ਲਹਿਰਾਗਾਗਾ;::::::::::: ਅੱਜ ਇੱਥੇ ਬਲਾਕ ਲਹਿਰਾਗਾਗਾ ਦੀਆਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਨੇ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਕਲਮਛੋੜ ਹੜਤਾਲ ਕਰਦਿਆਂ ਸੂਬਾ ਸਰਕਾਰ ਤੇ ਸਿਹਤ ਕਾਰਪੋਰੇਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਰਕਰਾਂ ਦੀਆਂ ਆਗੂਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਮੰਗ ਕਰ ਰਹੀਆਂ ਸਨ ਕਿ ਪੰਜਾਬ ਸਰਕਾਰ ਵਰਕਰਾਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਤੋਂ 65 ਸਾਲ ਕੀਤੀ ਜਾਵੇ, ਸੇਵਾਮੁਕਤੀ ’ਤੇ ਘੱਟੋ-ਘੱਟ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇ, ਸੇਵਾਮੁਕਤੀ ਉਪਰੰਤ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ਼ ਹੋਰ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ।
ਜਥੇਬੰਦੀ ਦੀ ਬਲਾਕ ਪ੍ਰਧਾਨ ਬਲਵਿੰਦਰ ਕੌਰ ਕਾਲਵੰਜਾਰਾ ਨੇ ਸਰਕਾਰੀ ਹਸਪਤਾਲ ਲਹਿਰਾ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਆਪ’ ਸਰਕਾਰ ਮਾਣਭੱਤਾ ਵਰਕਰਾਂ ਸਮੇਤ ਮੁਲਾਜ਼ਮਾਂ ਦੀ ਸੰਘੀ ਨੱਪਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀ 58 ਸਾਲ ਦੀਆਂ ਵਰਕਰਾਂ ਨੂੰ ਸੇਵਾ-ਮੁਕਤ ਕਰਕੇ ਖਾਲੀ ਹੱਥ ਘਰਾਂ ਨੂੰ ਤੋਰਨ ਦੇ ਹੁਕਮ ਜਾਰੀ ਕਰ ਰਹੇ ਹਨ ਜਿਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਹੜਤਾਲੀ ਵਰਕਰਾਂ ਕੁਲਵਿੰਦਰ ਕੌਰ, ਰਾਣੀ ਕੌਰ, ਸੁਖਜੀਤ ਕੌਰ, ਕਰਮਜੀਤ ਕੌਰ, ਦਲਵੀਰ ਕੌਰ, ਅਮਨਾ ਰਾਣੀ, ਪਰਮਜੀਤ ਕੌਰ ਅਤੇ ਵੀਰਪਾਲ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਹੁਣ ਆਪਣੇ ਦਾਅਵੇ ਅਤੇ ਵਾਅਦਿਆਂ ਤੋਂ ਭੱਜਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਉਨ੍ਹਾਂ ਦੀਆਂ ਮੰਗਾਂ ਵੱਲ ਕੰਨ ਨਾ ਕੀਤਾ ਤਾਂ ਸਾਂਝਾ ਮੋਰਚਾ ਜਲੰਧਰ ਜ਼ਿਮਨੀ ਚੋਣ ਵਾਲੇ ਹਲਕੇ ਵਿੱਚ ਆਪ ਦਾ ਵਿਰੋਧ ਕਰਨ ਤੋਂ ਪਿੱਛੇ ਨਹੀਂ ਹਟੇਗਾ। ਪੰਜਾਬ ਸਰਕਾਰ ਖਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ।
Leave a Reply