ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਜ਼ਿਲੇ ਅੰਦਰ ਨਸ਼ੇ ਵੇਚਣ ਦਾ ਗੋਰਖ ਧੰਦਾ ਕਰਦੇ ਸਮਾਜ ਵਿਰੋਧੀ ਅਨਸ਼ਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਸਥਾਨਕ ਪੁਲਸ ਵੱਲੋਂ ਇਕ ਔਰਤ ਨੂੰ 6 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡੀਵਜ਼ਨ ਦੇ ਡੀ.ਐੱਸ.ਪੀ. ਗਰਦੀਪ ਸਿੰਘ ਦਿਓਲ ਤੇ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਦੇ ਦਿਸ਼ਾ ਨਿਰਦਸ਼ਾਂ ਹੇਠ ਪੁਲਸ ਚੈਕ ਪੋਸਟ ਘਰਾਚੋਂ ਦੇ ਸਹਾਇਕ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਕਾਕੜਾ ਚੌਂਕ ਤੋਂ ਪਿੰਡ ਆਲੋਅਰਖ ਨੂੰ ਜਾ ਰਹੇ ਸਨ ਤਾਂ ਰਸ਼ਤੇ ’ਚ ਇਕ ਮੋਟਰ ਵਾਲੇ ਕੋਠੇ ਨੇੜੇ ਇਕ ਔਰਤ ਕਥਿਤ ਤੌਰ ‘ਤੇ ਸ਼ੱਕੀ ਹਾਲਤ ‘ਚ ਬੈਠੀ ਦਿਖਾਈ ਦਿੱਤੀ।
ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ ‘ਤੇ ਜਦੋਂ ਉਕਤ ਔਰਤ ਦੀ ਤਲਾਸ਼ੀ ਲਈ ਤਾਂ ਇਸ ਦੇ ਕਬਜ਼ੇ ‘ਚੋਂ ਪੁਲਸ ਨੂੰ ਇਕ ਪਲਾਸਟਿਕ ਦੀ ਥੈਲੀ ‘ਚੋਂ 6 ਗ੍ਰਾਮ ਚਿੱਟਾ/ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਉਕਤ ਔਰਤ ਜਿਸ ਦੀ ਪਛਾਣ ਚਰਨ ਕੌਰ ਪਤਨੀ ਬੰਸਾ ਸਿੰਘ ਵਾਸੀ ਪਿੰਡ ਜੌਲੀਆ ਦੇ ਤੌਰ ‘ਤੇ ਹੋਈ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਇਸ ਵਿਰੁੱਧ ਨਸ਼ਾ ਵਿਰੋਧੀ ਐਕਟ ਐੱਨ.ਡੀ. ਐਂਡ ਪੀ.ਐੱਸ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Leave a Reply