ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਥਾਰ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ 

ਅੰਮ੍ਰਿਤਸਰ,   (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਥਾਰ ਲਈ ਤਜਵੀਜ਼ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਮੁੱਖ ਸੈਕਟਰੀ ਨੂੰ ਭੇਜੀ ਹੈ। ਦੱਸਣਯੋਗ ਹੈ ਕਿ 25 ਜੁਲਾਈ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਹ ਮੁੱਦਾ ਉਠਾਇਆ ਸੀ ਕਿ ਜੇਕਰ ਅੰਮ੍ਰਿਤਸਰ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾਵੇ ਤਾਂ ਇਹ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੂੰ ਇਸ ਬਾਬਤ ਲਿਖਤੀ ਤਜਵੀਜ਼ ਭੇਜਣ ਲਈ ਹਦਾਇਤਫ੍ਹ ਕੀਤੀ ਸੀ।
  ਸ੍ਰੀ ਥੋਰੀ ਨੇ ਬੀਤੇ ਦਿਨ ਵਿਸ਼ੇਸ਼ ਮੁੱਖ ਸਕੱਤਰ ਅਤੇ ਡਾਇਰੈਕਟਰ ਸਿਵਲ ਐਵੀਏਸ਼ਨ ਪੰਜਾਬ ਨੂੰ ਭੇਜੇ ਗਏ ਪੱਤਰ ਵਿੱਚ ਲਿਖਿਆ ਕਿ ਜੇਕਰ ਇਸ ਦਾ ਵਿਸਥਾਰ ਕੀਤਾ ਜਾਵੇ ਤਾਂ ਅੰਮ੍ਰਿਤਸਰ ਦਾ ਹਵਾਈ ਅੱਡਾ ਪ੍ਰਵਾਸੀ ਭਾਰਤੀਆਂ ਅਤੇ ਸੈਲਾਨੀਆਂ ਲਈ ਪੰਜਾਬ ਦਾ ਗੇਟਵੇਅ ਸਾਬਤ ਹੋ ਸਕਦਾ ਹੈ। ਉਹਨਾਂ ਲਿਖਿਆ ਕਿ ਬੀਤੇ ਸਮੇਂ ਦੌਰਾਨ ਇੱਥੇ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ,  ਸੋ ਲੋੜ ਹੈ ਕਿ ਇਸ ਦੇ ਟਰਮੀਨਲ ਵਿੱਚ ਵਾਧਾ ਕੀਤਾ ਜਾਵੇ।
        ਉਹਨਾਂ ਲਿਖਿਆ ਕਿ ਇਸ ਵੇਲੇ ਇਸ ਦਾ ਖੇਤਰ 40 ਹਜ਼ਾਰ ਵਰਗ ਮੀਟਰ ਹੈ ਅਤੇ 1600 ਯਾਤਰੀਆਂ ਦੀ ਸਮਰੱਥਾ ਹੈ ਪਰ ਸੈਲਾਨੀਆਂ ਦੀ ਲਗਾਤਾਰ ਵੱਧ ਰਹੀ ਆਮਦ ਕਾਰਨ ਇਸ ਵਿੱਚ 10 ਹਜ਼ਾਰ ਵਰਗ ਮੀਟਰ ਦਾ ਖੇਤਰ ਹੋਰ ਨਾਲ ਜੋੜਨ ਅਤੇ ਸੈਲਾਨੀਆਂ ਦੀ ਸਮਰੱਥਾ 2000 ਦੇ ਕਰੀਬ ਕਰਨ ਦੀ ਤੁਰੰਤ ਲੋੜ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਿਕ ਸਥਾਨਾਂ ਕਾਰਨ ਵਿਸ਼ਵ ਭਰ ਤੋਂ ਯਾਤਰੀ ਆਉਂਦੇ ਹਨ। ਜੇਕਰ ਹਵਾਈ ਅੱਡੇ ਦਾ ਵਿਸਥਾਰ ਹੁੰਦਾ ਹੈ ਤਾਂ ਇਸ ਨਾਲ ਸਥਾਨਕ ਸੈਰ ਸਪਾਟਾ ਸਨਅਤ ਅਤੇ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਹੋਰ ਇੰਟਰਨੈਸ਼ਨਲ ਉਡਾਨਾਂ ਅੰਮ੍ਰਿਤਸਰ ਪਹੁੰਚਣਗੀਆਂ, ਜਿਸ ਨਾਲ ਅੰਮ੍ਰਿਤਸਰ ਦਾ ਸੰਪਰਕ ਸਮੁੱਚੇ ਵਿਸ਼ਵ ਨਾਲ ਵਧੇਗਾ, ਜੋ ਕਿ ਵਪਾਰ, ਕਮਰਸ, ਸੱਭਿਆਚਾਰ ਅਤੇ ਆਰਥਿਕ ਵਿਕਾਸ ਵਿੱਚ ਵੱਡੀ ਮੱਦਦ ਕਰੇਗਾ।

Leave a Reply

Your email address will not be published.


*