August 17, 2026

Justice News

ਅਵਾਮ ਦੀ ਆਵਾਜ਼

ਡਿਪਟੀ ਕਮਿਸ਼ਨਰ ਵੱਲੋਂ ਡੇਂਗੂ/ਮਲੇਰੀਆ/ਚਿਕਨਗੁਨੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ

ਮੋਗਾ  (ਮਨਪ੍ਰੀਤ ਸਿੰਘ ) – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਪੰਜਾਬ ਰੋਡਵੇਜ਼, ਮੋਗਾ ਦੇ ਜਨਰਲ ਮੈਨੇਜਰ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਉਹਨਾਂ ਦੀ ਵਰਕਸ਼ਾਪ ਵਿੱਚ ਮੁੜ ਲਾਰਵਾ ਮਿਲਿਆ ਤਾਂ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਿਹਤ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਵਰਕਸ਼ਾਪ ਵਿੱਚ ਲਾਰਵਾ ਮਿਲਿਆ ਸੀ। ਜਿਸ ਉੱਤੇ ਸਿਹਤ ਵਿਭਾਗ ਨੇ ਵੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਮੋਗਾ ਨੂੰ ਚਿਤਾਵਨੀ ਜਾਰੀ ਕੀਤੀ ਸੀ।

ਮਲੇਰੀਆ/ਡੇਂਗੂ/ਚਿਕਨਗੁਨੀਆ ਬਿਮਾਰੀਆਂ ਦੀ ਰੋਕਥਾਮ ਅਤੇ ਇਸ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ  ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਅੱਜ ਸਬੰਧਤ ਵਿਭਾਗਾਂ ਦੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ, ਨਗਰ ਨਿਗਮ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜਲ ਸਪਲਾਈ ਤੇ ਸੀਵਰੇਜ਼ ਵਿਭਾਗ, ਸਿੱਖਿਆ ਵਿਭਾਗ, ਲੇਬਰ ਵਿਭਾਗ, ਆਈ.ਐਮ.ਏ., ਐਨ.ਜੀ.ਓਜ਼ ਅਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਜਰੂਰਤ ਹੈ। ਸਿਹਤ ਵਿਭਾਗ ਦੇ ਨੁਮਾਇੰਦਆਂ ਨੇ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਸਿਹਤ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਬੁਖਾਰ ਵਾਲੇ ਮਰੀਜ਼ਾਂ ਦਾ ਖੂਨ ਟੈਸਟ ਮੁਫ਼ਤ ਕੀਤਾ ਜਾਂਦਾ ਹੈ ਅਤੇ ਮਲੇਰੀਆ ਦੀ ਰਿਪੋਰਟ ਪਾਜੀਟਿਵ ਆਉਣ ‘ਤੇ ਮਰੀਜ਼ਾਂ ਨੂੰ ਪੂਰਾ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਮਲੇਰੀਆ ਅਤੇ ਡੇਂਗੂ ਪ੍ਰਭਾਵਿਤ ਇਲਾਕੇ ਵਿੱਚ ਫੀਵਰ ਸਰਵੇ ਅਤੇ ਸਪਰੇਅ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਕਿ ਉਹ ਜ਼ਿਲ੍ਹੇ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਜੋ ਕਿ ਮੱਛਰਾਂ ਦਾ ਲਾਰਵਾ ਖਾਂਦੀਆਂ ਹਨ, ਨੂੰ ਛੱਡਣਾ ਯਕੀਨੀ ਬਣਾਉਣ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਨ੍ਹਾਂ ਹਦਾਇਤ ਜਾਰੀ ਕੀਤੀ ਕਿ ਉਹ ਡੇਂਗੂ/ਚਿਕਨਗੁਨੀਆ/ਮਲੇਰੀਆ ਨੂੰ ਰੋਕਣ ਲਈ ਕਰਵਾਈ ਜਾਣ ਵਾਲੀ ਫਾਗਿੰਗ ਜਾਂ ਲਾਰਵੇ ਦੀ ਚੈਕਿੰਗ ਜਾਂ ਹੋਰ ਕਾਰਵਾਈ ਦਾ ਰੋਸਟਰ ਬਣਾ ਕੇ ਦਫ਼ਤਰ ਨੂੰ ਜਮ੍ਹਾਂ ਕਰਵਾਉਣ।

ਉਨ੍ਹਾਂ ਦੱਸਿਆ ਕਿ ਏਡੀਜ਼ ਦੀ ਬ੍ਰੀਡਿੰਗ ਦੇ ਖਾਤਮੇ ਲਈ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਦੇ ਤੌਰ ਤੇ ਮਨਾਉਣ ਅਤੇ ਘਰਾਂ ਵਿੱਚ ਮੱਛਰਾਂ ਦੀ ਬ੍ਰੀਡਿੰਗ ਦੇ ਖਾਤਮੇ ਲਈ ਹਰ ਐਤਵਾਰ ਡੇਂਗੂ ਤੇ ਵਾਰ ਦਾ ਪ੍ਰਚਾਰ ਜੋਰਾਂ ‘ਤੇ ਕੀਤਾ ਜਾਵੇ। ਇਸ ਦੌਰਾਨ ਘਰਾਂ ਵਿੱਚ ਪਏ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਜਾਂ ਕੰਨਟੇਨਰਾਂ ਨੂੰ ਢਕ ਕੇ ਰੱਖਿਆ ਜਾਵੇ ਅਤੇ ਘਰਾਂ ਵਿੱਚ ਪਏ ਖਾਲੀ ਕੰਨਟੇਨਰ, ਗਮਲੇ, ਟਾਇਰਾਂ, ਕੂਲਰ ਜਾਂ ਫਰਿਜਾਂ ਦੀਆਂ ਡਿਸਪੋਜ਼ਲ ਟ੍ਰੇਆਂ ਨੂੰ ਸਾਫ਼ ਕਰਵਾਇਆ ਜਾਵੇ।

ਉਨ੍ਹਾਂ ਮਿਉਂਸਪਲ ਕਾਰਪੋਰੇਸ਼ਨ ਅਤੇ ਲੋਕਲ ਸਰਕਾਰੀ ਕਮੇਟੀਆਂ ਨੂੰ ਫਾਗਿੰਗ ਲਗਾਤਾਰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਏਡੀਜ਼ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਫਾਗਿੰਗ ਕਰਨ ਦਾ ਸਮਾਂ ਸਵੇਰੇ 9 ਤੋਂ 11 ਵਜੇ ਅਤੇ ਸ਼ਾਮ 4 ਤੋਂ 7 ਵਜੇ ਦੇ ਵਿੱਚ ਹੀ ਰੱਖਿਆ ਜਾਵੇ। ਅਖੀਰ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤਾਂ ਕੀਤੀ ਕਿ ਡੇਂਗੂ/ਮਲੇਰੀਆ/ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਉਪਰਾਲਿਆਂ ਲਈ ਹਰੇਕ ਵਿਭਾਗ ਨੂੰ ਉਨ੍ਹਾਂ ਨਾਲ ਸੰਬੰਧਤ ਕੰਮ ਦਿੱਤੇ ਜਾਣ। ਉਨ੍ਹਾਂ ਸਮੂਹ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਡੇਂਗੂ/ਚਿਕਨਗੁਨੀਆ/ਮਲੇਰੀਆ ਲਈ ਰੋਕਥਾਮ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ ਤਾਂ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਦੇ ਕੇਸਾਂ ਨੂੰ ਘਟਾਇਆ ਜਾ ਸਕੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.