ਦੇਸ਼ ਅੰਦਰ ਸੰਵਿਧਾਨ ਪੜਾਉਣ ਦਾ ਵਿਸ਼ਾ ਲਾਜ਼ਮੀ ਹੋਵੇ-ਸੰਤ ਸਤਵਿੰਦਰ ਹੀਰਾ 

ਹੁਸ਼ਿਆਰਪੁਰ ( ਤਰਸੇਮ ਦੀਵਾਨਾ  )ਇੰਸਪੈਕਟਰ ਮਨਿੰਦਰ ਸਿੰਘ ਹੀਰਾ ਅਸਿਸਟੈਂਟ ਕਮਾਂਡਰ ਹੋਮਗਾਰਡ ਜ਼ਿਲਾ ਹੁਸ਼ਿਆਰਪੁਰ,ਕਰਮਜੀਤ ਸਿੰਘ ਸਰਪੰਚ ਪਿੰਡ ਤਨੁਲੀ,ਜਸਵਿੰਦਰ ਸਿੰਘ, ਗੌਰਵ,ਜਸਪ੍ਰੀਤ ਸਿੰਘ ਸੰਗਤਾਂ ਦੇ ਜਥੇ ਨਾਲ ਅੱਜ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਵਿਖੇ ਨਤਮਸਤਿਕ ਹੋਏ ਅਤੇ ਉਨਾਂ ਨੇ ਆਪਣੀ ਨੇਕ ਕਮਾਈ ਵਿਚੋਂ 2500 ਰੁਪਏ ਗੁਰੂ ਕੇ ਲੰਗਰਾਂ ਲਈ ਸੇਵਾ ਦਾ ਯੋਗਦਾਨ ਪਾਇਆ।ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋੰ ਮਨਿੰਦਰ ਹੀਰਾ ਨੂੰ ਗੁਰੂ ਘਰ ਦਾ ਸੁੰਦਰ ਸਰੂਪ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਇੰਗਲੈਂਡ ਵਿਖੇ ਆਦਿ ਧਰਮ ਪ੍ਰਚਾਰ ਯਾਤਰਾ ਤੋਂ ਬਾਅਦ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਸਤਿਸੰਗ ਰਾਂਹੀ ਰਹਿਬਰਾਂ ਦੇ ਮਹਾਨ ਫਲਸਫੇ ਨਾਲ ਜੋੜਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਭਾਰਤ ਵਿਚ ਪੁਰਾਤਨ ਸਮੇਂ ਤੋਂ ਚੱਲ ਰਹੀਆਂ ਆਦਿ ਧਰਮ ਦੀਆਂ ਕ੍ਰਾਂਤੀਕਾਰੀ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੀਆਂ ਲਹਿਰਾਂ ਦਾ ਇਹ ਨਤੀਜਾ ਨਿਕਲਿਆ ਹੈ ਕਿ ਅੱਜ ਦੇਸ਼ ਦੀ ਪਾਰਲੀਮੈਂਟ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਕ੍ਰਾਂਤੀਕਾਰੀ ਵਿਚਾਰਾਂ ਦੀ ਗੱਲ ਹੋ ਰਹੀ ਹੈ ਅਤੇ ਜੈ ਭੀਮ ਜੈ ਸੰਵਿਧਾਨ ਦੇ ਨਾਅਰੇ ਲੱਗ ਰਹੇ ਹਨ।
ਓਨਾਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੇ ਇਤਿਹਾਸਕ ਅਸਥਾਨਾਂ ਦੇ ਖੋਜ ਕਰਤਾ ਸੰਤ ਬਾਬਾ ਬੰਤਾ ਰਾਮ ਘੇੜਾ ਵਲੋੰ ਆਦਿ ਧਰਮ ਮਿਸ਼ਨ ਦੀ ਸਥਾਪਨਾ ਕਰਕੇ ਮਹਾਨ ਕ੍ਰਾਂਤੀਕਾਰੀ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਮਹਾਤਮਾ ਜੋਤੀਬਾ ਫੂਲੇ,ਪੇਰੀਅਰ ਰਾਮਾ ਸੁਆਮੀ ਨਾਇਕਰ, ਸ਼ਾਹੂ ਜੀ ਛਤਰਪਤੀ ਮਹਾਰਾਜ ਅਤੇ ਡਾ. ਅੰਬੇਡਕਰ ਦੀ ਸੋਚ ਨੂੰ ਅੱਗੇ ਵਧਾਇਆ ਹੈ। ਉਨਾਂ ਕਿਹਾ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪਲੇਟਫਾਰਮ ਤੋਂ ਭਾਰਤ ਦੇ ਵੱਖ ਵੱਖ ਰਾਜਾਂ, ਸ਼ਹਿਰਾਂ,ਪਿੰਡਾਂ ਵਿਚ ਸਤਿਸੰਗ ਕਰਕੇ ਦੇਸ਼ ਦੇ ਬਹੁ ਗਿਣਤੀ ਆਦਿ ਧਰਮੀ ਲੋਕਾਂ ਨੂੰ ਉਨਾਂ ਦੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਸੰਤ ਸਤਵਿੰਦਰ ਹੀਰਾ ਨੇ ਕਿਹਾ ਅੱਜ ਲੋੜ ਹੈ ਸਕੂਲਾਂ, ਕਾਲਿਜਾਂ, ਯੂਨੀਵਰਸਟੀਆਂ ਵਿਚ ਸੰਵਿਧਾਨ ਦਾ ਵਿਸ਼ਾ ਪੜਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਕਿ ਹਰ ਬੱਚਾ,ਦੇਸ਼ ਦਾ ਹਰ ਨਾਗਰਿਕ ਆਪਣੇ ਸੰਵਿਧਾਨਕ ਅਧਿਕਾਰਾਂ ਤੋਂ ਜਾਣੂ ਹੋ ਸਕੇ।
ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਵੱਸਦੀਆਂ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋੰ ਆਦਿ ਧਰਮ ਲਹਿਰ ਨੂੰ ਜਨ ਜਨ ਤੱਕ ਪਹੁੰਚਾਉਣ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਦਰਸਾਏ “ਬੇਗਮਪੁਰਾ ਸ਼ਹਿਰ” ਵਸਾਉਣ ਅਤੇ ਡਾ. ਅੰਬੇਡਕਰ ਦੇ “ਪੜ੍ਹੋ , ਜੁੜੋ ਤੇ ਸੰਘਰਸ਼” ਕਰੋ ਦੇ ਫਲਸਫੇ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਕਰਕੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ, ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਵਲੋੰ ਵਿਦੇਸ਼ਾਂ ਦੀਆਂ ਸੰਗਤਾਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ ਗਿਆ ਹੈ।

Leave a Reply

Your email address will not be published.


*