ਮੋਗਾ ਵਿਖੇ ਸਥਾਪਤ ਹੋਈ ਸੂਬੇ ਦੀ ਪਹਿਲੀ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸ਼ਾਲਾ

ਮੋਗਾ,  ( Gurjeet sandhu) – ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਨਾਲ ਨੀਤੀ ਆਯੋਗ ਵੱਲੋਂ ਮਿਲੀ ਗਰਾਂਟ ਦੇ ਨਾਲ ਮੋਗਾ ਵਿਖੇ ਪੰਜਾਬ ਦਾ ਪਹਿਲਾ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਇਹ ਪ੍ਰੋਜੈਕਟ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਪਲਾਂਟ ਕਲੀਨਿਕ ਦਾ ਉਦਘਾਟਨ ਸ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਮਿਤੀ 8 ਜੁਲਾਈ, 2024 ਨੂੰ ਦੁੱਨੇਕੇ ਵਿਖੇ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪਲਾਂਟ ਕਲੀਨਿਕ ਵਿੱਚ ਆਈ ਸੀ ਪੀ – ਓ ਈ ਐਸ (ICP-OES) ਮਸ਼ੀਨ ਜੋ ਕਿ ਅਮਰੀਕਾ ਦੀ ਬਣੀ ਹੋਈ ਹੈ, ਸਥਾਪਿਤ ਕਰਨ ਤੋਂ ਇਲਾਵਾ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਲਾਈਵ ਸੈਂਪਲ, ਡਿਜੀਟਲ ਮਾਈਕਰੋਸਕੋਪ, ਡਬਲ ਡਿਸਟਿਲਡ ਵਾਟਰ ਮਸ਼ੀਨ ਆਦਿ ਹੋਣਗੇ। ਇਹ ਆਧੁਨਿਕ ਮਸ਼ੀਨ ਜ਼ਮੀਨ ਵਿੱਚ ਮੌਜੂਦ ਸਾਰੇ ਤੱਤਾਂ ਦਾ ਅਧਿਐਨ ਕਰਨ ਦੀ ਸਮਰੱਥਾ ਰੱਖਦੀ ਹੈ। ਜ਼ਮੀਨੀ ਤੱਤਾਂ ਤੋਂ ਇਲਾਵਾ ਜ਼ਮੀਨ ਦੀ ਗੁਣਵੱਤਾ (pH value, EC value etc.) ਆਦਿ ਦੀ ਰਿਪੋਰਟ ਵੀ ਦੇਵੇਗੀ। ਜਿਸ ਨਾਲ ਬੇਲੋੜੀਆਂ ਖਾਦਾਂ, ਸਪਰੇਆਂ ਦੀ ਵਰਤੋਂ ਕਰਨ ਤੋਂ ਬਚਿਆ ਜਾ ਸਕੇਗਾ ਸਿੱਟੇ ਵਜੋਂ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਨੀਤੀ ਆਯੋਗ ਰਾਹੀਂ ਪ੍ਰਾਪਤ ਰਾਸ਼ੀ ਤੋਂ ਕਿਸਾਨਾਂ ਦੀ ਸਹੂਲਤ ਲਈ ਮੋਗਾ ਜ਼ਿਲ੍ਹੇ ਨੂੰ ਅਵਾਰਡ ਦੇ ਤੌਰ ਤੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨੀ ਨੂੰ ਮੌਜੂਦਾ ਸਮੇਂ ਦੀ ਹਾਣੀ ਬਨਾਉਣ ਲਈ ਜਿੱਥੇ ਆਧੁਨਿਕ ਤਕਨੀਕੀ ਗਿਆਨ ਦਾ ਹੋਣਾ ਜਰੂਰੀ ਹੈ।ਉੱਥੇ ਜ਼ਮੀਨ ਵਿੱਚ ਖੁਰਾਕੀ ਤੱਤਾਂ ਦੇ ਅਧਿਐਨ ਦਾ ਹੋਣਾ ਵੀ ਅਤਿ ਜ਼ਰੂਰੀ ਹੈ।ਜ਼ਮੀਨ ਦੀ ਭੌਤਿਕ ਤੇ ਰਸਾਇਣਕ ਗੁਣਵੱਤਾ ਦਾ ਪਤਾ ਹੋਣ ਦੇ ਨਾਲ-ਨਾਲ ਜਮੀਨ ਵਿੱਚ ਮੌਜੂਦ ਸਾਰੇ ਤੱਤਾਂ ਦੀ ਜਾਣਕਾਰੀ ਹਾਸਲ ਕਰਕੇ ਸੰਤੁਲਿਤ ਖਾਦਾਂ ਤੇ ਲੋੜੀਂਦੀਆਂ ਸਪਰੇਆਂ ਦੀ ਵਰਤੋਂ ਕਰਕੇ ਕਿਸਾਨ ਦੀ ਆਰਥਿਕਤਾ ਨੂੰ ਉੱਚਾ ਚੁੱਕਿਆ ਜਾ ਸਕੇ।

ਮੁੱਖ ਖੇਤੀਬਾੜੀ ਅਫ਼ਸਰ ਸ੍ਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਹੋਇਆ ਇਹ ਪਲਾਂਟ ਕਲੀਨਿਕ ਅਤੇ ਅਤਿ ਆਧੁਨਿਕ ਭੌ ਪਰਖ ਪ੍ਰਯੋਗਸ਼ਾਲਾ ਵਿੱਚ 1 ਘੰਟੇ ਵਿੱਚ 30 ਤੋਂ ਵੱਧ ਮਿੱਟੀ ਦੇ ਨਮੂਨੇ ਪਰਖ ਕੀਤੇ ਜਾ ਸਕਣਗੇ।ਇਹ ਨਮੂਨੇ ਕਿਸਾਨਾਂ ਲਈ ਮੁਫਤ ਟੈਸਟ ਕੀਤੇ ਜਾਇਆ ਕਰਨਗੇ।ਇਸ ਆਧੁਨਿਕ ਤਕਨੀਕ ਨਾਲ ਮਸ਼ੀਨ ਰਾਹੀਂ ਜਮੀਨ ਵਿਚਲੇ ਸਾਰੇ ਤੱਤਾਂ ਦਾ ਅਧਿਐਨ ਕਰਕੇ ਕਿਸਾਨਾਂ ਨੂੰ ਠੀਕ ਉਸੇ ਤਰ੍ਹਾਂ ਹੀ ਸਲਾਹ ਦਿੱਤੀ ਜਾਵੇਗੀ ਜਿਵੇਂ ਕਿ ਮਨੁੱਖੀ ਮਰੀਜ਼ਾਂ ਦੀ ਬਲੱਡ ਰਿਪੋਰਟ ਅਤੇ ਐਕਸ-ਰੇ ਆਦਿ ਦੇਖ ਕੇ ਇੱਕ ਚੰਗਾ ਡਾਕਟਰ ਸਲਾਹ ਦਿੰਦਾ ਹੈ।

ਇਸ ਕਲੀਨਿਕ ਵਿੱਚ ਕਿਸਾਨਾਂ ਲਈ ਇਹ ਸੁਵਿਧਾ ਵੀ ਹੋਵੇਗੀ ਕਿ ਕਿਸਾਨ ਆਪਣੇ ਖੇਤਾਂ ਵਿਚੋਂ ਫਸਲਾਂ ਦੇ ਬਿਮਾਰ ਬੂਟਿਆਂ ਨੂੰ ਜੜ੍ਹੋਂ ਪੁੱਟ ਕੇ, ਇਸ ਕਲੀਨਿਕ ਵਿੱਚ ਅਧਿਐਨ ਲਈ ਲਿਆ ਸਕਦੇ ਹਨ।ਕਲੀਨਿਕ ਵਿੱਚ ਮੌਜੂਦ ਪਲਾਂਟ ਡਾਕਟਰ ਬਿਮਾਰ ਬੂਟਿਆਂ ਦੇ ਅਧਿਐਨ ਕਰਕੇ ਆਪਣੀ ਸਲਾਹ ਕਿਸਾਨ ਨੂੰ ਦੇਣਗੇ।

Leave a Reply

Your email address will not be published.


*