ਗੁੰਡਿਆਂ ਨਾਲ ਮੁਕਾਬਲਾ ਕਰਦੀ ਜ਼ਖਮੀ ਹੋਈ ਪੁਲਿਸ ਇੰਸਪੈਕਟਰ ਨੂੰ ਦਿੱਤੀ ਜਾਵੇਗੀ ਤਰੱਕੀ ਅਤੇ ਅਜ਼ਾਦੀ ਦਿਹਾੜੇ ਤੇ ਵਿਸ਼ੇਸ਼ ਸਨਮਾਨ- ਧਾਲੀਵਾਲ 

ਅੰਮ੍ਰਿਤਸਰ  (ਰਣਜੀਤ ਸਿੰਘ ਮਸੌਣ) ਬੀਤੀ ਸ਼ਾਮ ਵੇਰਕਾ ਵਿਖੇ ਗੁੰਡਿਆਂ ਨਾਲ ਮੁਕਾਬਲਾ ਕਰਦੀ ਜ਼ਖਮੀ ਹੋਈ ਪੁਲਿਸ ਇੰਸਪੈਕਟਰ ਅਮਨਜੋਤ ਕੌਰ ਜੋ ਕਿ ਵੇਰਕਾ ਦੇ ਥਾਣਾ ਮੁੱਖੀ ਵੀ ਹਨ ਦਾ ਸਥਾਨਕ ਹਸਪਤਾਲ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹਾਲ ਪੁੱਛਣ ਗਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਅਮਨਜੋਤ ਕੌਰ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਵੇਗੀ ਅਤੇ ਇਸ ਅਜ਼ਾਦੀ ਦਿਹਾੜੇ ਉੱਤੇ ਉਹਨਾਂ ਦੀ ਬਹਾਦਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਆਪਣੇ ਵੱਲੋਂ 51 ਹਜ਼ਾਰ ਰੁਪਏ ਦਾ ਇਨਾਮ ਅਮਨਜੋਤ ਕੌਰ ਨੂੰ ਦਿੱਤਾ।
   ਮੰਤਰੀ ਧਾਲੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੇ ਅਜਿਹੇ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ਉੱਤੇ ਮਾਣ ਹੈ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਲਈ ਦਿਨ ਰਾਤ ਡਿਊਟੀ ਕਰ ਰਹੇ ਹਨ । ਉਹਨਾਂ ਕਿਹਾ ਕਿ ਅਮਨਜੋਤ ਕੌਰ ਵੀ ਕੱਲ ਗੁੰਡਿਆਂ ਦੀ ਲੜਾਈ ਦਾ ਪਤਾ ਲੱਗਣ ਉੱਤੇ ਉਸੇ ਵੇਲੇ ਮੌਕੇ ਉੱਤੇ ਪਹੁੰਚੇ ਅਤੇ ਗੁੰਡਿਆਂ ਨਾਲ ਮੁਕਾਬਲਾ ਕਰਦੇ ਹੋਏ ਜ਼ਖਮੀ ਹੋਏ । ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਜੋ ਕਿ ਗੁੰਡਿਆਂ ਅਤੇ ਨਸ਼ਾ ਸਮਗਲਰਾਂ ਲਈ ਖੌਫ਼ ਬਣੇ ਹੋਏ ਹਨ , ਉੱਤੇ ਸਾਨੂੰ ਫ਼ਖ਼ਰ ਹੈ। ਉਹਨਾਂ ਕਿਹਾ ਕਿ ਇੱਕ ਲੜਕੀ ਵੱਜੋਂ ਕੰਮ ਕਰਦੇ ਹੋਏ ਉਹਨਾਂ ਨੇ ਆਪਣੀ ਡਿਊਟੀ ਤਨਦੇਹੀ ਅਤੇ ਬਹਾਦਰੀ ਨਾਲ ਨਿਭਾਈ ਹੈ। ਜਦ ਕਿ ਗੁੰਡਿਆਂ ਨੇ ਇੱਕ ਲੜਕੀ ਉੱਤੇ ਹੱਥ ਚੁੱਕ ਕੇ ਅਤੀ ਘਿਨਾਉਣਾ ਕੰਮ ਕੀਤਾ ਹੈ, ਜਿਨਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇੰਸਪੈਕਟਰ ਅਮਨਜੋਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਦਿਨ ਦਾ ਇਹਨਾਂ ਨੇ ਵੇਰਕਾ ਵਿੱਚ ਅਹੁੱਦਾ ਸੰਭਾਲਿਆ ਹੈ, ਨਸ਼ਾ ਸਮਗਲਰਾਂ ਨੂੰ ਨੱਥ ਪਾਈ ਹੈ ਅਤੇ ਲੋਕਾਂ ਨਾਲ ਬੜੇ ਨੇੜਿਉਂ ਜੁੜੇ ਹਨ । ਉਹਨਾਂ ਕਿਹਾ ਕਿ ਮੈਨੂੰ ਆਪਣੇ ਅਜਿਹੇ ਅਧਿਕਾਰੀਆਂ ਉੱਤੇ ਮਾਣ ਹੈ ਅਤੇ ਸਾਰੀ ਪੁਲਿਸ ਇਹਨਾਂ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਦੋਸ਼ੀ ਫੜ ਲਏ ਗਏ ਹਨ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published.


*