ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਵੋਟਰ ਸੂਚੀਆਂ ‘ਚ ਲਾਪਰਵਾਹੀ ਵਰਤਣ ਵਾਲੇ ਜੂਨੀਅਰ ਸਹਾਇਕ ਵਿਰੁੱਧ ਕਾਰਵਾਈ ਲਈ ਡੀਸੀ ਵੱਲੋਂ ਪੱਤਰ 

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ਤਿਆਰੀ ਵਿੱਚ ਲਾਪਰਵਾਹੀ ਵਰਤਣ ਵਾਲੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਸਹਾਇਕ ਰੋਹਿਤ ਸ਼ਰਮਾ ਵਿਰੁੱਧ ਕਾਰਵਾਈ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਣਸ਼ਾਮ ਥੋਰੀ ਨੇ ਉਹਨਾਂ ਦੇ ਮੁੱਖ ਇੰਜੀਨੀਅਰ ਨੂੰ ਪੱਤਰ ਲਿਖਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ਤਹਿਸੀਲਦਾਰ ਦਫ਼ਤਰ ਨੇ ਦੱਸਿਆ ਕਿ ਰੋਹਿਤ ਸ਼ਰਮਾ ਦੀ ਡਿਊਟੀ ਬੂਥ ਨੰਬਰ 42 ਉੱਤੇ ਬੀਐਲਓ ਵੱਜੋਂ ਲਗਾਈ ਗਈ ਹੈ। ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 21 ਅਕਤੂਬਰ 2023 ਤੋਂ ਸ਼ੁਰੂ ਹੋਇਆ ਹੈ ਪਰ 2 ਅਗਸਤ 2024 ਤੱਕ ਉਕਤ ਕਰਮਚਾਰੀ ਨੇ ਬੂਥ ਨੰਬਰ 42 ਦੇ ਕੁਲ ਵੋਟਰ ਜੋ ਕਿ 1319 ਹਨ, ਵਿੱਚੋਂ ਕੇਵਲ ਚਾਰ ਕੇਸਧਾਰੀ ਸਿੱਖ ਵੋਟਰਾਂ ਦੇ ਫਾਰਮ ਹੀ ਪ੍ਰਾਪਤ ਕੀਤੇ ਹਨ। ਉਹਨਾਂ ਦੱਸਿਆ ਕਿ 4 ਅਗਸਤ ਨੂੰ ਬੀਐਲਓ ਨੂੰ ਵਿਸ਼ੇਸ਼ ਕੈਂਪ ਲਗਾ ਕੇ ਰਜਿਸਟਰੇਸ਼ਨ ਵਧਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ ਪਰ ਉਕਤ ਕਰਮਚਾਰੀ ਨੇ ਕੋਈ ਵੀ ਸਿੱਖ ਵੋਟਰ ਰਜਿਸਟਰ ਨਹੀਂ ਕੀਤਾ।
ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਸ ਨੂੰ ਘੋਰ ਲਾਪਰਵਾਹੀ ਮੰਨਦੇ ਹੋਏ ਕਰਮਚਾਰੀ ਵੱਲੋਂ ਜਾਣਬੁੱਝ ਕੇ ਵੋਟਰ ਸੂਚੀ ਨਾਲ ਸੰਬੰਧਿਤ ਅਹਿਮ ਕੰਮ ਵਿੱਚ ਕੁਤਾਹੀ ਵਰਤਣ ਦਾ ਦੋਸ਼ੀ ਪਾਇਆ ਹੈ ਅਤੇ ਸਬੰਧਤ ਕਰਮਚਾਰੀ ਵਿਰੁੱਧ ਵਿਭਾਗ ਨੂੰ ਅਨੁਸ਼ਾਸਨੀ ਕਾਰਵਾਈ ਲਈ ਲਿਖਦੇ ਹੋਏ ਤੁਰੰਤ ਪ੍ਰਭਾਵ ਤੋਂ ਮੁਅਤਲ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ।

Leave a Reply

Your email address will not be published.


*