August 17, 2026

Justice News

ਅਵਾਮ ਦੀ ਆਵਾਜ਼

ਪੁਲਿਸ ਵੱਲੋਂ ਅੰਤਰਰਾਜੀ ਸੰਗਠਿਤ ਅਪਰਾਧ ਦਾ ਪਰਦਾਫਾਸ਼, ਸਰਗਨੇ ਸਮੇਤ ਪੰਜ ਦੋਸ਼ੀ ਦੋ ਪਿਸਤੌਲਾਂ ਸਣੇ ਕਾਬੂ

ਅੰਮ੍ਰਿਤਸਰ, (ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖਰੜ ਦੇ ਇੱਕ ਫ਼ਲੈਟ ਤੋਂ ਇੱਕ ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਦੇ ਸਰਗਨੇ ਨੂੰ ਉਸਦੇ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਡੀਕੇਟ ਦੇ ਸਰਗਨੇ ਦੀ ਪਛਾਣ ਅੰਮ੍ਰਿਤਸਰ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਜੈ ਸ਼ਰਮਾ ਉਰਫ਼ ਸੁੱਖਾ ਪਿਸਤੌਲ ਅੰਬਰਸਰੀਆ ਵੱਜੋਂ ਹੋਈ ਹੈ, ਜਦਕਿ ਚਾਰ ਮੈਂਬਰਾਂ ਦੀ ਪਛਾਣ ਅੰਮ੍ਰਿਤਸਰ ਦੀ ਸੰਧੂ ਕਾਲੋਨੀ ਦੇ ਨਿਖਿਲ ਸ਼ਰਮਾ ਉਰਫ਼ ਲਾਲਾ, ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਮੋਨੀ, ਅਰਪਿਤ ਠਾਕੁਰ ਅਤੇ ਕਰਨ ਸ਼ਰਮਾ ਦੋਵੇਂ ਵਾਸੀ ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਬਿਲਾਸਪੁਰ ਸ੍ਰੀ ਨੈਣਾ ਦੇਵੀ, ਵੱਜੋਂ ਹੋਈ ਹੈ। ਦੋਸ਼ੀ ਸੁੱਖਾ ਪਿਸਤੌਲ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਜਿਸ ਦੇ ਖਿਲਾਫ਼ ਅਸਲਾ ਐਕਟ, ਲੁੱਟ-ਖੋਹ ਅਤੇ ਚੋਰੀਂ ਦੇ ਸੱਤ ਮਾਮਲੇ ਦਰਜ ਹਨ।
ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਦੋ .32 ਬੋਰ ਦੇ ਪਿਸਤੌਲ ਸਮੇਤ ਤਿੰਨ ਮੈਗਜ਼ੀਨ ਅਤੇ ਅੱਠ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਸੁੱਖਾ ਪਿਸਤੌਲ ਵੱਲੋਂ ਆਪਣੇ ਸਾਥੀਆਂ ਸਮੇਤ ਮੱਧ ਪ੍ਰਦੇਸ਼ ਦੇ ਖੰਡਵਾ ਵਿਖੇ ਨਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖਤ ਕਰਨ ਜਾਣ ਸਬੰਧੀ ਮਿਲੀ ਭਰੋਸੇਯੋਗ ਸੂਚਨਾ ਤੋਂ ਬਾਅਦ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀਆਂ ਟੀਮਾਂ ਨੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੋਂ ਵਾਪਸ ਆਉਣ ‘ਤੇ ਪੁਲਿਸ ਟੀਮਾਂ ਨੇ ਖਰੜ ਵਿੱਚ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾ ਲਗਾਇਆ।
ਡੀਜੀਪੀ ਨੇ ਕਿਹਾ, “ਇਸ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਏਡੀਸੀਪੀ ਸਿਟੀ-2 ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਇੱਕ ਫਲੈਟ ‘ਤੇ ਛਾਪੇਮਾਰੀ ਕੀਤੀ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲਾਂ ਸਮੇਤ ਅਸਲਾ ਬਰਾਮਦ ਕਰ ਲਿਆ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਰੋਧੀ ਗਰੋਹ ਦੇ ਮੈਂਬਰਾਂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ‘ਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਨਵੀਂ ਸ਼ਾਮਲ ਕੀਤੀ ਧਾਰਾ 111 (ਸੰਗਠਿਤ ਅਪਰਾਧ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਅਪਰਾਧਿਕ ਗਰੋਹ ਚੋਰੀਂ, ਲੁੱਟ-ਖੋਹ ਅਤੇ ਹਥਿਆਰਾਂ ਦੀ ਤੱਸਕਰੀ ਸਮੇਤ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਇਸ ਮੋਡਿਊਲ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਐਮਪੀ-ਅਧਾਰਤ ਹਥਿਆਰਾਂ ਦੇ ਤਸਕਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਦੀ ਉਮੀਦ ਹੈ।
ਇਸ ਸਬੰਧੀ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿਖੇ ਐਫਆਈਆਰ ਨੰ. 118 ਮਿਤੀ 7/7/2024 ਨੂੰ ਬੀ.ਐਨ.ਐਸ. ਦੀ ਧਾਰਾ 111 ਅਤੇ ਅਸਲਾ ਐਕਟ ਦੀ ਧਾਰਾ 25(7) ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.