ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਵਨ-ਟਾਈਮ ਸੈਟਲਮੈਂਟ ਸਕੀਮ ਦਾ ਲਾਭ ਲੈਣ ਦਾ ਸੱਦਾ

 ਸੰਗਰੂਰ ( ਪੱਤਰ ਪ੍ਰੇਰਕ)
ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਵਪਾਰੀਆਂ ਨੂੰ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ (ਓਟੀਐਸ) ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਇਸ ਸਕੀਮ ਦਾ ਲਾਭ ਉਠਾਉਣ ਲਈ 31 ਜੁਲਾਈ ਅੰਤਿਮ ਤਾਰੀਖ ਨਿਰਧਾਰਿਤ ਕੀਤੀ ਗਈ ਸੀ ਪਰ ਹੁਣ ਸਰਕਾਰ ਵੱਲੋਂ ਇਸ ਸਕੀਮ ਨੂੰ 16 ਅਗਸਤ ਤੱਕ ਵਧਾ ਦਿੱਤਾ ਗਿਆ ਹੈ ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਰਾਜ ਟਰੇਡਰਜ਼ ਕਮਿਸ਼ਨ, ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਚੰਡੀਗੜ੍ਹ ਦੇ ਚੇਅਰਮੈਨ ਅਨਿਲ ਠਾਕੁਰ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਨੂੰ ਆਪਣੇ ਟੈਕਸਾਂ ਦੇ ਬਕਾਇਆਜਾਤ ਦਾ ਨਿਪਟਾਰਾ ਕਰਨ ਲਈ ਇਸ ਸਕੀਮ ਦਾ ਲਾਭ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਖਾਸ ਤੌਰ ‘ਤੇ 1 ਕਰੋੜ ਤੱਕ ਦੀ ਕੁੱਲ ਮੰਗ ਵਾਲੇ ਕੇਸਾਂ ਲਈ। ਉਨ੍ਹਾਂ ਦੱਸਿਆ ਕਿ ਇਹ ਸਕੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਹੁਣ 16 ਅਗਸਤ, 2024 ਤੱਕ ਲਾਗੂ ਰਹਿਣ ਵਾਲੀ ਯਕਮੁਸ਼ਤ ਨਿਪਟਾਰਾ ਯੋਜਨਾ ਵਪਾਰੀਆਂ ਲਈ ਬੇਹੱਦ ਲਾਹੇਵੰਦ ਸਕੀਮ ਹੈ, ਇਸ ਲਈ ਵਪਾਰੀਆਂ ਨੂੰ ਇਸ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ।
ਮੀਟਿੰਗ ਦੌਰਾਨ, ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਜੀਐਸਟੀ ਦੀਆਂ ਚੁਣੌਤੀਆਂ ਸਮੇਤ ਹੋਰ ਮੁਸ਼ਕਿਲਾਂ ਤੇ ਟੈਕਸ ਚੋਰੀ ਦਾ ਮੁਕਾਬਲਾ ਕਰਨ ਲਈ ਰਣਨੀਤੀ ‘ਤੇ ਚਰਚਾ ਕੀਤੀ।ਅਨਿਲ ਠਾਕੁਰ ਨੇ ਵਪਾਰੀਆਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਦੀ ਸਹੂਲਤ ਲਈ ਇੱਕ ਸਾਧਨ ਵਜੋਂ ਮੇਰਾ ਬਿੱਲ ਐਪ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਵਿੰਗਾਂ ਜਿਵੇਂ ਕਿ ਆਬਕਾਰੀ, ਮੋਬਾਈਲ ਅਤੇ ਜੀਐਸਟੀ ਵਿੰਗਾਂ ਨਾਲ ਸਬੰਧਤ ਸਮੱਸਿਆਵਾਂ ਵੀ ਸੁਣੀਆਂ। ਵਪਾਰੀਆਂ ਅਤੇ ਵਿਭਾਗ ਦਰਮਿਆਨ ਟੈਕਸ ਚੋਰੀ ਨਾਲ ਨਜਿੱਠਣ, ਮਾਲੀਆ ਇਕੱਠਾ ਕਰਨ ਵਿੱਚ ਵਾਧਾ ਕਰਨ ਅਤੇ ਕੇਸਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਮਹੱਤਵਪੂਰਨ ਚਰਚਾ ਕੀਤੀ। ਵਪਾਰੀਆਂ ਅਤੇ ਵਿਭਾਗ ਨੇ ਇਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇਕ ਦੂਜੇ ਨਾਲ ਮਿਲਵਰਤਨ ਕਰਨ ਲਈ ਵਚਨਬੱਧਤਾ ਪ੍ਰਗਟਾਈ।
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਰਾਜ ਕਰ) ਸੁਨੀਤਾ ਬੱਤਰਾ, ਰਾਜ ਕਰ ਅਫ਼ਸਰ,  ਆਬਕਾਰੀ ਅਫ਼ਸਰ, ਐਸੋਸੀਏਸ਼ਨ ਆਫ ਇੰਡਸਟਰੀਜ ਐਂਡ ਟਰੇਡਰਜ਼ ਸੰਗਰੂਰ, ਜ਼ਿਲਾ ਸੰਗਰੂਰ ਦੇ ਉਦਯੋਗਪਤੀ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Leave a Reply

Your email address will not be published.


*