ਲੇਖਕ ਸੰਗ ਸੰਵਾਦ ਦੌਰਾਨ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਿੱਚ ਹੋਈ ਚਰਚਾ

ਰਾਮਪੁਰ/ਲੁਧਿਆਣਾ: ( ਵਿਜੇ ਭਾਂਬਰੀ )  ਬਨਾਵਟੀ ਬੁੱਧੀਮਤਾ (ਆਰਟੀਫ਼ਿਸ਼ੀਅਲ ਇੰਟੈਲੀਜੈਂਸ) ਬਾਰੇ ਪੈਦਾ ਕੀਤੇ ਜਾ ਰਹੇ ਡਰ ਬੇਬੁਨਿਆਦ ਹਨ, ਇਸ ਦੀ ਲੋਕ-ਪੱਖੀ ਤੇ ਉਸਾਰੀ ਵਰਤੋਂ ਲਈ ਸਾਨੂੰ ਅੱਜ ਦੀ ਤਕਨੀਕ ਤੇ ਵਰਤੋਂ ਬਾਰੇ ਜਾਣੂ ਹੋਣਾ ਚਾਹੀਦਾ ਹੈ। ਇਹ ਵਿਚਾਰ ਪੱਤਰਕਾਰ, ਅਨੁਵਾਦਕ ਅਤੇ ਲੇਖਕ ਦੀਪ ਜਗਦੀਪ ਸਿੰਘ ਨੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਮੀਟਿੰਗ  ਦੌਰਾਨ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਸਭਾ ਦੇ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿਚ ਪ੍ਰਗਟ ਕੀਤੇ। ਪੰਜਾਬੀ ਲਿਖਾਰੀ  ਸਭਾ ਰਾਮਪੁਰ ਦੀ ਲੇਖਕ ਸੰਗ ਸੰਵਾਦ ਲੜੀ ਤਹਿਤ ਇਹ ਇਕੱਤਰਤਾ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ।  ਇਕੱਤਰਤਾ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਆਏ ਲੇਖਕਾਂ ਨੂੰ ਜੀ ਆਇਆਂ ਨੂੰ ਕਿਹਾ। ਇਕੱਤਰਤਾ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲੇਖਕ ਹਰਭਜਨ ਮਾਂਗਟ ਤੇ ਲੇਖਕ ਨੇਤਰ ਮੁੱਤੋਂ ਦੇ ਭੈਣ ਤੇਜ ਕੌਰ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਤੋਂ ਬਾਅਦ ਲੇਖਕ ਸੰਗ ਸੰਵਾਦ ਲੜੀ ਤਹਿਤ ਬਨਾਵਟੀ ਬੁੱਧੀਮਤਾ ਵਿਸ਼ੇ ’ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਮੈਂਬਰ ਤੇ ਤਕਨੀਕ ਰਾਹੀਂ ਮਾਂ-ਬੋਲੀ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਕਾਰਜ ਕਰ ਰਹੇ ਦੀਪ ਜਗਦੀਪ ਸਿੰਘ ਨਾਲ ਸੰਵਾਦ ਰਚਾਇਆ ਗਿਆ। ਦੀਪ ਜਗਦੀਪ ਸਿੰਘ ਨੇ ਇਸ ਵਿਸ਼ੇ ’ਤੇ ਬੋਲਦਿਆਂ ਦੱਸਿਆ ਕਿ ਮਨੁੱਖ ਹਮੇਸ਼ਾ ਕੁਦਰਤ ਦੀ ਨਕਲ ਕਰਦਾ ਆਇਆ ਹੈ।  ਉਸ ਨੇ ਪੰਛੀ ਨੂੰ ਦੇਖ ਕੇ ਜਹਾਜ਼ ਬਣਾਇਆ ਤੇ ਅੱਖ ਨੂੰ ਦੇਖ ਕੇ ਕੈਮਰਾ I ਹੁਣ ਉਹ ਆਦਮੀ ਦੀ ਬੁੱਧੀਮਤਾ ਦੀ ਨਕਲ ਕਰਦੀ ਬਣਾਵਟੀ ਬੁੱਧੀਮਤਾ ਵੀ ਬਣਾ ਚੁੱਕਾ ਹੈ। ਸਾਨੂੰ ਅੱਜ ਦੇ ਸਮੇਂ ਇਸ ਬਾਰੇ ਜਾਣੂ ਹੋਣਾ ਚਾਹੀਦਾ ਹੈ।
  ਇਸ ਬਾਰੇ ਜਾਣਕਾਰੀ ਦੀ ਘਾਟ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਹਨਾਂ ਏਆਈ ਬਾਰੇ ਡਰ ਨੂੰ ਬੇਬੁਨਿਆਦ ਦੱਸਿਆ।  ਉਨਾਂ ਦੱਸਿਆ ਕਿ ਏਆਈ ਨੂੰ ਮਨੁੱਖ ਤੋਂ ਅੱਗੇ ਜਾਣ ਲਈ ਅਜੇ ਇੱਕ ਸਦੀ ਹੋਰ ਲੱਗ ਸਕਦੀ ਹੈ। ਚਰਚਾ ਦੇ ਸਿਖਰ ’ਤੇ ਹਾਜ਼ਰ ਲੇਖਕਾਂ ਨੇ ਇਸ ਵਿਸ਼ੇ ਬਾਰੇ ਦੀਪ ਜਗਦੀਪ ਤੋਂ ਗੰਭੀਰ ਅਤੇ ਤਿੱਖੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਨ੍ਹਾਂ ਸਹਿਜਤਾ ਨਾਲ ਦਿੱਤੇ। ਇਸ ਵਿਚਾਰ ਚਰਚਾ ਨੇ ਸਾਹਿਤ ਜਗਤ ਵਿੱਚ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ।
ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਬਲਵੰਤ ਮਾਂਗਟ ਦੇ ਮਨੁੱਖੀ ਚੇਤਨਾ ਨਾਲ ਸਬੰਧਿਤ ਲੇਖ ‘ਨੇਤਿ ਨੇਤਿ ਮੈਂ’ ਨਾਲ ਹੋਈ । ਜਿਸ ’ਤੇ ਬਹੁਤ ਨਿੱਠ ਕੇ ਚਰਚਾ ਹੋਈ। ਇਸ ਤੋਂ ਬਾਅਦ ਇੰਦਰਜੀਤ ਸਿੰਘ ਨੇ ਗ਼ਜ਼ਲ ‘ ਕਿਸੇ ਰੋਜ਼ ਦਾ ਮੈਂ ਪ੍ਰਾਹੁਣਾ ਏ ‘ , ਕਰਨੈਲ ਸਿਵੀਆਂ ਨੇ ਕਵਿਤਾ ‘ਨਵੇਂ ਬੂਟੇ ਲਾਈਏ’  , ਕੰਵਲਜੀਤ ਨੀਲੋਂ ਨੇ ਗੀਤ ‘ਉਹ ਜੋ ਕਿਧਰੇ ਦੂਰ ਗਏ’, ਸਰਦਾਰ ਪੰਛੀ ਨੇ ਗ਼ਜ਼ਲ ‘ਰੇਸ਼ਮੀ ਕਪੜੋਂ ਮੇ ਲਿਪਟੀ ਕੁਛ ਕਿਤਾਬੇਂ ਡਸ ਗਈ’,  ਤਰਨ ਰਾਮਪੁਰ ਨੇ ਕਵਿਤਾ ‘ਤੇਰੀ ਯਾਦ ਸਤਾਉਂਦੀ ਹੈ’ ,  ਵਿਸ਼ਵਿੰਦਰ ਰਾਮਪੁਰ ਨੇ ਕਾਵਿਤਾ ‘ਤਪੀ ਧਰਤੀ ਤਪੇ ਅੰਬਰ’,  ਜ਼ੋਰਾਵਰ ਪੰਛੀ ਨੇ ਗ਼ਜ਼ਲ ‘ਸਹਿਮਿਆ ਖ਼ਾਮੋਸ਼ ਹੈ ਹਰ ਸ਼ਖ਼ਸ ਮੇਰੇ ਸ਼ਹਿਰ ਦਾ’,  ਹਰਬੰਸ ਮਾਲਵਾ ਨੇ ਗੀਤ ‘ਹੋ ਰਿਹਾ ਕੁਝ ਹੋਰ ਤੇ ਮੈਂ ਕੁਝ ਹੋਰ ਕਰਨਾ ਸੀ’ ,  ਗੁਰਦਿਆਲ ਦਲਾਲ ਨੇ ਗਜ਼ਲ ‘ਬਚਪਨ ਅਤੇ ਜਵਾਨੀ ਵਾਲੀ ਬੁੱਢੇ ਵੇਲੇ ਮਸਤੀ ਕਿੱਥੇ’ ਸੁਣਾਈ l
ਮੀਟਿੰਗ ਵਿੱਚ ਸੁਰਿੰਦਰ ਰਾਮਪੁਰੀ, ਗੁਰਦੀਪ ਮਾਹੌਣ, ਕੁਲਦੀਪ ਸਿੰਘ , ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਪੁੜੈਣ , ਅਮਰਿੰਦਰ ਸੋਹਲ, ਪ੍ਰਭਜੋਤ ਰਾਮਪੁਰ, ਸੁਖਜੀਵਨ ਰਾਮਪੁਰ, ਗੁਰਭਗਤ, ਪੰਮੀ ਹਬੀਬ, ਡਾ. ਟਹਿਲ ਸਿੰਘ ਜੱਸਲ ਅਤੇ ਪ੍ਰੀਤ ਸਿੰਘ ਸੰਦਲ ਨੇ ਸਰੋਤਿਆਂ ਦੇ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪਹਿਲੀ ਵਾਰ ਆਏ ਬਲਵਿੰਦਰ ਸਿੰਘ ਪੂੜੈਣ, ਇੰਦਰਜੀਤ ਸਿੰਘ ਤੇ ਹਰਜਿੰਦਰ ਸਿੰਘ ਦਾ ਸਭਾ ਵਲੋਂ ਸਵਾਗਤ ਕੀਤਾ ਗਿਆ । ਇਸ  ਦੌਰਾਨ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਆਪਣੀ ਨਵੀਂ ਆਈ ਕਿਤਾਬ, ‘ਕਿਸੇ ਬਹਾਨੇ’ ਅਤੇ ਸਭਾ ਦੇ ਸੀਨੀਅਰ ਮੈਂਬਰ ਗੁਰਦਿਆਲ ਦਲਾਲ ਨੇ ਆਪਣੀ ਨਵੀਂ ਕਿਤਾਬ, ‘ਜਲ ਭਰਮ ਤੋਂ ਵਾਪਸੀ’ ਸਭਾ ਨੂੰ ਭੇਂਟ ਕੀਤੀ। ਅੰਤ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ  ਕੀਤਾ। ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਦੁਆਰਾ ਬਹੁਤ ਭਾਵਪੂਰਨ ਤਰੀਕੇ ਨਾਲ ਨਿਭਾਈ ਗਈ। ਸਭਾ ਦੀ ਕਾਰਵਾਈ ਦੌਰਾਨ ਪ੍ਰਬੰਧਕੀ ਕੰਮਾਂ ਨੂੰ ਪ੍ਰਭਜੋਤ ਰਾਮਪੁਰ, ਤਰਨ ਰਾਮਪੁਰ, ਗੁਰਦੀਪ ਮਹੌਣ ਅਤੇ ਸਭਾ ਦੀ  ਸਕੱਤਰ ਨੀਤੂ ਰਾਮਪੁਰ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ।

Leave a Reply

Your email address will not be published.


*