ਕਿਵੇਂ ਗਾਇਬ ਹੋਏ ਬਾਵੇ –  ਡੇਰੇ ?

ਲਗਭਗ ਇਕ ਸਦੀ ਪਹਿਲਾਂ ਪੰਜਾਬ ਦੇ ਹੱਰ ਪਿੰਡ/ ਕਸਬੇ ਵਿਚ ਬਾਵਾ -ਡੇਰਾ ਪਵਿੱਤਰ ਅਸਥਾਨ ਵਜੋਂ ਜਾਣਿਆ ਜਾਂਦਾ ਸੀ।ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਧਨ ਨਾ ਮਾਤਰ ਹੋਣ ਕਾਰਨ ਭੋਲੇ ਭਾਲੇ ਲੋਕ ਬੇਹੱਦ ਗਰੀਬ ਤੇ ਅੰਧਵਿਸ਼ਵਾਸੀ ਅਤੇ ਵੱਖ ਵੱਖ ਜਾਤਾਂ ਬਰਾਦਰੀਆਂ ਵਿਚ ਵੰਡੇ ਹੋਏ ਸਨ ।ਖੇਤੀ ਕਰ ਕੇ ਦੂਸਰਿਆਂ ਦੇ ਪੇਟ ਭਰਨ ਵਾਲਿਆਂ ਨੂੰ ਜੱਟ – ਜੀਮੀਦਾਰ ਦਾ ਉਚਾ ਸਤਿਕਾਰ ਵਾਲਾ ਰੁਤਬਾ  ਦਿੱਤਾ ਗਿਆ ਸੀ ਅਤੇ ਬਾਕੀ ਹੋਰ ਕਿੱਤੇ ਕਰਨ ਵਾਲਿਆਂ ਨੂੰ ਕੰਮੀ ਜਾਂ ਲਾਗੀ – ਦੋਗੀ ਦੇ ਤੌਰ ਤੇ ਜਾਣੇ ਜਾਂਦੇ ਸਨ। ਉਸ ਸਮੇਂ ਖੇਤ ਬਰਾਨੀ , ਕੱਚੇ ਟੇਢੇ – ਮੇਢੇ  ਰਸਤੇ , ਗਲੀਆਂ ਕੱਚੀਆਂ, ਘਰਾਂ ਦੀਆਂ ਕੰਧਾਂ ਕਚੀਆਂ ਤੇ ਕੋਠਿਆਂ ਦੀਆਂ ਛੱਤਾਂ ਕੱਖ -ਫੂਸ ਦੀਆਂ ਦੀਆਂ ਹੁੰਦੀਆਂ ਸਨ। ਪਿੰਡ ਦੇ ਸੱਭ ਤੋਂ ਨੀਵੇਂ ਥਾਂ ਤੇ ਮੀਹ ਦੇ ਇਕੱਠੇ ਹੋਏ ਪਾਣੀ ਦਾ ਛੱਪੜ ਕਿਹਾ ਜਾਂਦਾ ਸੀ, ਜਿਸ ਚੋਂ ਸੱਭ ਲੋਕ ਪਾਣੀ ਦੀ ਵਰਤੋਂ ਕਰ ਕੇ ਆਪਣੀਆਂ ਘਰੇਲੂ ਅਤੇ ਡੰਗਰਾਂ ਦੀਆਂ ਲੋੜਾ ਪੂਰੀਆਂ ਕਰਦੇ ਸਨ। ਪਿੰਡ ਦੇ ਵਿਚਕਾਰ ਖੁੱਲੇ ਮੈਦਾਨ ਵਿਚ ਛਾਂ ਦਾਰ ਰੁਖ ਹੇਠ  ਗਰਮੀਆਂ -ਸਰਦੀਆਂ ਤੇ ਦੁਪਹਿਰ ਨੂੰ ਆਮ ਲੋਕਾਂ ਦੇ ਆਰਾਮ ਕਰਨ ਤੇ ਗੱਪਾਂ ਛੱਪਾ ਮਾਰਨ ਵਾਲੇ ਖੁਲੇ ਥਾਂ ਨੂੰ ਸੱਥ ਕਿਹਾ ਜਾਂਦਾ ਸੀ।ਇਸ ਤੋਂ ਇਲਾਵਾ ਹਰੇਕ ਪਿੰਡ ਵਿਚ  ਇੱਕ ਬਾਵੇ ਦਾ ਡੇਰਾ ਹੁੰਦਾ ਸੀ ,ਜਿਸ ਵਿਚ ਇਕ ਰਿਸ਼ਟਪੁਸ਼ਟ ਹਿੰਦੀ ਵਿਚ ਗਲਬਾਤ ਕਰਨ ਵਾਲਾ ਪੰਜਾਬ ਤੋਂ ਬਾਹਰ ਦਾ ਛਾਤਰ ਬਾਵਾ ਆਪਣੇ ਇਕ ਦੋ ਚੇਲਿਆਂ ਨਾਲ ਰਹਿੰਦਾ ਸੀ। ਸਾਰੇ ਪਿੰਡ ਨਿਵਾਸੀ ਪੂਰੀ ਸ਼ਰਧਾ ਨਾਲ ਇਸ ਡੇਰੇ ਨੂੰ ਧਾਰਮਿਕ ਅਸਥਾਨ ਸਮਝ ਕੇ ਪੂਜਦੇ ਸਨ ਅਤੇ ਏਥੇ ਬਾਵਾ ਦਿਨ ਰਾਤ ਲਗਾਤਾਰ ਧੂਣਾ ਧੁਖਾਈ ਰਖਦਾ ਸੀ। ਧੂਣੇ ਦੀ ਰਾਖ ਨੂੰ ਭੋਲੇ ਭਾਲੇ ਲੋਕ ਆਪਣੇ ਦੁਖਾਂ ਦੀ ਨਵਿਰਤੀ ਲਈ ਸੰਜੀਵਨੀ ਬੂਟੀ ਸਮਝਦੇ ਸਨ। ਚਲਾਕ ਬਾਵਾ ਲੋਕਾਂ ਨੂੰ ਧਾਰਮਿਕ ਹਸਤੀ ਦਾ ਭੁਲੇਖਾ ਪੈਂਦਾ ਕਰਨ ਲਈ ਖੱਟੇ ਰੰਗ ਦਾ ਚੋਲਾ ਪਹਿਨਦਾ , ਖੁਲੇ ਵਾਲ (ਬਾਵਰੀਆਂ),ਖੁਲੀ ਦਾਹੜੀ ਰਖਦਾ ,ਪੈਰੀਂ ਖੜਾਵਾਂ ਪਹਿਨਦਾ ਸੀ । ਉਹ ਹੱਰ ਰੋਜ ਸਵੇਰ -‌ ਸ਼ਾਮ ਹੱਰ ਸਵੇਰ ਤੇ ਸ਼ਾਮ ਨੂੰ ਗੜਵਾ ਅਤੇ ਡੋਲੀ ਲੈ ਕੇ ਦਾਲ – ਰੋਟੀ ਤੇ ਦੁਧ ਲੱਸੀ ਆਦਿ ਦੀ ਘਰ – ਘਰ ਜਾ ਕੇ ਗ਼ਜ਼ਾ ਕਰਦਾ ਸੀ ਅਤੇ ਉਸ ਦੇ ਜੀਵਨ ਦੀਆਂ ਹੋਰ ਲੋੜਾਂ ਪਿੰਡ ਵਾਸੀ ਮੁਫ਼ਤ ਵਿੱਚ ਖ਼ੁਸ਼ ਹੋ ਕੇ ਪੂਰੀਆਂ ਕਰਦੇ ਸਨ।ਬਾਵੇ ਨੂੰ ਪਿੰਡ ਦੀ ਸਤਿਕਾਰਯੋਗ ਹਸਤੀ ਸਮਝ ਕੇ ਲੋਕ ਹੱਰ  ਦੁਖ ਸੁਖ ਵਿਚ ਬਾਵੇ ਦੀ ਸਲਾਹ ਲੈਂਦੇ , ਪਤੀ ਪਤਨੀ,ਸੱਸ ਨੋਂਹ, ਧੀਆਂ ਪੁੱਤਰ, ਰਿਸ਼ਤੇਦਾਰਾਂ ਅਤੇ ਆਂਡ ਗੁਆਂਢ ਦੇ ਝਗੜੇ ਕਲੇਸ਼ ਆਦਿ ਲਈ ਬਾਵਾ ਪੀੜਤਾਂ ਨੂੰ ਮੰਤਰ ਪੜ੍ਹਨ ਦਾ ਦਿਖਾਵਾ ਕਰ ਕੇ ਧੂਣੇ ਦੀ ਰਾਖ ਮਸਲੇ ਦੇ ਪੱਕੇ ਹੱਲ ਲਈ ਦੇ ਦਿੰਦਾ ਸੀ। ਨਿੱਕੀ ਤੋਂ ਲੈਕੇ ਵੱਡੀ ਤੋਂ ਵੱਡੀ ਬੀਮਾਰੀ, ਲਵੇਰੇ ਡੰਗਰਾਂ ਵਲੋਂ ਦੁਧ ਨਾ ਦੇਣਾ,ਘਰ ਵਿੱਚ ਭੂਤ ਪ੍ਰੇਤ ਦੇ ਵਹਿਮਾਂ ਭਰਮਾਂ ਲਈ ਵੀ ਬਾਵਾ ਧੂਣੇ ਦੀ ਰਾਖ ਦਿੰਦਾ ਸੀ। ਬਾਵਾ ਪੀੜਤਾਂ ਨੂੰ ਇਹ ਰਾਖ ਪਾਣੀ ਵਿਚ ਘੋਲ ਕੇ ਪੀਣ ਤੇ ਘੱਰ ਵਿਚ ਛਿਟਾ ਦੇਣ ਦੀ ਹਦਾਇਤ ਕਰਦਾ ਸੀ।ਕੱਈ ਛੋਟੇ ਮੋਟੇ ਮਸਲੇ ਸਮਾਂ ਬੀਤਣ ਤੇ ਆਪਣੇ ਆਪ ਹੱਲ ਹੋ ਜਾਣ ਕਾਰਨ ਬਾਵੇ ਦੀ ਲੋਕਾਂ ਵਿਚ ਪੂਰੀ ਠੁਕ ਬਣੀ ਰਹਿੰਦੀ ਸੀ ਅਤੇ ਉਸ ਦਾ ਪੂਰੀ ਸ਼ਾਨ ਸ਼ੌਕਤ ਨਾਲ ਨਸ਼ਾ ਪੱਤਾ ਤੇ ਤੋਰੀ ਫੁਲਕਾ ਚਲਦਾ ਰਹਿੰਦਾ ਸੀ। ਕੱਈ ਵਾਰ ਇਹਨਾਂ ਪਖੰਡੀ ਬਾਵਿਆਂ ਦੀਆਂ ਕਾਲੀਆਂ ਕਰਤੂਤਾਂ ਖਬਰਾਂ ਵੀ ਸਾਹਮਣੇ ਆਉਦੀਆਂ ਰਹਿਦੀਆਂ ਸਨ।ਬਾਵੇ ਡੇਰਿਆਂ ਦਾ ਸਿਲਸਲਾ  ਲੰਬਾ ਸਮਾਂ ਨਿਰੰਤਰ ਚਲਦੇ ਰਹਿਣ ਪਿੱਛੋਂ ਨਵੀਆਂ ਪੀੜੀਆਂ ਦੇ ਪੱੜ੍ਹ ਲਿਖ ਕੇ ਜਾਗਰੂਕ ਹੋਣ ਨਾਲ ਮਸਾਂ ਸਮਾਪਤ ਹੋਇਆ ਹੈ। ਅੱਜ ਕੱਲ੍ਹ ਵਿਕਾਸ ਦੇ ਯੁੱਗ ਵਿਚ ਡੇਰਿਆਂ ਵਾਲੀਆਂ ਜ਼ਮੀਨਾਂ ਤੇ ਸਕੂਲ, ਹਸਪਤਾਲ, ਪੰਚਾਇਤ ਘਰ ਅਤੇ ਜੰਜ ਘਰਾਂ ਦੀਆਂ ਉਸਾਰੀਆਂ ਹੋਣ ਕਾਰਨ ਬਾਵੇ ਡੇਰੇ ਅਲੋਪ ਹੋ ਚੁਕੇ ਹਨ। ਪ੍ਰੰਤੂ ਪੰਜਾਬ ਦੇ ਪੇਂਡੂ ਵਿਰਸੇ ਦੇ ਇਤਿਹਾਸ ਵਿਚ ਬਾਵੇ ਡੇਰੇ ਦੀ ਯਾਦ ਸਦਾ ਕਾਇਮ ਰਹੇਗੀ।
ਗੁਰਦੇਵ ਸਿੰਘ ਪੀ ਆਰ ਓ
9888378393

Leave a Reply

Your email address will not be published.


*