ਰੈਡ ਕਰਾਸ ਨੇ ਮੀਰਾਂਕੋਟ ਚੋਂਕ ਵਿੱਚ ਸੜ੍ਹੇ ਖੋਖਿਆਂ ਲਈ ਮੁਆਵਜਾ ਰਾਸ਼ੀ ਵੰਡੀ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਜੋ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਪ੍ਰਧਾਨ ਵੀ ਹਨ ਦੀ ਅਗਵਾਈ ਹੇਠ ਅੱਜ ਰੈਡ ਕਰਾਸ ਨੇ ਬੀਤੀ ਦਿਨੀਂ ਮੀਰਾਂਕੋਟ ਚੌਂਕ ਵਿੱਚ ਅੱਗ ਲੱਗਣ ਕਾਰਨ ਸੜ੍ਹ ਗਏ 6 ਖੋਖਿਆਂ ਦੇ ਮਾਲਕਾਂ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਦਿੱਤੇ। ਇਸ ਮੌਕੇ ਡੀਸੀ ਘਨਸ਼ਾਮ ਥੋਰੀ ਨੇ ਪੀੜ੍ਹਤ ਪਰਿਵਾਰਾਂ ਦੇ ਮੁੱਖੀਆਂ ਜਿਨਾਂ ਵਿੱਚ ਸੁਨੀਤਾ ਦੇਵੀ, ਸਾਜਨ ਰਾਏ, ਮੁੰਨਾ ਦੇਵੀ, ਕਿਸ਼ਨ ਵਿਸਵਾਸ਼, ਨੰਨੇ ਲਾਲ ਅਤੇ ਰਸ਼ਿਦਾ ਖਾਤੂਨ ਸ਼ਾਮਿਲ ਸੀ ਨੂੰ ਇਹ ਚੈਕ ਸੌਂਪੇ। ਉਨਾਂ ਇਸ ਮੌਕੇ ਹੋਈ ਘਟਨਾ ਲਈ ਅਫ਼ਸੋਸ ਜਾਹਿਰ ਕਰਦੇ ਕਿਹਾ ਕਿ ਰੈਡ ਕਰਾਸ ਨੇ ਹਮੇਸ਼ਾਂ ਲੋੜਵੰਦਾਂ ਦੀ ਬਾਂਹ ਫੜ੍ਹੀ ਹੈ ਅਤੇ ਅੱਜ ਵੀ ਅੰਮ੍ਰਿਤਸਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੈਨੂੰ ਇਨਾਂ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਕਰਕੇ ਅਥਾਹ ਸੁਕੂਨ ਮਿਲਿਆ ਹੈ। ਉਨਾਂ ਦੱਸਿਆ ਕਿ ਇਨਾਂ ਪਰਿਵਾਰਾਂ ਦੇ ਮੁੱਖੀ ਮੀਰਾਂਕੋਟ ਚੌਂਕ ਵਿੱਚ ਵੱਖ-ਵੱਖ ਤਰ੍ਹਾਂ ਦੇ ਖੋਖੇ ਲਗਾ ਕੇ ਆਪਣਾ ਪਰਿਵਾਰ ਪਾਲ ਰਹੇ ਸਨ ਕਿ 13 ਜੂਨ ਦੀ ਰਾਤ ਨੂੰ ਅੱਗ ਲੱਗਣ ਕਾਰਨ 6 ਖੋਖੇ ਪੂਰੀ ਤਰ੍ਹਾਂ ਸੜ੍ਹ ਗਏ। ਉਨਾਂ ਦੱਸਿਆ ਕਿ ਰੈਡ ਕਰਾਸ ਨੇ ਆਪਣੀ ਜਾਂਚ ਵਿੱਚ ਮਹਿਸੂਸ ਕੀਤਾ ਕਿ ਇਨਾਂ ਪਰਿਵਾਰਾਂ ਦੀ ਰੋਜੀ-ਰੋਟੀ ਦਾ ਸਾਧਨ ਇਹ ਖੋਖੇ ਹੀ ਸਨ। ਜਾਂਚ ਦੌਰਾਨ ਪਤਾ ਲਗਾ ਕਿ ਇਕ ਖੋਖੇ ਉਤੇ 10 ਤੋਂ 15 ਹਜ਼ਾਰ ਰੁਪਏ ਖਰਚ ਹੋਇਆ ਸੀ ਸੋ ਰੈਡ ਕਰਾਸ ਨੇ ਇਨਾਂ 6 ਲੋਕਾਂ ਨੂੰ ਮੁਆਵਜਾ ਦੇ ਕੇ ਅਗਾਂਹ ਕੰਮ ਕਰ ਸਕਣ ਲਈ ਸਹਾਇਤਾ ਕੀਤੀ ਹੈ।
ਇਸ ਮੌਕੇ ਸੈਕਟਰੀ ਰੈਡ ਕਰਾਸ ਸੈਮਸਨ ਮਸੀਹ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਥੋਰੀ ਨੇ ਅਖ਼ਬਾਰ ਵਿੱਚ ਲੱਗੀ ਖ਼ਬਰ ਪੜ੍ਹ ਕੇ ਸਾਨੂੰ ਇਸ ਕੇਸ ਦੀ ਜਾਂਚ ਲਈ ਡਿਊਟੀ ਲਗਾਈ ਸੀ। ਜਿੱਥੋਂ ਸੱਚ ਪਤਾ ਲੱਗਣ ਉੱਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਸਾਰੀ ਜਾਣਕਾਰੀ ਦਿੱਤੀ ਤਾਂ ਉਨਾਂ ਨੇ ਤੁਰੰਤ ਰੈਡ ਕਰਾਸ ਵੱਲੋਂ ਮੁਆਵਜ਼ਾ ਦੇਣ ਦੀ ਹਦਾਇਤ ਕਰ ਦਿੱਤੀ।

Leave a Reply

Your email address will not be published.


*