ਮੇਰੀ ਸੜਕ ਪੋਰਟਲ ਤੇ ਸ਼ਕਾਇਤਾਂ ਦਾ ਨਿਪਟਾਰਾ ਕੀਤੇ ਬਗੈਰ, ਕੰਮ ਪੂਰਾ ਕਰਨ ਦੇ ਪਾਏ ਜਾ ਰਹੇ ਹਨ ਮੈਸੇਜ

ਸੰਗਰੂਰ (   ਪੱਤਰ ਪ੍ਰੇਰਕ )ਪਿਛਲੇ ਦਿਨੀਂ ਅਖ਼ਬਾਰਾਂ ਵਿਚ ਦਿੜ੍ਹਬੇ ਸ਼ਹਿਰ ਦੀਆਂ ਸੜਕਾਂ ਤੇ ਖੜੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਵਿੱਤ ਮੰਤਰੀ ਦੀ ਘੁਰਕੀ ਤੋਂ ਬਾਅਦ ਦਿੜ੍ਹਬੇ ਸ਼ਹਿਰ ਦਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ, ਉਸਨੇ ਪਾਣੀ ਦੇ ਨਿਕਾਸ ਤੇ ਸੜਕਾਂ ਦੀ ਹਾਲਤ ਸੁਧਾਰਨ ਲਈ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।
ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ ਦੇ ਪ੍ਰਧਾਨ ਬਹਾਦਰ ਸਿੰਘ ਲੌਂਗੋਵਾਲ, ਮੈਂਬਰ ਮਨਧੀਰ ਸਿੰਘ, ਸਵਰਨਜੀਤ ਸਿੰਘ, ਬਲਦੇਵ ਸਿੰਘ ਤੇ ਮਾਲਵਿੰਦਰ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਧੂਰੀ ਰੋਡ, ਸੰਗਰੂਰ ਦੇ ਫਲਾਈਓਵਰ ਦੇ ਨੀਚੇ ਬਣੀਆਂ ਸੜਕਾਂ ਜੋ ਚੀਮਾ ਸਾਹਿਬ ਦੇ ਘਰ ਨੂੰ ਵੀ ਜਾਂਦੀਆਂ ਹਨ ਦੀ ਹਾਲਤ ਬਾਰੇ ਜਾਣੂ ਕਰਵਾਉਂਦਿਆਂ ਸੰਗਰੂਰ ਦੇ ਪ੍ਰਸ਼ਾਸਨ ਨੂੰ ਵੀ ਜਗਾਉਂਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਕਲੋਨੀ ਵਾਸੀ ਪਿਛਲੇ ਢਾਈ ਸਾਲਾਂ ਤੋਂ ਆਪ ਜੀ ਨੂੰ, ਵਿਧਾਇਕ ਹਲਕਾ ਸੰਗਰੂਰ, ਡਿਪਟੀ ਕਮਿਸ਼ਨਰ ਸੰਗਰੂਰ ਤੇ ਨਗਰ ਕੌਂਸਲ ਸੰਗਰੂਰ ਨੂੰ ਮਿਲ ਚੁਕੇ ਹਨ, ਪਰ ਇੰਨਾ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਗਈ। ਪਹਿਲਾਂ ਨਗਰ ਕੌਂਸਲ ਸੰਗਰੂਰ ਦੇ ਕਾਰਜਸਾਧਕ ਅਫ਼ਸਰ ਕਹਿੰਦੇ ਸੀ ਕਿ ਇਹ ਸੜਕਾਂ ਲੋਕ ਨਿਰਮਾਣ ਵਿਭਾਗ ਦੀਆਂ ਹਨ। ਪਿਛਲੇ ਸਾਲ ਲੋਕ ਨਿਰਮਾਣ ਵਿਭਾਗ ਨੇ ਇਹ ਸੜਕਾਂ ਲਿਖਤੀ ਰੂਪ ਵਿੱਚ ਨਗਰ ਕੌਂਸਲ ਸੰਗਰੂਰ ਨੂੰ ਦੇ ਦਿਤੀਆਂ ਹਨ। ਉਸ ਤੋਂ ਬਾਅਦ ਪਾਣੀ ਦੇ ਨਿਕਾਸ ਲਈ ਤੇ ਸੜਕਾਂ ਬਣਾਉਣ ਲਈ 52 ਲੱਖ ਰੁਪਏ ਦਾ ਐਸਟੀਮੇਟ ਇੰਨ੍ਹਾਂ ਦੇ ਦੱਸਣ ਮੁਤਾਬਿਕ ਪਾਸ ਵੀ ਹੋ ਗਿਆ ਸੀ ਤੇ ਦਸੰਬਰ ਮਹੀਨੇ ਵਿੱਚ ਟੈਂਡਰ ਵੀ ਲੱਗ ਗਿਆ ਸੀ।
ਕਾਰਜਸਾਧਕ ਅਫ਼ਸਰ ਨਗਰ ਕੌਂਸਲ ਸੰਗਰੂਰ ਦਾ ਕਹਿਣਾ ਸੀ ਫਰਵਰੀ 2024  ਵਿਚ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਅੱਜ ਤੱਕ ਨਹੀਂ ਹੋਇਆ। ਭਾਰਤ ਸਰਕਾਰ/ਪੰਜਾਬ ਸਰਕਾਰ ਦੇ ਪੋਰਟਲ ਮੇਰੀ ਸੜਕ ਤੇ ਸ਼ਕਾਇਤਾਂ ਵੀ ਕਰ ਰਹੇ ਹਾਂ ਪਰ ਉਹ ਪੋਰਟਲ ਬਗੈਰ ਕੰਮ ਕੀਤੇ ਹੀ ਸ਼ਕਾਇਤਾਂ ਦਾ ਨਿਪਟਾਰਾ ਕਰ ਰਿਹਾ ਹੈ, ਜਦ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ। ਇਸ ਤੋਂ ਬਾਅਦ ਲੋਕਾਂ ਕੋਲ ਸੰਘਰਸ਼ ਕਰਨ ਦਾ ਰਸਤਾ ਹੀ ਬਚਦਾ ਹੈ, ਜੋ ਕਿ ਨਗਰ ਕੌਂਸਲ ਸੰਗਰੂਰ ਤੇ ਸੰਗਰੂਰ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ।
ਫਲਾਈਓਵਰ ਦੇ ਉੱਪਰ ਤੇ ਨੀਚੇ ਪਾਰਕ ਦੀਆਂ ਲਾਈਟਾਂ ਜੋ ਕੇ ਬਹੁਤ ਦੇਰ ਤੋਂ ਖ਼ਰਾਬ ਹੋਣ ਦੇ ਬਾਵਜੂਦ ਵੀ ਠੀਕ ਨਹੀਂ ਕੀਤੀਆਂ ਜਾ ਰਹੀਆਂ, ਟੋਲ ਹਟਣ ਤੋਂ ਬਾਅਦ ਇਹ ਸਾਰੀਆਂ ਲਾਈਟਾਂ ਲੋਕ ਨਿਰਮਾਣ ਵਿਭਾਗ ਨੇ ਨਗਰ ਕੌਂਸਲ ਸੰਗਰੂਰ ਨੂੰ ਦੇ ਦਿਤੀਆਂ ਸਨ, ਉਸ ਤੋਂ ਬਾਅਦ ਨਗਰ ਕੌਂਸਲ ਸੰਗਰੂਰ ਨੇ ਬਿਜਲੀ ਦਾ ਮੀਟਰ ਲਗਵਾ ਕੇ ਇਹ ਲਾਈਟਾਂ ਚਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਫਿਰ ਲੋਕ ਨਿਰਮਾਣ ਵਿਭਾਗ ਦਾ ਕੀ ਰੋਲ ਰਹਿ ਗਿਆ।
ਪਾਰਕ ਸੰਭਾਲ ਕਮੇਟੀ ਦੇ ਨੁਮਾਇੰਦਿਆਂ ਨੇ ਦੋ ਸਾਲ ਵਿੱਤ ਮੰਤਰੀ ਨੂੰ ਇਸ ਫਲਾਈਓਵਰ ਦੇ ਨੀਚੇ ਬਣੇ ਪਾਰਕ ਦੀ ਸਾਂਭ ਸੰਭਾਲ ਲਈ ਗਰਾਂਟ ਦੇਣ ਦੀ ਮੰਗ ਵੀ ਉਸੇ ਤਰ੍ਹਾਂ ਹੀ ਲਟਕ ਰਹੀ ਹੈ ਜਿਵੇਂ ਉਠ ਦਾ ਬੁੱਲ। ਹਾਂ  ਇਹ ਸੱਚ ਕਿ ਵਿੱਤ ਮੰਤਰੀ ਇਸ ਕਲੋਨੀ ਦੇ ਵਾਸੀ ਹੋਣ ਦੇ ਨਾਤੇ ਪਾਰਕ ਦੀ ਸੰਭਾਲ ਕੀਤੀ ਜਾ ਰਹੀ ਸਲਾਨਾ ਰਾਸ਼ੀ ਵਿੱਚ ਆਪਣਾ ਹਿੱਸਾ ਜ਼ਰੂਰ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਵਿੱਤ ਮੰਤਰੀ ਸਾਹਿਬ ਦਿੜ੍ਹਬੇ ਦੇ ਪ੍ਰਸ਼ਾਸਨ ਨੂੰ ਜਗਾਉਣ ਦੀ ਤਰ੍ਹਾਂ ਸੰਗਰੂਰ ਦੇ ਪ੍ਰਸ਼ਾਸਨ ਨੂੰ ਵੀ ਜਗਾਉਣਗੇ।

Leave a Reply

Your email address will not be published.


*