ਪਸ਼ੂਆਂ ਦੇ ਸਿਹਤ ਬੀਮੇ ਉੱਪਰ ਮਿਲ ਰਹੀ 50 ਤੋਂ 70 ਫੀਸਦੀ ਸਬਸਿਡੀ

ਮੋਗਾ, ( Manpreet singh)
ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਮੂੰਹ ਖੁਰ, ਲੰਪੀ ਸਕਿਨ, ਗਲਘੋਟੂ ਆਦਿ ਕਾਰਨ ਕਈ ਵਾਰ ਪਸੂਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ, ਭਾਵੇਂ ਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਟੀਕਾਕਰਨ ਕੀਤਾ ਜਾਂਦਾ ਹੈ, ਪਰ ਫਿਰ ਵੀ ਸਰਕਾਰ ਵੱਲੋਂ ਪਸੂਧਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਰਾਸ਼ਟਰੀ ਪਸ਼ੂਧਨ ਮਿਸ਼ਨ ਸਕੀਮ ਅਧੀਨ, ਪਸ਼ੂਆਂ (ਮੱਝਾਂ ਗਾਵਾਂ) ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ। ਇਸ ਬੀਮੇ ਦੀ ਰਾਸ਼ੀ ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਫੀਸਦੀ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੇ। ਇਹ ਸਕੀਮ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਾਂਝੀ ਸਕੀਮ ਹੈ। ਇਹ ਸਕੀਮ ਪ੍ਰਤੀ ਪਰਿਵਾਰ 1 ਤੋਂ 5 ਪਸ਼ੂਆਂ ਤੱਕ ਉਪਲੱਬਧ ਹੈ, ਜਿਸ ਵਿੱਚ ਪਸ਼ੂ ਦੀ ਵੱਧ ਤੋਂ ਵੱਧ ਕੀਮਤ 70 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਕੀਮ ਅਧੀਨ ਐਸ.ਸੀ., ਐਸ.ਟੀ. ਲਾਭਪਾਤਰੀਆਂ ਦੇ ਪਸ਼ੂਆਂ ਦਾ 672 ਰੁਪਏ ਵਿੱਚ ਅਤੇ ਜਨਰਲ ਲਾਭਪਾਤਰੀਆਂ ਦੇ ਪਸ਼ੂਆਂ ਦਾ 1120 ਰੁਪਏ ਵਿੱਚ ਇੱਕ ਸਾਲ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ। ਇਸ ਰਾਸ਼ੀ ਵਿੱਚ ਜਨਰਲ ਵਰਗ ਲਈ 50 ਫੀਸਦੀ ਅਤੇ ਐਸ.ਸੀ., ਐਸ.ਟੀ.ਵਰਗ ਲਈ 70 ਫੀਸਦੀ ਸਬਸਿਡੀ ਕੱਟ ਕੇ ਹੀ ਦੁੱਧ ਉਤਪਾਦਕ ਵੱਲੋਂ ਇਹ ਰਾਸ਼ੀ ਦਿੱਤੀ ਜਾਣੀ ਹੈ। ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਲੈ ਸਕਦਾ ਹੈ।ਇਸ ਤੋਂ ਇਲਾਵਾ ਸਿੱਧੇ ਤੌਰ ਤੇ ਡੇਅਰੀ ਕਿੱਤਾ ਕਰਨ ਵਾਲੇ ਕਿਸਾਨ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਨਿਰਵੈਰ ਸਿੰਘ ਬਰਾੜ ਨੇ ਜ਼ਿਲ੍ਹੇ ਦੇ ਸਮੂਹ ਦੁੱਧ ਉਤਪਾਦਕਾਂ ਨੁੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਐਟ ਗਿੱਲ ਵਿਖੇ ਦਫ਼ਤਰੀ ਸਮੇਂ ਦੌਰਾਨ ਜਾਂ 6280637373 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.


*