਈ ਮੌਤ ਇੱਕ ਨਿੱਜੀ ਜਿਹੀ ਗ਼ਲਤੀ ਨਾਲ ਤੁਰ ਜਾਂਦੇ ਹਨ, ਉਨ੍ਹਾਂ ਦੇ ਪਿੱਛੇ ਰਹਿ ਗਏ ਯਾਂਦ ਕਰਕੇ ਰੋਂਦੇ ਤੇ ਕੁਰਲਾਉਂਦੇ ਰਹਿੰਦੇ ਹਨ।
ਅਸੀਂ ਵੱਡੀਆਂ ਵੱਡੀਆਂ ਗੱਡੀਆਂ ਤਾਂ ਲੈ ਲਈਆਂ ਹਨ ਪ੍ਰੰਤੂ ਸੜਕਾਂ ਉੱਤੇ ਇਹ ਗੱਡੀਆਂ ਕਿਵੇਂ ਚਲਾਉਣੀਆਂ ਹਨ, ਇਸ ਦੀ ਸਾਨੂੰ ਭੋਰਾ ਵੀ ਜਾਣਕਾਰੀ ਨਹੀਂ ਹੁੰਦੀ ਬਿਨਾਂ ਕਿਸੇ ਜਾਂਚ ਪੜਤਾਲ ‘ਤੇ ਡਰਾਈਵਿੰਗ ਲਾਈਸੈਂਸ ਜਾਰੀ ਹੁੰਦੇ ਹਨ। ਸੜਕ ਉੱਤੇ ਚਲਣ ਦੇ ਨਿਯਮਾਂ ਦਾ ਜਿਹਨਾਂ ਨੇ ਪਾਠ ਪੜ੍ਹਾਉਣਾ ਅਤੇ ਸਿਖਾਉਣਾ ਹੁੰਦਾ ਹੈ, ਉਹ ਵੀ ਆਪਣੀ ਕੀਮਤ ਦੱਸ ਕੇ , ਸਭ ਕੁੱਝ ਅਸਾਨ ਕਰ ਦਿੰਦੇ ਹਨ। ਜਦੋਂ ਕਾਨੂੰਨ ਲਾਗੂ ਕਰਨ ਵਾਲੇ ਆਪਣੀ ਕੀਮਤ ਵਸਤੂਆਂ ਵਾਂਗ ਪਾਉਂਦੇ ਹਨ, ਉਦੋਂ ਹੀ ਇਨ੍ਹਾਂ ਹਾਦਸਿਆਂ ਦਾ ਮੁੱਢ ਬੱਝਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਪਰਿਵਾਰਾਂ ਦੇ ਪਰਿਵਾਰਾਂ ਦੀ ਜਾਨ ਲੈਂਦਾ ਹੈ।
ਉਂਝ ਭਾਵੇਂ ਅਸੀਂ ਨੈਤਿਕ ਕਦਰਾਂ ਕੀਮਤਾਂ, ਕਾਨੂੰਨ ਦਾ ਸਤਿਕਾਰ ਕਰਨ ਤੇ ਸੜਕਾਂ ਉਤੇ ਚੰਗੇ ਚਾਲਕ ਹੋਣ ਦੀਆਂ ਟਾਹਰਾਂ ਮਾਰਦੇ ਹਾਂ, ਪਰ ਅਸੀਂ ਕਦੇ ਵੀ ਉਨਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ, ਜਿਨ੍ਹਾਂ ਦੀ ਅਸੀਂ ਸੁੰਹ ਚੁੱਕਦੇ ਹਾਂ। ਜਦੋਂ ਤੀਕ ਸਾਡੇ ਕਾਨੂੰਨ ਦੇ ਰਖਵਾਲੇ, ਗੱਡੀਆਂ, ਮੋਟਰਾਂ, ਸੜਕਾਂ ਤੇ ਡਰਾਈਵਰ ਲਾਈਸੈਂਸ ਜਾਰੀ ਕਰਨ ਵਾਲੇ ਆਪਣਾ ਮੁੱਲ ਵਸਤੂਆਂ ਵਾਂਗ ਪਾਉਂਦੇ ਰਹਿਣਗੇ, ਉਦੋਂ ਤੱਕ ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਇਨਾਂ ਹਾਦਸਿਆਂ ਤੋਂ ਬਚਣ ਲਈ ਜਦੋਂ ਤੀਕ ਅਸੀਂ ਖੁਦ ਆਪਣੇ ਆਪ ਨੂੰ ਜੁੰਮੇਵਾਰ ਨਹੀਂ ਸਮਝਦੇ ਉਦੋਂ ਤੀਕ ਇਹ ਹਾਦਸੇ ਜਾਰੀ ਰਹਿਣਗੇ।
ਕਸੂਰ ਇਨ੍ਹਾਂ ਸੜਕਾਂ ਦਾ ਨਹੀਂ, ਵਾਹਨਾਂ ਦਾ ਨਹੀਂ, ਸਗੋਂ ਇਹ ਉਨ੍ਹਾਂ ਦਾ ਜੁੰਮੇਵਾਰ ਸਰਕਾਰੀ ਤੇ ਗੈਰ ਸਰਕਾਰੀ ਤੰਤਰ ਦਾ ਹੈ, ਜਿਹੜਾ ਆਪਣਾ ਢਿੱਡ ਭਰਨ ਲਈ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗਦੇ ਹਨ, ਤੇ ਫਿਰ ਇਹ ਆਖਦੇ ਹਨ ਕਿ ਕਾਸ਼! ਸੜਕਾਂ ਦੇ ਢਿੱਡ ਹੁੰਦੇ । ਉਹ ਕੁੱਝ ਖਾ ਕੇ ਭਰ ਜਾਂਦੇ ਪਰ ਜਿੰਨਾਂ ਦੇ ਅਜੇ ਤੱਕ ਬੱਜਰੀ , ਰੇਤਾ, ਲੁੱਕ, ਮਿੱਟੀ, ਪਾਣੀ , ਸਰੀਆ ਤੇ ਮਾਇਆ ਦੇ ਨਾਲ ਢਿੱਡ ਨਹੀਂ ਭਰੇ, ਇਹ ਹਾਦਸੇ ਉਦੋਂ ਤੱਕ ਜਾਰੀ ਰਹਿਣਗੇ।ਜ ਜਦੋਂ ਤੱਕ ਲੋਕ ਜਾਗਦੇ ਨਹੀਂ।
ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸੜਕ ਨਿਯਮਾਂ ਦਾ ਪਾਠ ਸਿੱਖਿਆ ਵਿੱਚ ਸ਼ਾਮਲ ਕਰਨਾ ਪਵੇਗਾ, ਚੋਰ ਮੋਰੀਆਂ ਰਾਹੀਂ ਜਾਰੀ ਹੋਣ ਵਾਲੇ ਲਾਇਸੰਸਾਂ ਨੂੰ ਠੱਲ੍ਹ ਪਾਉਣ ਲਈ ਵਿਦੇਸ਼ਾਂ ਵਰਗੇ ਨਿਯਮ ਲਾਗੂ ਕਰਨੇ ਪੈਣਗੇ, ਇਸ ਸਭ ਕੁੱਝ ਦੀ ਜੁੰਮੇਵਾਰੀ ਇਕੱਲੀ ਸਰਕਾਰੀ ਮਸ਼ੀਨਰੀ ਦੀ ਨਹੀਂ ਸਗੋਂ ਸਾਡੀ ਸਭ ਦੀ ਬਣਦੀ ਹੈ, ਸਾਨੂੰ ਇਹ ਸਭ ਕੁੱਝ ਆਪਣੇ ਆਪ ਉੱਤੇ ਲਾਗੂ ਕਰਨਾ ਪਵੇਗਾ-ਫਿਰ ਹੀ ਅਸੀਂ ਦੂਸਰਿਆਂ ਨੂੰ ਨਸੀਅਤਾਂ ਦੇਣ ਦੀ ਹਿੰਮਤ ਕਰ ਸਕਦੇ । ਸੜਕਾਂ ਦੇ ਢਿੱਡ ਤਾਂ ਕਦੇ ਵੀ ਨਹੀਂ ਭਰਨੇ। ਨਾ ਲਾਲਚੀ ਬਿਰਤੀ ਵਾਲੇ ਲੋਕਾਂ ਦੇ ਭਰਨੇ ਹਨ। ਤੁਸੀਂ ਆਰਾਮ ਨਾਲ ਦੇਸ਼ ਵਿਕਦਾ ਹੋਇਆ ਦੇਖੀ ਚੱਲੋ। ਕਾਸ਼ ਬੰਦਿਆਂ ਦੇ ਵੀ ਢਿੱਡ ਹੁੰਦੇ!
—-
ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨਹਿਰ ਕਿਨਾਰੇ ਨੀਲੋਂ ਕਲਾਂ,
ਲੁਧਿਆਣਾ।
94643-70823

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin