ਨਕਸਲਵਾੜੀ ਲਹਿਰ ਦੇ ਸ਼ਹੀਦ ਨਿਰੰਜਣ ਸਿੰਘ ਅਕਾਲੀ ਕਾਲਸਾਂ ਦਾ ਸ਼ਹੀਦੀ ਸਮਾਗਮ 

ਕਾਲਸਾਂ  (ਪੱਤਰਕਾਰ) ਨਕਸਾਲਵਾੜੀ ਲਹਿਰ ਦੇ ਸ਼ਹੀਦ ਕਾ.ਨਿਰੰਜਣ ਸਿੰਘ ਅਕਾਲੀ ਕਾਲਸਾਂ ਦਾ ਸ਼ਹੀਦੀ ਦਿਹਾੜਾ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪੂਰੇ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਸ਼ਹੀਦ ਨਿਰੰਜਣ ਸਿੰਘ ਅਕਾਲੀ ਕਾਲਸਾਂ ਦੇ ਘਰ ਤੋਂ ਬਾਹਰ ਜੁਝਾਰੂ ਕਾਫਲੇ ‘‘ਨਕਸਲਬਾੜੀ ਦੀ ਪੈਂਦੀ ਗੁੰਜ-ਲੋਟੂ ਢਾਣੀ ਦੇਣੀ ਹੂੰਝ, ਨਕਸਲਵਾੜੀ ਲਹਿਰ ਦੇ ਸ਼ਹੀਦ-ਅਮਰ ਰਹਿਣ, ਅਮਰ ਸ਼ਹੀਦਾਂ ਦਾ ਪੈਗਾਮ-ਬਦਲ ਲੈਣਾ ਹੈ ਲੁਟੇਰਾ ਨਿਜਾਮ, ਇਨਕਲਾਬ-ਜਿੰਦਾਬਾਦ, ਸਾਮਰਾਜਬਾਦ-ਮੁਰਦਾਬਾਦ, ਸ਼ਹੀਦ ਨਿਰੰਜਣ ਸਿੰਘ ਅਕਾਲੀ ਕਾਲਸਾਂ-ਅਮਰ ਰਹੇ’’ਦੇ ਅਕਾਸ਼ ਗੁੰਜਾਊ ਨਾਹਰੇ ਮਾਰਦੇ ਕਾ. ਨਿਰੰਜਣ ਸਿੰਘ ਅਕਾਲੀ ਦੀ ਸੂਹੀ ਸ਼ਹੀਦੀ ਲਾਟ ਵੱਲ ਰਵਾਨਾ ਰਵਾਨਾ ਹੋਏ। ਸ਼ਹੀਦੀ ਲਾਟ ਉੱਪਰ ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਨਰਿੰਜਣ ਸਿੰਘ ਅਕਾਲੀ ਕਾਲਸਾਂ ਦੀ ਚੌਥੀ ਪੀੜੀ ਨੌਜਵਾਨ ਹਰਦੀਪ ਸਿੰਘ ਨੇ ਨਿਭਾਈ।
ਸ਼ਹੀਦੀ ਲਾਟ ਉੱਪਰ ਝੰਡਾ ਲਹਿਰ ਦੀ ਰਸਮ ਸਮੇ ਇਨਕਲਾਬੀ ਕੇਂਦਰ ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਜਿਲਾ ਪ੍ਰਧਾਨ ਡਾ.ਰਜਿੰਦਰ ਪਾਲ ਨੇ ਨਕਸਲਵਾੜੀ ਲਹਿਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਕਿਵੇਂ ਇਹ ਜਗੀਰਦਾਰਾਂ ਵਿਰੁੱਧ ਉੱਠੀ ਕਿਸਾਨ ਬਗਾਵਤ ਸੀ। ਬਸੰਤ ਦੀ ਗਰਜ ਬਣ ਉੱਠੀ ਨਕਸਲਵਾੜੀ ਲਹਿਰ ਦੇ ਸ਼ਹੀਦ ਭਲੇ ਹੀ ਜਿਸਮਾਨੀ ਰੂਪ’ਚ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ ਸ਼ਹੀਦ ਵਿਚਾਰ ਦੇ ਰੂਪ ਵਿੱਚ ਸਾਡਾ ਅਮੁੱਲ ਸਰਮਾਇਆ ਹਨ, ਉਨਾਂ ਦੀ ਵਿਚਾਰਧਾਰਾ ਅੱਜ ਵੀ ਮੁਲਕ ਭਰ ਵਿੱਚ ਚੱਲ ਰਹੀਆਂ ਲੋਕ ਲਹਿਰਾਂ ਖਾਸ ਕਰ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲ਼ਾਫ ਚੱਲੇ ਇਤਿਹਾਸਕ ਕਿਸਾਨ ਘੋਲ ਦੀ ਅਗਵਾਈ ਲਈ ਪ੍ਰੇਰਨਾ ਸ੍ਰੋਤ ਬਣੀ ਰਹੀ ਹੈ। ਸ਼ਹੀਦਾਂ ਦੀ ਕਰਬਾਨੀ ਅਜਾਈਂ ਨਹੀਂ ਜਾਂਦੀ, ਕਾ. ਨਿਰੰਜਣ ਸਿੰਘ ਅਕਾਲੀ ਹੁਰਾਂ ਨੂੰ ਸ਼ਹੀਦ ਹੋਇਆਂ ਪੰਜਾਹ ਸਾਲ ਤੋਂ ਵੱਧ ਦਾ ਲੰਬਾ ਅਰਸਾ ਬੀਤ ਚੁੱਕਿਆ ਹੈ ਪਰ ਜਿਸ ਮਕਸਦ ਲੁੱਟ ਜਬਰ ਅਤੇ ਦਾਬੇ ਤੋਂ ਰਹਿਤ ਨਵਾਂ ਲੋਕ ਪੱਖੀ ਸਮਾਜ ਸਿਰਜਣ ਲਈ ਉਨਾਂ ਸ਼ਹੀਦੀ ਦਿੱਤੀ ਉਹ ਕਾਰਜ ਅੱਜ ਵੀ ਅਧੂਰਾ ਹੈ। ਉਨਾਂ ਦੇ ਅਧੂਰੇ ਕਾਜ ਲੁੱਟ ਰਹਿਤ ਸਮਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਅੱਜ ਵੀ ਚੱਲ ਰਹੀ ਹੈ।
ਅੱਜ ਦੀਆਂ ਹਾਲਤਾਂ ਸਬੰਧੀ ਗੱਲ ਕਰਦਿਆਂ ਆਗੂਆਂ ਮਨਜੀਤ ਧਨੇਰ, ਗੁਰਦੇਵ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਮਾ.ਅਜਮੇਰ ਕਾਲਸਾਂ ਅਤੇ ਸੁਖਵਿੰਦਰ ਠੀਕਰੀਵਾਲ ਨੇ ਕਿਹਾ ਕਿ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮ ਮੁਲਕ ਦੇ ਕੁਦਰਤੀ ਸ੍ਰੋਤਾਂ ਸਮੇਤ ਖੇਤੀ ਪ੍ਰਧਾਨ ਮੁਲਕ ਦੀ ਖੇਤੀ ਨੂੰ ਅਸਲ ਮਾਅਨਿਆਂ ਵਿੱਚ ਪੇਂਡੂ ਸੱਭਿਅਤਾ ਨੂੰ ਤਬਾਹ ਕਰਨ ਲਈ ਖੇਤੀ ਕਾਨੂੰਨ ਪਾਸ ਕੀਤੇ ਸਨ। ਕਰੋਨਾ ਸੰਕਟ ਭਾਰਤੀ ਹਾਕਮਾਂ ਲਈ ਰਾਮਬਾਣ ਬਣਕੇ ਬਹੁੜਿਆ ਸੀ। ਇਸ ਬਹਾਨੇ ਹੇਠ ਕਿਰਤ ਵਿਰੋਧੀ ਕਾਨੂੰਨ, ਬਿਜਲੀ ਸੋਧ ਕਾਨੂੰਨ-2020, ਕੋਇਲਾ ਖਾਣਾਂ, ਰੇਲਵੇ, ਜਹਾਜਰਾਨੀ ਸਮੇਤ ਜਨਤਕ ਖੇਤਰ ਦੇ ਸਾਰੇ ਅਦਾਰੇ ਅੰਬਾਨੀਆਂ-ਅਡਾਨੀਆਂ ਦੇ ਹਵਾਲੇ ਕਰ ਰਹੇ ਹਨ।ਅਮੀਰੀ-ਗਰੀਬੀ ਦਾ ਪਾੜਾ ਦਿਨੋ ਦਿਨ ਵਧ ਰਿਹਾ ਹੈ। ਦੂਜੇ ਪਾਸੇ ਮੁਲਕ ਵੰਨਸੁਵੰਨਤਾ ਦਾ ਭੋਗ ਪਾਉਣ ਲਈ ਤਹੂ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਭਗਵਾਂਕਰਨ ਦੀ ਫਿਰਕੂ ਸਿਆਸਤ ਦੇ ਜਹਿਰੀ ਨਾਗ ਰਾਹੀਂ ਕਿੰਨੇ ਹੀ ਮੁਸਲਿਮ ਘੱਟ ਗਿਣਤੀਆਂ, ਦਲਿਤਾਂ, ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਵਕੀਲਾਂ ਨੂੰ  ਸਾਲਾਂ ਬੱਧੀ ਜੇਲ੍ਹ ਦੀਆ ਸਲਾਖਾਂ ਪਿੱਛੇ ਬੰਦ ਰੱਖਿਆ ਹੋਇਆ ਹੈ। ਲੋਕਾਂ ਦੇ ਜਥੇਬੰਦ ਹੋਣ, ਸੰਘਰਸ਼ ਕਰਨ ਦੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਤਿੰਨ ਨਵੇਂ ਕਾਨੂੰਨ ਨਾ ਬਦਲਣ ਲਈ ਹੀ ਨਹੀਂ, ਸਗੋਂ ਇਨ੍ਹਾਂ ਨੂੰ ਹੋਰ ਵਧੇਰੇ ਜਾਬਰ ਬਣਾ ਦਿੱਤਾ ਗਿਆ ਹੈ। ਅਜਿਹੀ ਹਾਲਤ ਵਿੱਚ ਮਹਿਲਕਲਾਂ ਲੋਕ ਘੋਲ ਦੀ ਵਿਰਾਸਤ ਸਾਡੇ ਸਭਨਾਂ ਲਈ ਅਜਿਹਾ ਚਾਨਣ ਮੁਨਾਰਾ ਹੈ ਜੋ 27 ਸਾਲ ਦੇ ਲੰਬੇ ਅਰਸੇ ਬਾਅਦ ਵੀ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ` ਦੀ ਮਿਸਾਲ ਬਣਿਆ ਹੋਇਆ ਹੈ।ਲ਼ਖਵਿੰਦਰ ਠੀਕਰੀਵਾਲ ਅਤੇ ਨਰਿੰਦਰ ਸਿੰਗਲਾ ਨੇ ਗੀਤਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ।
ਇਸ ਸਮੇਂ ਬਲਦੇਵ ਸੱਦੋਵਾਲ, ਗੱਜਣ ਕਾਲਸਾਂ, ਕੇਵਲਜੀਤ ਕੌਰ, ਨੀਲਮ ਰਾਣੀ, ਗੁਰਿੰਦਰ ਕੌਰ, ਸਿਮਰਪ੍ਰੀਤ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ,  ਡਾ ਅਮਰਜੀਤ ਸਿੰਘ, ਡਾ. ਬਾਰੂ ਮੁਹੰਮਦ, ਵਿਸਾਖਾ ਸਿੰਘ ਕਾਲਸਾਂ, ਅਵਤਾਰ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ ਧੂਰਕੋਟ, ਜੱਗਾ ਸਿੰਘ, ਪ੍ਰੀਤਮ ਸਿੰਘ ਮਹਿਲਕਲਾਂ, ਨੌਜਵਾਨ ਜਗਮੀਤ ਸਿੰਘ, ਜਸਪਾਲ ਚੀਮਾ, ਸੁਖਦੇਵ ਸਿੰਘ, ਮੁਨੀਸ਼ ਕੁਮਾਰ, ਦਰਸ਼ਨ ਸਿੰਘ ਕਾਲਸਾਂ, ਨਿਰਪਾਲ ਸਿੰਘ ਜਲਾਲਦੀਵਾਲ, ਡਾ ਕੇਵਲ ਸਿੰਘ ਜਲਾਲਦੀਵਾਲ ਤੋਂ ਇਲਾਵਾ ਬਹੁਤ ਸਰੇ ਆਗੂ ਹਾਜ਼ਰ ਸਨ। ਇਸ ਵਾਰ ਮਨਰੇਗਾ ਮਜਦੂਰ ਔਰਤਾਂ ਅਮਨਦੀਪ ਕੌਰ ਦੀ ਅਗਵਾਈ ਵਿੱਚ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋਈਆਂ। ਸਟੇਜ ਸਕੱਤਰ ਦੇ ਫ਼ਰਜ ਖੁਸ਼ਮੰਦਰਪਾਲ ਨੇ ਬਾਖੂਬੀ ਨਿਭਾਏ।

Leave a Reply

Your email address will not be published.


*