ਮੋਗਾ ( Gurjeet sandhu) – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਜਿੰਨੀਆਂ ਵੀ ਸੜਕਾਂ ਹਨ, ਉਹਨਾਂ ਤੋਂ ਹਰ ਤਰ੍ਹਾਂ ਦੇ ਅਣਅਧਿਕਾਰਿਤ ਨਜ਼ਾਇਜ ਕਬਜ਼ੇ ਤੁਰੰਤ ਪ੍ਰਭਾਵ ਨਾਲ ਹਟਾਏ ਜਾਣ। ਉਹ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਇਕ ਸਿਵਲ ਰਿਟ ਪਟੀਸ਼ਨ ਦੇ ਮਾਮਲੇ ਵਿੱਚ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਮੋਗਾ ਅਧੀਨ ਪੈਂਦੀਆਂ ਸੜਕਾਂ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਅਣਅਧਿਕਾਰਿਤ ਨਜ਼ਾਇਜ ਕਬਜ਼ੇ ਹਨ, ਜੋ ਕਿ ਤੁਰੰਤ ਹਟਾਏ ਜਾਣ ਦੀ ਲੋੜ ਹੈ।ਉਹਨਾਂ ਜੰਗਲਾਤ ਵਿਭਾਗ, ਪੁਲਿਸ ਵਿਭਾਗ, ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਨੈਸ਼ਨਲ ਹਾਈਵੇ, ਟਰਾਂਸਪੋਰਟ ਵਿਭਾਗ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਗਲੇ ਦਿਨਾਂ ਦੌਰਾਨ ਖੁਦ ਜਾ ਕੇ ਅਜਿਹੇ ਸਥਾਨਾਂ ਦੀ ਭਾਲ ਕਰਨ ਅਤੇ ਇਹਨਾਂ ਉੱਤੇ ਬਣਦੀ ਕਾਰਵਾਈ ਕਰਨ ਉਪਰੰਤ ਰਿਪੋਰਟ ਪੇਸ਼ ਕੀਤੀ ਜਾਵੇ।
ਉਹਨਾਂ ਨਾਜਾਇਜ਼ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਹੀ ਇਹ ਕਬਜ਼ਾ ਛੱਡ ਜਾਣ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਅਣਅਧਿਕਾਰਿਤ ਨਜ਼ਾਇਜ ਕਬਜ਼ਾ ਆਉਂਦਾ ਹੈ ਤਾਂ ਉਸਦੀ ਤੁਰੰਤ ਸੂਚਨਾ ਦੇਣ ਤਾਂ ਜੋ ਨਾਜਾਇਜ਼ ਕਾਬਜ਼ਕਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਨਗਰ ਯੋਜਨਾਕਾਰ ਸ੍ਰ ਹਰਪ੍ਰੀਤ ਸਿੰਘ ਬਾਜਵਾ, ਸਹਾਇਕ ਨਗਰ ਯੋਜਨਾਕਾਰ ਸ੍ਰ ਹਰਦੀਪ ਸਿੰਘ ਸੇਖੋਂ, ਨਗਰ ਨਿਗਮ ਮੋਗਾ ਦੇ ਸੰਯੁਕਤ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Leave a Reply