Oplus_131072

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਏ ਸ੍ਰੀ ਅਕਾਲ ਤਖ਼ਤ ਤੇ ਪੇਸ਼, ਜੱਥੇਦਾਰ ਜੀ ਨੂੰ ਬੰਦ ਲਿਫ਼ਾਫ਼ਾ ਸੌਂਪਿਆ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ) ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਦਿਨਾਂ ਤੋਂ ਪਾਰਟੀ ਪ੍ਰਧਾਨ ਬਦਲਣ ਦੀ ਅਕਾਲੀ ਦਲ ਦੇ ਇੱਕ ਧੜੇ ਵੱਲੋਂ ਮੰਗ ਚੱਲ ਰਹੀ ਹੈ। ਉਸ ਧੜੇ ਵੱਲੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਆਪਣੇ ਵੱਲੋਂ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਮੰਗੀ ਗਈ ਸੀ। ਉਸ ਤੋਂ ਬਾਅਦ ਪੰਜ ਜੱਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਲਿਖ਼ਤੀ ਜਵਾਬ ਮੰਗਿਆਂ ਸੀ। ਦੱਸ ਦਈਏ ਕਿ ਪਹਿਲੀ ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਬਾਗੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਿਆ ਸੀ। ਜਿੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੁਆਫ਼ੀ ਪੱਤਰ ਸੌਂਪਿਆ ਸੀ।
ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਸਾਹਮਣੇਂ ਪੇਸ਼ ਹੋਏ। ਇਸ ਮੌਕੇ ਉਹਨਾਂ ਜੱਥੇਦਾਰ ਸਾਹਿਬ ਜੀ ਨੂੰ ਬੰਦ ਲਿਫ਼ਾਫ਼ਾ ਸੌਂਪਿਆ। ਸੁਖਬੀਰ ਸਿੰਘ ਬਾਦਲ ਵੱਲੋਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਦੱਸ ਦਈਏ ਕਿ ਇਸ ਬੰਦ ਲਿਫ਼ਾਫ਼ੇ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਕਮੇਟੀ ਅੱਗੇ ਖੋਲ੍ਹਿਆ ਜਾਵੇਗਾ
ਬਾਗ਼ੀ ਧੜੇ ਨੇ ਮੁਆਫ਼ੀਨਾਮੇ ਵਿੱਚ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਦਾ ਸਮਰਥਨ ਕਰਨ ਲਈ ਮੁਆਫ਼ੀ ਮੰਗੀ ਸੀ ਅਤੇ ਦੋਸ਼ ਲਾਇਆ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਸੱਤਾ ਦਾ ਆਨੰਦ ਮਾਣਦਿਆਂ ਆਪਣੇ ਪ੍ਰਭਾਵ ਅਤੇ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ।

Leave a Reply

Your email address will not be published.


*